ਉੱਤਰੀ ਕੋਰੀਆ 'ਤੇ ਅਮਰੀਕਾ ਅਤੇ ਮਿੱਤਰ ਦੇਸ਼ ਬੇਰਹਿਮੀ ਨਾਲ ਆਪਣੇ ਨਾਗਰਿਕਾਂ ਦਾ ਦਮਨ ਅਤੇ ਪ੍ਰਮਾਣੂ ਹਥਿਆਰਾਂ ਦਾ ਵਿਕਾਸ ਤੇ ਪ੍ਰੀਖਣ ਕਰਨ ਦੇ ਦੋਸ਼ ਲਾ ਰਹੇ ਹਨ। ਆਪਣੇ ਪ੍ਰਮਾਣੂ ਪ੍ਰੋਗਰਾਮ ਦੀ ਲੜੀ ਵਿਚ ਹੀ ਉੱਤਰੀ ਕੋਰੀਆ ਨੇ ਪਿਛਲੀ 3 ਸਤੰਬਰ ਨੂੰ ਆਪਣੇ 6ਵੇਂ ਪ੍ਰੀਖਣ 'ਚ ਹਾਈਡ੍ਰੋਜਨ ਬੰਬ ਦਾ ਧਮਾਕਾ ਕੀਤਾ, ਜੋ ਉਸ ਵਲੋਂ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਮੰਨਿਆ ਜਾਂਦਾ ਹੈ। ਇਹ ਹੀਰੋਸ਼ਿਮਾ 'ਤੇ ਸੁੱਟੇ ਗਏ ਬੰਬ ਨਾਲੋਂ 10 ਗੁਣਾ ਵੱਧ ਸ਼ਕਤੀਸ਼ਾਲੀ ਸੀ।
ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਦੇ ਹੁਣ ਤਕ ਦੇ 5 ਪ੍ਰੀਖਣਾਂ ਦੇ ਮੁਕਾਬਲੇ ਐਤਵਾਰ ਵਾਲਾ ਪ੍ਰੀਖਣ ਸਭ ਤੋਂ ਜ਼ਿਆਦਾ ਤਾਕਤਵਰ ਸੀ। ਇਸ ਹਾਈਡ੍ਰੋਜਨ ਬੰਬ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਜ਼ਰੀਏ ਦਾਗ਼ਿਆ ਜਾ ਸਕਦਾ ਹੈ, ਜਿਸ ਦੇ ਦਾਇਰੇ 'ਚ ਅਮਰੀਕਾ ਦੇ ਸ਼ਹਿਰ ਵੀ ਆਉਣਗੇ।
ਪਿਛਲੇ ਇਕ ਸਾਲ ਦੌਰਾਨ ਉੱਤਰੀ ਕੋਰੀਆ ਨੇ ਪ੍ਰਮਾਣੂ ਪ੍ਰੀਖਣਾਂ ਤੋਂ ਇਲਾਵਾ ਅਨੇਕ ਮਿਜ਼ਾਈਲਾਂ ਵੀ ਦਾਗ਼ੀਆਂ ਹਨ, ਜਿਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਉਹ ਮਿਜ਼ਾਈਲ ਵਿਕਸਿਤ ਕਰਨ ਦਾ ਟੀਚਾ ਹਾਸਿਲ ਕਰ ਚੁੱਕਾ ਹੈ।
ਉੱਤਰੀ ਕੋਰੀਆ ਦੀਆਂ ਅਜਿਹੀਆਂ ਮਾਨਵਘਾਤੀ ਕਾਰਵਾਈਆਂ ਕਾਰਨ ਉਸ ਨੂੰ 'ਦੁਸ਼ਟ ਦੇਸ਼' ਅਤੇ 'ਸਭ ਤੋਂ ਵੱਡਾ ਤੱਤਕਾਲੀ ਖਤਰਾ' ਵਰਗੇ ਨਾਵਾਂ ਨਾਲ ਸੱਦਿਆ ਜਾਣ ਲੱਗਾ ਹੈ ਅਤੇ ਉਸ ਦੀਆਂ ਇਨ੍ਹਾਂ ਹੀ ਹਰਕਤਾਂ ਕਾਰਨ ਸਮੁੱਚਾ ਵਿਸ਼ਵ ਉਸ ਤੋਂ ਖਤਰਾ ਮਹਿਸੂਸ ਕਰ ਰਿਹਾ ਹੈ।
ਇਸੇ ਦੌਰਾਨ ਜਿਥੇ ਟਰੰਪ ਦੀਆਂ ਧਮਕੀਆਂ ਤੇ ਚਿਤਾਵਨੀਆਂ ਤੋਂ ਬੇਪਰਵਾਹ ਉੱਤਰੀ ਕੋਰੀਆ ਨੇ ਇਲੈਕਟ੍ਰੋ ਮੈਗਨੈਟਿਕ ਪਲਸ (ਈ. ਐੱਮ. ਪੀ.) ਦੇ ਹਮਲੇ ਰਾਹੀਂ ਅਮਰੀਕਾ ਦੇ ਬਿਜਲੀ ਗਰਿੱਡ ਨੂੰ ਠੱਪ ਕਰ ਕੇ ਉਸ ਦੀ ਬਿਜਲੀ ਗੁੱਲ ਕਰਨ ਦੀ ਧਮਕੀ ਦੇ ਦਿੱਤੀ ਹੈ।
ਵਰਣਨਯੋਗ ਹੈ ਕਿ ਦੂਜੀ ਵਿਸ਼ਵ ਜੰਗ ਦੀ ਸਮਾਪਤੀ 'ਤੇ ਅਮਰੀਕਾ ਅਤੇ ਸੋਵੀਅਤਾਂ ਨੇ ਕੋਰੀਆ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਸੀ ਤੇ 1948 ਵਿਚ ਇਸ ਦੇਸ਼ ਦੀਆਂ 2 ਵੱਖ-ਵੱਖ ਸਰਕਾਰਾਂ ਬਣ ਗਈਆਂ ਅਤੇ ਏਕੀਕਰਨ ਦੀ ਵਾਰਤਾ ਅਸਫਲ ਰਹੀ।
1950-53 ਦੀ ਕੋਰੀਆਈ ਲੜਾਈ ਨੇ ਇਹ ਖੱਡ ਹੋਰ ਚੌੜੀ ਕਰ ਦਿੱਤੀ। ਉੱਤਰੀ ਕੋਰੀਆ ਦੇ ਪਹਿਲੇ ਨੇਤਾ ਕਿਮ ਇਲ ਸੁੰਗ ਸਨ, ਜੋ ਇਕ ਕਮਿਊਨਿਸਟ ਅਤੇ ਇਕ ਪਾਰਟੀ ਸ਼ਾਸਨ ਦੇ ਮੁਖੀ ਤੇ ਮੌਜੂਦਾ ਸ਼ਾਸਕ ਕਿਮ-ਜੋਂਗ-ਉਨ ਦੇ ਦਾਦਾ ਸਨ।
ਆਰਥਿਕ ਨਜ਼ਰੀਏ ਤੋਂ ਇਹ ਵਿਸ਼ਵ ਦੇ ਗਰੀਬ ਦੇਸ਼ਾਂ 'ਚੋਂ ਇਕ ਹੈ। ਇਸ ਦੀ ਅਰਥ ਵਿਵਸਥਾ ਸਰਕਾਰ ਵਲੋਂ ਕੰਟ੍ਰੋਲਡ ਹੈ। ਇਸ ਦੇ ਨਾਗਰਿਕਾਂ ਦੀ ਬਾਹਰੀ ਮੀਡੀਆ ਤਕ ਕੋਈ ਪਹੁੰਚ ਨਹੀਂ ਹੈ ਅਤੇ ਸਿਵਾਏ ਕੁਝ ਵਿਸ਼ੇਸ਼ ਸਹੂਲਤ ਪ੍ਰਾਪਤ ਲੋਕਾਂ ਦੇ ਇਥੋਂ ਦੇ ਲੋਕਾਂ ਨੂੰ ਦੇਸ਼ 'ਚੋਂ ਬਾਹਰ ਜਾਣ ਦੀ ਇਜਾਜ਼ਤ ਵੀ ਨਹੀਂ ਹੈ।
ਕੁਝ ਸਾਲ ਪਹਿਲਾਂ ਚੀਨ, ਰੂਸ, ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ ਵਿਚਾਲੇ ਹੋਈ ਵਾਰਤਾ ਨਾਲ ਸ਼ੁਰੂ 'ਚ ਕੁਝ ਆਸ ਬੱਝੀ ਸੀ ਅਤੇ ਪਿਓਂਗ ਯਾਂਗ ਨੇ ਸਹਾਇਤਾ ਤੇ ਸਿਆਸੀ ਰਿਆਇਤਾਂ ਦੇ ਬਦਲੇ ਆਪਣਾ ਪ੍ਰਮਾਣੂ ਪ੍ਰੋਗਰਾਮ ਤਿਆਗਣ ਦੀ ਗੱਲ ਕਹੀ ਸੀ, ਜਿਸ 'ਚ ਯੋਂਗਬਿਊਨ ਵਿਚ ਪਲੂਟੋਨੀਅਮ ਨਿਰਮਾਣ ਫੈਸਿਲਿਟੀ ਨੂੰ ਖਤਮ ਕਰਨਾ ਵੀ ਸ਼ਾਮਿਲ ਸੀ ਪਰ ਬਾਅਦ 'ਚ ਗੱਲ ਵਿਗੜ ਗਈ ਅਤੇ ਅਮਰੀਕਾ ਨੇ ਕੋਰੀਆ 'ਤੇ ਆਪਣੇ ਮੁਕੰਮਲ ਪ੍ਰਮਾਣੂ ਪ੍ਰੋਗਰਾਮ ਦਾ ਖੁਲਾਸਾ ਨਾ ਕਰਨ ਦਾ ਦੋਸ਼ ਲਾਇਆ।
ਇਸ ਤੋਂ ਪਿਓਂਗ ਯਾਂਗ ਨੇ ਇਨਕਾਰ ਕੀਤਾ ਤੇ ਬਾਅਦ 'ਚ ਪ੍ਰਮਾਣੂ ਪ੍ਰੀਖਣ ਕਰ ਦਿੱਤਾ। ਇਸ ਤਰ੍ਹਾਂ 2009 'ਚ ਉੱਤਰੀ ਕੋਰੀਆ ਦੇ ਨਾਲ ਕੋਈ ਸਾਰਥਕ ਗੱਲਬਾਤ ਨਹੀਂ ਹੋ ਸਕੀ ਹੈ ਅਤੇ ਨਾ ਹੀ ਇਸ ਸਮੇਂ ਉਹ ਗੱਲਬਾਤ ਕਰਨ ਦੇ ਮੂਡ 'ਚ ਹੈ।
ਇਸ ਪਿਛੋਕੜ 'ਚ ਜਿਥੇ ਡੋਨਾਲਡ ਟਰੰਪ ਉੱਤਰੀ ਕੋਰੀਆ 'ਤੇ ਜ਼ਿਆਦਾ ਸਖ਼ਤ ਪਾਬੰਦੀਆਂ ਲਾਉਣ ਬਾਰੇ ਸੋਚ ਰਹੇ ਹਨ, ਉਥੇ ਹੀ ਇਸ ਵਿਸ਼ੇ 'ਚ ਉਹ ਆਪਣੇ ਚੀਨੀ ਹਮਅਹੁਦਾ ਸ਼ੀ ਜਿਨਪਿੰਗ ਨਾਲ ਗੱਲ ਕਰਨ 'ਤੇ ਵੀ ਵਿਚਾਰ ਕਰ ਰਹੇ ਹਨ ਅਤੇ ਅਜੇ ਤਕ ਉਹ ਇਸ ਸਿਲਸਿਲੇ 'ਚ ਜਾਪਾਨ, ਦੱਖਣੀ ਕੋਰੀਆ ਤੇ ਜਰਮਨੀ ਦੇ ਰਾਸ਼ਟਰਪਤੀਆਂ ਨਾਲ ਚਰਚਾ ਕਰ ਵੀ ਚੁੱਕੇ ਹਨ।
ਇਸੇ ਦੌਰਾਨ ਸੰਯੁਕਤ ਰਾਸ਼ਟਰ ਵਾਂਗ ਕੁਝ ਦੇਸ਼ਾਂ ਨੇ ਪਹਿਲਾਂ ਹੀ ਉੱਤਰੀ ਕੋਰੀਆ 'ਤੇ ਕੁਝ ਪਾਬੰਦੀਆਂ ਲਾ ਕੇ ਉਸ ਦੇ ਹਥਿਆਰਾਂ ਦੇ ਪ੍ਰੋਗਰਾਮ ਤੇ ਵਿਦੇਸ਼ਾਂ ਵਿਚ ਕੰਮ ਕਰਨ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉੱਤਰੀ ਕੋਰੀਆ ਨੂੰ ਖੁਰਾਕ ਸਮੱਗਰੀ ਦੀ ਸਹਾਇਤਾ ਵਿਚ ਵੀ ਕਮੀ ਕੀਤੀ ਗਈ ਹੈ ਪਰ ਇਨ੍ਹਾਂ ਕਦਮਾਂ ਨਾਲ ਉੱਤਰੀ ਕੋਰੀਆ ਨੂੰ ਫੌਜੀ ਮੋਰਚੇ 'ਤੇ ਰੋਕਣ ਦੀਆਂ ਮਿੱਤਰ ਦੇਸ਼ਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ।
ਇਸ ਸੰਬੰਧ 'ਚ ਬੇਸ਼ੱਕ ਇਹ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਦਾ ਹੋਰਨਾਂ ਸਾਰੇ ਦੇਸ਼ਾਂ ਦੀ ਤੁਲਨਾ ਵਿਚ ਚੀਨ ਨਾਲ ਸਭ ਤੋਂ ਵੱਧ ਵਪਾਰ ਹੁੰਦਾ ਹੈ, ਜੋ ਕਿ ਇਸ ਦੇ ਕੁਲ ਵਪਾਰ ਦਾ 97 ਫੀਸਦੀ ਹੈ ਅਤੇ ਅਤੀਤ 'ਚ ਚੀਨੀ ਸ਼ਾਸਕਾਂ ਦੇ ਕੋਰੀਆ ਦੇ ਮੌਜੂਦਾ ਸ਼ਾਸਕ ਕਿਮ-ਜੋਂਗ-ਉਨ ਦੇ ਪਿਤਾ ਨਾਲ ਬਹੁਤ ਚੰਗੇ ਸੰਬੰਧ ਹੋਣ ਦੇ ਨਾਤੇ ਸਾਰੇ ਦੇਸ਼ਾਂ 'ਚੋਂ ਚੀਨ ਹੀ ਉੱਤਰੀ ਕੋਰੀਆ ਨੂੰ ਆਰਥਿਕ ਪਾਬੰਦੀਆਂ ਰਾਹੀਂ ਦੁੱਖ ਪਹੁੰਚਾਉਣ 'ਚ ਸਭ ਤੋਂ ਵੱਧ ਸਮਰੱਥ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਵਲੋਂ ਵੀ ਉੱਤਰੀ ਕੋਰੀਆ 'ਤੇ ਪਾਬੰਦੀਆਂ ਲਾਉਣ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ ਹੈ।
ਉੱਤਰੀ ਕੋਰੀਆ 'ਤੇ ਵੱਖ-ਵੱਖ ਪਾਬੰਦੀਆਂ ਲਾਉਣ ਦਾ ਮਤਲਬ ਇਸ ਦੀ ਜਨਤਾ ਦੀਆਂ ਹੀ ਸਮੱਸਿਆਵਾਂ 'ਚ ਹੋਰ ਵਾਧਾ ਕਰਨ ਦੇ ਬਰਾਬਰ ਹੋਵੇਗਾ ਕਿਉਂਕਿ ਪਾਬੰਦੀਆਂ ਦਾ ਸਿੱਧਾ ਅਤੇ ਤੱਤਕਾਲੀ ਪ੍ਰਭਾਵ ਤਾਂ ਉਨ੍ਹਾਂ 'ਤੇ ਹੀ ਪਵੇਗਾ। ਇਸ ਲਈ ਫਿਲਹਾਲ ਕਹਿਣਾ ਮੁਸ਼ਕਿਲ ਹੈ ਕਿ ਨੇੜ-ਭਵਿੱਖ 'ਚ ਉੱਤਰੀ ਕੋਰੀਆ ਅਤੇ ਵਿਸ਼ਵ ਦੇ ਦੇਸ਼ਾਂ ਵਿਚਾਲੇ ਵਧ ਰਿਹਾ ਟਕਰਾਅ ਕੀ ਰੂਪ ਅਖ਼ਤਿਆਰ ਕਰੇਗਾ।
ਜ਼ਹਿਰੀਲੀ ਵੇਲ ਵਾਂਗ ਫੈਲਦਾ ਹੀ ਜਾ ਰਿਹੈ ਭ੍ਰਿਸ਼ਟਾਚਾਰ ਰੂਪੀ ਘੁਣ
NEXT STORY