12 ਅਕਤੂਬਰ ਤੋਂ 5 ਪੜਾਵਾਂ 'ਚ ਹੋਣ ਜਾ ਰਹੀਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਪਹਿਲੇ ਤੇ ਦੂਜੇ ਪੜਾਅ ਦੀਆਂ ਵੋਟਾਂ ਪੈਣ 'ਚ ਹੁਣ ਕੁਝ ਹੀ ਦਿਨ ਰਹਿ ਗਏ ਹਨ ਅਤੇ ਇਨ੍ਹਾਂ ਚੋਣਾਂ ਦੇ ਸੰਬੰਧ 'ਚ ਕਈ ਦਿਲਚਸਪ ਗੱਲਾਂ ਸਾਹਮਣੇ ਆ ਰਹੀਆਂ ਹਨ :
* ਰਾਜਧਾਨੀ ਪਟਨਾ ਅਤੇ ਹੋਰਨਾਂ ਸ਼ਹਿਰਾਂ 'ਚ ਨਰਿੰਦਰ ਮੋਦੀ, ਨਿਤੀਸ਼ ਕੁਮਾਰ, ਲਾਲੂ ਯਾਦਵ, ਸੋਨੀਆ ਗਾਂਧੀ ਤੇ ਹੋਰਨਾਂ ਨੇਤਾਵਾਂ ਦੇ ਮੁਖੌਟੇ ਧੜਾਧੜ ਵਿਕ ਰਹੇ ਹਨ। ਸਿਰਫ 100 ਰੁਪਏ ਖਰਚ ਕਰਕੇ ਕੋਈ ਵੀ ਆਦਮੀ ਇਨ੍ਹਾਂ ਵਰਗਾ ਚਿਹਰਾ ਬਣਾ ਸਕਦਾ ਹੈ।
* ਹੁਣ ਗਿਣੀਆਂ-ਚੁਣੀਆਂ ਪਾਰਟੀਆਂ ਅਤੇ ਗਿਣੇ-ਚੁਣੇ ਚੋਣ ਨਿਸ਼ਾਨਾਂ ਦਾ ਜ਼ਮਾਨਾ ਨਹੀਂ ਰਿਹਾ। ਚੋਣ ਕਮਿਸ਼ਨ ਨੇ 56 ਪਾਰਟੀਆਂ ਨੂੰ ਰਜਿਸਟਰਡ ਕੀਤਾ ਹੈ ਤੇ ਕੁਝ ਪਾਰਟੀਆਂ ਨੂੰ ਕਾਫੀ ਦਿਲਚਸਪ ਚੋਣ ਨਿਸ਼ਾਨ ਮਿਲੇ ਹਨ, ਜਿਨ੍ਹਾਂ 'ਚ ਗੈਸ ਸਿਲੰਡਰ, ਪ੍ਰੈਸ਼ਰ ਕੁੱਕਰ, ਆਟੋ ਰਿਕਸ਼ਾ, ਸਟੋਵ, ਲੈਟਰ ਬਾਕਸ, ਬੋਤਲ, ਹਰਮੋਨੀਅਮ ਆਦਿ ਸ਼ਾਮਿਲ ਹਨ।
* ਨੁੱਕੜ ਨਾਟਕਾਂ 'ਚ ਵੱਖ-ਵੱਖ ਤਰ੍ਹਾਂ ਦੇ ਨਾਅਰਿਆਂ ਨਾਲ ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਰੰਗਮੰਚ ਕਲਾਕਾਰਾਂ ਦੀ ਮੰਗ ਵੀ ਬਹੁਤ ਵਧੀ ਹੋਈ ਹੈ, ਜੋ ਰੋਜ਼ਾਨਾ ਹਜ਼ਾਰਾਂ ਰੁਪਏ ਕਮਾ ਰਹੇ ਹਨ।
ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਇਹ ਕਲਾਕਾਰ ਕਿਸੇ ਪਾਰਟੀ ਦਾ ਦਿੱਤਾ ਹੋਇਆ ਡਾਇਲਾਗ ਬੋਲਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਲੋਕਾਂ ਨੂੰ ਸਮਝਾਉਣਾ ਪੈਂਦਾ ਹੈ ਕਿ ''ਭਾਈ ਅਸੀਂ ਤਾਂ ਨਾਟਕ ਵਾਲੇ ਹਾਂ।''
* ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੀ ਅਗਵਾਈ ਵਾਲੇ ਮਹਾਗੱਠਜੋੜ ਨੇ ਰਾਜਗ ਵਿਰੁੱਧ ਪ੍ਰਚਾਰ ਲਈ 10 ਮਿੰਟਾਂ ਦੀ ਇਕ ਫਿਲਮ ਬਣਾਈ ਹੈ, ਜਿਸ 'ਚ ਨਰਿੰਦਰ ਮੋਦੀ ਦੀ ਸਰਕਾਰ ਦੇ ਉਨ੍ਹਾਂ ਵਾਅਦਿਆਂ ਦੀ ਪੋਲ ਖੋਲ੍ਹੀ ਗਈ ਹੈ, ਜਿਹੜੇ ਉਨ੍ਹਾਂ ਨੇ ਪੂਰੇ ਨਹੀਂ ਕੀਤੇ।
* ਲਾਲੂ ਯਾਦਵ ਦੇ ਬੇਟਿਆਂ ਤੇਜਸਵੀ ਅਤੇ ਤੇਜਪ੍ਰਤਾਪ ਯਾਦਵ ਦਾ ਹੱਥ ਸਿੱਖਿਆ ਦੇ ਮਾਮਲੇ 'ਚ ਦੂਜੇ ਵੱਡੇ ਨੇਤਾਵਾਂ ਦੇ ਬੇਟਿਆਂ ਦੇ ਮੁਕਾਬਲੇ ਕਾਫੀ ਤੰਗ ਹੈ। ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਮੁਤਾਬਕ ਤੇਜਸਵੀ 9ਵੀਂ ਜਮਾਤ ਪਾਸ ਹੈ ਤੇ ਉਸ ਨੇ ਕਾਲਜ ਦਾ ਮੂੰਹ ਤਕ ਨਹੀਂ ਦੇਖਿਆ ਤਾਂ ਤੇਜਪ੍ਰਤਾਪ ਵੀ 12ਵੀਂ ਜਮਾਤ ਤਕ ਹੀ ਪੜ੍ਹਿਆ ਹੈ।
ਇਨ੍ਹਾਂ ਦੇ ਮੁਕਾਬਲੇ ਜੀਤਨ ਰਾਮ ਮਾਂਝੀ ਦਾ ਬੇਟਾ ਸੰਤੋਸ਼ ਕੁਮਾਰ ਸੁਮਨ ਪੀ. ਐੱਚ. ਡੀ. ਹੈ। ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ ਭਤੀਜਾ ਅਤੇ ਸੰਸਦ ਮੈਂਬਰ ਰਾਮਚੰਦਰ ਪਾਸਵਾਨ ਦਾ ਬੇਟਾ ਪ੍ਰਿੰਸ ਰਾਜ ਲੰਡਨ ਤੋਂ ਐੱਮ. ਐੱਸ. ਸੀ. ਹੈ ਅਤੇ ਭਾਜਪਾ ਐੱਮ. ਪੀ. ਅਸ਼ਵਨੀ ਚੌਬੇ ਦੇ ਬੇਟੇ ਅਰਜਿਤ ਸ਼ਾਸ਼ਵਤ ਨੇ ਆਸਟ੍ਰੇਲੀਆ ਤੋਂ ਐੱਮ. ਬੀ. ਏ. ਕੀਤੀ ਹੋਈ ਹੈ।
* ਪੜ੍ਹਾਈ ਦੇ ਮਾਮਲੇ 'ਚ ਤੇਜਸਵੀ ਬੇਸ਼ੱਕ ਹੀ ਪਿੱਛੇ ਰਹਿ ਗਿਆ ਹੋਵੇ, ਜਾਇਦਾਦ ਦੇ ਮਾਮਲੇ 'ਚ ਉਹ ਇਨ੍ਹਾਂ ਸਾਰਿਆਂ ਤੋਂ ਅੱਗੇ ਹੈ। ਉਸ ਕੋਲ ਇਕ ਕਰੋੜ 40 ਲੱਖ ਰੁਪਏ ਤੋਂ ਜ਼ਿਆਦਾ ਦੀ ਚੱਲ ਅਤੇ 92 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ।
ਤੇਜਪ੍ਰਤਾਪ ਸਿੰਘ ਕੋਲ ਇਕ ਕਰੋੜ 12 ਲੱਖ ਰੁਪਏ ਦੀ ਚੱਲ ਤੇ 17 ਲੱਖ ਰੁਪਏ ਦੀ ਅਚੱਲ ਜਾਇਦਾਦ ਹੈ। ਉਸ ਕੋਲ 29 ਲੱਖ ਰੁਪਏ ਦੀ ਬੀ. ਐੱਮ. ਡਬਲਯੂ. ਕਾਰ, ਸਾਢੇ 15 ਲੱਖ ਰੁਪਏ ਦੀ ਬਾਈਕ ਤੇ 85 ਹਜ਼ਾਰ ਰੁਪਏ ਦਾ ਲੈਪਟਾਪ ਹੈ। ਉਸ ਨੇ ਸਟੇਟ ਬੈਂਕ ਤੋਂ 18 ਲੱਖ 54 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੋਇਆ ਹੈ। ਸੰਤੋਸ਼ ਕੁਮਾਰ ਸੁਮਨ ਕੋਲ ਸਭ ਤੋਂ ਜ਼ਿਆਦਾ ਅਚੱਲ ਜਾਇਦਾਦ (2 ਕਰੋੜ 40 ਲੱਖ ਰੁਪਏ) ਹੈ।
* ਕਈ ਉਮੀਦਵਾਰ ਕਰੋੜਪਤੀ ਹਨ ਪਰ ਕੁਝ ਉਮੀਦਵਾਰਾਂ ਦੀਆਂ ਪਤਨੀਆਂ ਉਨ੍ਹਾਂ ਤੋਂ ਵੀ ਅਮੀਰ ਹਨ। ਤਾਰਾਪੁਰ ਤੋਂ 'ਹਮ' ਦੇ ਉਮੀਦਵਾਰ ਸ਼ਕੁਨੀ ਚੌਧਰੀ ਦੀ ਜਾਇਦਾਦ 68.19 ਲੱਖ ਰੁਪਏ ਹੈ ਪਰ ਉਸ ਦੀ ਪਤਨੀ ਪਾਰਵਤੀ ਦੇਵੀ ਦੀ ਜਾਇਦਾਦ 1.57 ਕਰੋੜ ਰੁਪਏ ਹੈ।
ਪਰਬੱਤਾ ਤੋਂ ਜਨਤਾ ਦਲ (ਯੂ) ਦੇ ਉਮੀਦਵਾਰ ਰਾਮਾਨੰਦ ਸਿੰਘ ਵਲੋਂ ਐਲਾਨੀ ਕੁਲ ਜਾਇਦਾਦ 1.5 ਕਰੋੜ ਰੁਪਏ ਦੱਸੀ ਗਈ ਹੈ ਪਰ ਉਸ ਦੀ ਪਤਨੀ ਕੋਲ 3.57 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ ਅਚੱਲ ਜਾਇਦਾਦ ਹੈ।
* ਸੂਬੇ ਦੇ ਪਹਿਲੇ ਮੁੱਖ ਮੰਤਰੀ ਡਾ. ਕ੍ਰਿਸ਼ਨ ਸਿੰਘ ਦੀ ਚੌਥੀ ਪੀੜ੍ਹੀ ਚੋਣਾਂ ਲੜ ਰਹੀ ਹੈ। ਬਰਬੀਘਾ ਸੀਟ ਤੋਂ ਉਨ੍ਹਾਂ ਦਾ ਪੜਪੋਤਾ ਅਨਿਲ ਸ਼ੰਕਰ ਸਿਨ੍ਹਾ (ਰਾਕਾਂਪਾ) ਅਤੇ ਪੜਦੋਤਾ ਅੰਮ੍ਰਿਤਾਸ਼ਵ (ਆਜ਼ਾਦ) ਆਹਮੋ-ਸਾਹਮਣੇ ਮੈਦਾਨ 'ਚ ਹਨ।
ਅਮਰੀਕਾ ਦੇ ਇਕ ਥਿੰਕ ਟੈਂਕ ਅਨੁਸਾਰ ਇਹ ਚੋਣਾਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਦੂਜੇ ਪਾਸੇ ਨਿਤੀਸ਼ ਕੁਮਾਰ ਤੇ ਲਾਲੂ ਦੀ ਅਗਵਾਈ ਵਾਲੇ ਮਹਾਗੱਠਜੋੜ ਲਈ ਹੁਣ ਤਕ ਦਾ ਸਭ ਤੋਂ ਵੱਡਾ ਚੋਣ ਇਮਤਿਹਾਨ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਇਕ ਦੀ ਬੇੜੀ ਬੰਨੇ ਲੱਗ ਜਾਵੇਗੀ ਤੇ ਦੂਜੇ ਦੀ ਡੁੱਬ ਜਾਵੇਗੀ।
ਧਨਬਲੀਆਂ ਤੇ ਬਾਹੂਬਲੀਆਂ ਦੀ ਇਸ ਭੀੜ 'ਚ ਕੁਝ ਲੋਕ ਸਿਰਫ ਆਪਣੀ ਮਿਹਨਤ, ਲਗਨ ਤੇ ਲੋਕ ਸੇਵਾ ਦੇ ਪਿਛਲੇ ਰਿਕਾਰਡ ਦਾ ਦੀਵਾ ਜਗਾਈ ਬੈਠੇ ਹਨ। ਦੇਖਣਾ ਹੁਣ ਇਹ ਹੈ ਕਿ ਧਨਬਲ ਤੇ ਬਾਹੂਬਲ ਦੇ ਇਸ ਤੂਫਾਨ 'ਚ ਘੱਟ ਖੁਸ਼ਹਾਲ ਪਰ ਲਗਨ ਵਾਲੇ ਉਮੀਦਵਾਰਾਂ ਦੀ ਆਸ ਦਾ ਦੀਵਾ ਜਗਦਾ ਰਹੇਗਾ ਜਾਂ ਬੁਝ ਜਾਵੇਗਾ।
- ਵਿਜੇ ਕੁਮਾਰ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਦੇਸ਼ 'ਚ ਇਲਾਜ ਦੀ ਤਰਸਯੋਗ ਹਾਲਤ 11,000 ਰੋਗੀਆਂ 'ਤੇ 1 ਐਲੋਪੈਥਿਕ ਡਾਕਟਰ
NEXT STORY