1853 'ਚ ਸਥਾਪਿਤ ਭਾਰਤੀ ਰੇਲਵੇ 1 ਕਰੋੜ 40 ਲੱਖ ਮੁਲਾਜ਼ਮਾਂ ਨਾਲ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਭਾਰਤੀ ਰੇਲਾਂ ਰੋਜ਼ਾਨਾ 2.5 ਕਰੋੜ ਮੁਸਾਫਿਰ ਅਤੇ ਲੱਗਭਗ 30 ਲੱਖ ਟਨ ਮਾਲ ਢੋਂਦੀਆਂ ਹਨ। ਹਾਲਾਂਕਿ ਮੋਦੀ ਸਰਕਾਰ ਦੇਸ਼ 'ਚ ਬੁਲੇਟ ਟਰੇਨਾਂ ਚਲਾਉਣ ਦੀ ਯੋਜਨਾ ਤਾਂ ਬਣਾ ਰਹੀ ਹੈ ਪਰ ਉਨ੍ਹਾਂ ਪੁਲਾਂ, ਰੇਲ ਪੱਟੜੀਆਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਸੁਧਾਰਨ ਤੇ ਰੇਲ ਫਾਟਕਾਂ ਨੂੰ ਖਤਮ ਕਰਨ ਵੱਲ ਇਸ ਦਾ ਧਿਆਨ ਨਹੀਂ ਹੈ, ਜਿਥੋਂ ਲੰਘ ਕੇ ਇਨ੍ਹਾਂ ਰੇਲ ਗੱਡੀਆਂ ਨੇ ਜਾਣਾ ਹੈ। ਬੁਨਿਆਦੀ ਢਾਂਚੇ ਦੀ ਇਸੇ ਖਸਤਾ ਹਾਲਤ ਕਾਰਨ ਦੇਸ਼ 'ਚ ਲਗਾਤਾਰ ਰੇਲ ਹਾਦਸੇ ਹੋ ਰਹੇ ਹਨ।
21 ਅਗਸਤ ਨੂੰ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਵੀ ਭਾਰਤੀ ਰੇਲਾਂ ਦੀ ਤੁਲਨਾ ਹਸਪਤਾਲ ਦੇ ਆਈ. ਸੀ. ਯੂ. 'ਚ ਪਏ ਰੋਗੀ ਨਾਲ ਕੀਤੀ ਅਤੇ ਕਿਹਾ, ''ਭਾਰਤੀ ਰੇਲਵੇ ਦੀ ਤੁਲਨਾ ਹਮੇਸ਼ਾ ਚੀਨੀ ਰੇਲਵੇ ਨਾਲ ਕੀਤੀ ਜਾਂਦੀ ਹੈ ਪਰ ਉਥੋਂ ਤਕ ਪਹੁੰਚਣ ਲਈ ਵੱਡੇ ਪੱਧਰ 'ਤੇ ਨਿਵੇਸ਼ ਚਾਹੀਦਾ ਹੈ। ਵਰ੍ਹਿਆਂ ਦੀ ਅਣਦੇਖੀ ਤੇ ਨਿਵੇਸ਼ ਦੀ ਘਾਟ ਕਾਰਨ ਇਨ੍ਹਾਂ ਦੀ ਇਹ ਦੁਰਦਸ਼ਾ ਹੋਈ ਹੈ। ਆਈ. ਸੀ. ਯੂ. 'ਚ ਪਏ ਰੋਗੀ ਤੋਂ ਚੀਨੀ ਰੇਲਵੇ ਸਾਹਮਣੇ ਮੈਰਾਥਨ ਦੌੜਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਅਸੀਂ ਜ਼ੀਰੋ ਤੋਂ ਆਪਣੀ ਦੌੜ ਸ਼ੁਰੂ ਕਰ ਰਹੇ ਹਾਂ।''
''ਰੇਲਵੇ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਗਈ। ਇਸ ਲਈ ਇਸ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਦੇਖਦਿਆਂ ਪੈਸੰਜਰ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਦੀ ਗਿਣਤੀ ਨਹੀਂ ਵਧਾਈ ਜਾ ਸਕਦੀ ਤੇ ਉਨ੍ਹਾਂ ਗਲਤੀਆਂ ਨੂੰ ਸੁਧਾਰਨ ਲਈ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਕਾਰਨ ਰੇਲਵੇ ਦੀ ਇਹ ਦੁਰਦਸ਼ਾ ਹੋਈ ਹੈ ਪਰ ਇਨ੍ਹਾਂ ਯਤਨਾਂ ਦੇ ਨਤੀਜੇ ਆਉਣ 'ਚ ਅਜੇ ਸਮਾਂ ਲੱਗੇਗਾ।''
ਰੇਲਵੇ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ ਸ਼੍ਰੀ ਪ੍ਰਭੂ ਦੀਆਂ ਉਕਤ ਗੱਲਾਂ ਬਿਲਕੁਲ ਸਹੀ ਲੱਗਦੀਆਂ ਹਨ। ਦੇਸ਼ 'ਚ ਲੱਗਭਗ 35000 ਤੋਂ ਜ਼ਿਆਦਾ ਰੇਲਵੇ ਪੁਲ 100 ਵਰ੍ਹਿਆਂ ਤੋਂ ਵੀ ਜ਼ਿਆਦਾ ਪੁਰਾਣੇ ਅਤੇ ਖਸਤਾ ਹਾਲਤ 'ਚ ਹਨ। ਇਨ੍ਹਾਂ 'ਚੋਂ ਬਹੁਤ ਘੱਟ ਪੁਲਾਂ ਦੀ ਹੀ ਹਰ ਸਾਲ ਮੁਰੰਮਤ ਕੀਤੀ ਜਾਂਦੀ ਹੈ ਜਾਂ ਉਨ੍ਹਾਂ 'ਚ ਸੁਧਾਰ ਕੀਤਾ ਜਾਂਦਾ ਹੈ। ਬੀਤੀ 4 ਅਗਸਤ ਨੂੰ ਮੱਧ ਪ੍ਰਦੇਸ਼ ਦੇ ਹਰਦਾ 'ਚ ਹੋਏ 2 ਰੇਲ ਹਾਦਸੇ ਵੀ ਪੁਲਾਂ ਦੀ ਖਸਤਾ ਹਾਲਤ ਦਾ ਹੀ ਨਤੀਜਾ ਮੰਨੇ ਜਾ ਰਹੇ ਹਨ।
ਖਸਤਾਹਾਲ ਪੁਲਾਂ ਵਾਂਗ ਹੀ ਮੁਲਾਜ਼ਮ-ਰਹਿਤ ਅਤੇ ਮੁਲਾਜ਼ਮਾਂ ਦੀ ਮੌਜੂਦਗੀ ਵਾਲੇ ਫਾਟਕ ਵੀ ਵੱਡੀ ਗਿਣਤੀ 'ਚ ਰੇਲ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਸਾਲ ਅਪ੍ਰੈਲ ਤੋਂ ਬਾਅਦ 4 ਮਹੀਨਿਆਂ 'ਚ ਮੁਲਾਜ਼ਮ-ਰਹਿਤ ਰੇਲ ਫਾਟਕਾਂ 'ਤੇ ਲੱਗਭਗ 18 ਅਤੇ ਮੁਲਾਜ਼ਮਾਂ ਦੀ ਮੌਜੂਦਗੀ ਵਾਲੇ ਰੇਲ ਫਾਟਕਾਂ 'ਤੇ 3 ਰੇਲ ਹਾਦਸੇ ਵਾਪਰ ਚੁੱਕੇ ਹਨ।
ਤਾਜ਼ਾ ਹਾਦਸਾ ਬੀਤੀ 24 ਅਗਸਤ ਨੂੰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ 'ਚ ਹੋਇਆ, ਜਦੋਂ ਫਾਟਕ ਤੋੜ ਕੇ ਸਾਮਾਨ ਨਾਲ ਲੱਦੇ ਇਕ ਤੇਜ਼ ਰਫਤਾਰ ਟਰੱਕ ਨੇ ਉਥੋਂ ਲੰਘ ਰਹੀ ਬੈਂਗਲੁਰੂ-ਨਾਂਦੇੜ ਐਕਸਪ੍ਰੈੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਕਾਂਗਰਸੀ ਵਿਧਾਇਕ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 24 ਜ਼ਖ਼ਮੀ ਹੋ ਗਏ। ਇਹ ਟੱਕਰ ਇੰਨੀ ਭਿਆਨਕ ਸੀ ਕਿ ਰੇਲ ਗੱਡੀ ਦੇ ਚਾਰ ਡੱਬੇ ਪੱਟੜੀ ਤੋਂ ਉਤਰ ਗਏ ਅਤੇ ਵਿਧਾਇਕ ਤੇ ਟਰੱਕ ਡਰਾਈਵਰ ਦੇ ਸਿਰ ਧੜ ਨਾਲੋਂ ਵੱਖ ਹੋ ਕੇ 300 ਮੀਟਰ ਦੂਰ ਜਾ ਡਿਗੇ।
ਹਾਲਾਂਕਿ ਰੇਲਵੇ ਪ੍ਰਸ਼ਾਸਨ ਨੇ ਇਸ ਹਾਦਸੇ ਲਈ ਟਰੱਕ ਦੇ ਡਰਾਈਵਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਹੈ ਕਿ ਉਸ ਨੇ ਬੰਦ ਫਾਟਕ ਨੂੰ ਤੋੜ ਕੇ ਗੱਡੀ ਨੂੰ ਟੱਕਰ ਮਾਰੀ ਪਰ ਰੇਲਵੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਦੇਸ਼ 'ਚ ਵੱਡੀ ਗਿਣਤੀ ਵਿਚ ਰੇਲ ਹਾਦਸੇ ਰੇਲ ਫਾਟਕਾਂ 'ਤੇ ਹੁੰਦੇ ਹਨ, ਜੋ ਰੇਲਵੇ ਵਲੋਂ 'ਰੋਡ ਓਵਰ' ਅਤੇ 'ਰੋਡ ਅੰਡਰ' ਪੁਲਾਂ ਦੀ ਉਸਾਰੀ 'ਚ ਦੇਰੀ ਦਾ ਨਤੀਜਾ ਹਨ।
ਦੇਸ਼ 'ਚ 29,487 ਰੇਲ ਫਾਟਕ ਹਨ, ਜਿਨ੍ਹਾਂ 'ਚੋਂ 10440 ਮੁਲਾਜ਼ਮ-ਰਹਿਤ ਹਨ। ਸੰਨ 2008 ਤੋਂ 2015 ਤਕ 7 ਸਾਲਾਂ 'ਚ ਭਾਰਤੀ ਰੇਲਵੇ ਮੁਲਾਜ਼ਮਾਂ ਦੀ ਮੌਜੂਦਗੀ ਵਾਲੇ ਸਿਰਫ 1344 ਅਤੇ ਮੁਲਾਜ਼ਮ-ਰਹਿਤ 7650 ਫਾਟਕਾਂ ਨੂੰ ਹੀ ਖਤਮ ਕਰ ਸਕੀ ਹੈ। 2015-16 'ਚ ਰੇਲਵੇ ਨੇ 820 ਮੁਲਾਜ਼ਮ-ਰਹਿਤ ਤੇ 205 ਮੁਲਾਜ਼ਮਾਂ ਦੀ ਮੌਜੂਦਗੀ ਵਾਲੇ ਫਾਟਕਾਂ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ।
ਪਿਛਲੇ 5 ਸਾਲਾਂ 'ਚ ਭਾਰਤੀ ਰੇਲਵੇ ਨੇ ਹਰ ਸਾਲ ਔਸਤਨ 1000 ਰੇਲ ਫਾਟਕਾਂ ਨੂੰ ਖਤਮ ਕੀਤਾ ਹੈ ਤੇ ਇਸ ਰਫਤਾਰ ਨਾਲ ਉਕਤ 29487 ਰੇਲ ਫਾਟਕਾਂ ਨੂੰ ਖਤਮ ਕਰਨ 'ਚ ਇਸ ਨੂੰ ਲੱਗਭਗ 30 ਸਾਲ ਲੱਗ ਜਾਣਗੇ।
ਭਾਰਤੀ ਰੇਲਵੇ ਸਿਰਫ ਖਸਤਾਹਾਲ ਪੁਲਾਂ ਤੇ ਰੇਲ ਫਾਟਕਾਂ ਦੀ ਸਮੱਸਿਆ ਨਾਲ ਹੀ ਨਹੀਂ ਜੂਝ ਰਹੀ ਸਗੋਂ ਇਸ ਦੀਆਂ ਘੱਟੋ-ਘੱਟ 357 ਯੋਜਨਾਵਾਂ ਵੀ ਲਟਕੀਆਂ ਹੋਈਆਂ ਹਨ। ਇਸ ਲਈ ਰੇਲ ਮੰਤਰਾਲਾ ਜੇ ਨਵੀਆਂ ਤੇਜ਼ ਰਫਤਾਰ ਗੱਡੀਆਂ ਚਲਾਉਣ ਤੋਂ ਪਹਿਲਾਂ ਇਸ ਸਮੇਂ ਚੱਲ ਰਹੀਆਂ ਸੇਵਾਵਾਂ 'ਚ ਸੁਧਾਰ ਅਤੇ ਲਟਕ ਰਹੀਆਂ ਯੋਜਨਾਵਾਂ ਪੂਰੀਆਂ ਕਰਨ ਤੋਂ ਇਲਾਵਾ ਖਸਤਾਹਾਲ ਰੇਲ ਪੁਲਾਂ ਦੀ ਮੁੜ ਉਸਾਰੀ ਤੇ ਰੇਲ ਫਾਟਕਾਂ ਨੂੰ ਖਤਮ ਕਰ ਸਕੇ ਤਾਂ ਬਿਹਤਰ ਹੋਵੇਗਾ।
- ਵਿਜੇ ਕੁਮਾਰ
ਪਿਆਜ਼ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਲੋਕਾਂ ਨੂੰ ਰੁਆਉਣ ਲੱਗੀਆਂ
NEXT STORY