ਦੇਸ਼ 'ਚ ਵੱਡੀ ਗਿਣਤੀ 'ਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੇ ਬਾਵਜੂਦ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਪ੍ਰਤੀ ਲਾਪ੍ਰਵਾਹ ਦੇਖੇ ਜਾਂਦੇ ਹਨ। ਖਾਸ ਤੌਰ 'ਤੇ ਬਾਈਕ ਸਵਾਰਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ ਪਰ ਬਾਈਕ ਸਵਾਰ ਇਸ ਦੀ ਵਰਤੋਂ ਨਹੀਂ ਕਰਦੇ, ਜੋ ਹਾਦਸੇ ਦੀ ਸਥਿਤੀ 'ਚ ਸਿਰ ਵਿਚ ਲੱਗਣ ਵਾਲੀਆਂ ਸੱਟਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਕਾਰਨ ਹੈ।
ਬਾਈਕ ਸਵਾਰਾਂ ਨੂੰ ਇਸ ਸਬੰਧ 'ਚ ਜਾਗਰੂਕ ਕਰਨ ਲਈ ਓਡਿਸ਼ਾ 'ਚ ਜਗਤ ਸਿੰਘਪੁਰ ਦੀ ਪੁਲਸ ਨੇ ਇਕ ਅਨੋਖਾ ਤਰੀਕਾ ਅਪਣਾਇਆ। ਪੁਲਸ ਸੁਪਰਡੈਂਟ ਜੈਨਾਰਾਇਣ ਪੰਕਜ ਅਨੁਸਾਰ, ''ਬਾਈਕ ਸਵਾਰਾਂ ਵਲੋਂ ਹੈਲਮੇਟ ਪਹਿਨਣ ਤੋਂ ਸੰਕੋਚ ਕਰਨਾ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਹੋਣ ਵਾਲੇ ਕੁਲ ਸੜਕ ਹਾਦਸਿਆਂ 'ਚ 40 ਫੀਸਦੀ ਹਾਦਸਿਆਂ ਦੇ ਸ਼ਿਕਾਰ ਬਾਈਕ ਸਵਾਰ ਹੁੰਦੇ ਹਨ।''
''ਅਸੀਂ ਇਸ ਸਬੰਧ 'ਚ ਜਗਤ ਸਿੰਘਪੁਰ 'ਚ ਸਥਿਤ ਪ੍ਰਸਿੱਧ ਸਰਲਾ ਮੰਦਰ ਦੇ ਪੁਜਾਰੀਆਂ ਨੂੰ ਸੁਝਾਅ ਦਿੰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਬਾਈਕ 'ਤੇ ਹੈਲਮੇਟ ਪਹਿਨੇ ਬਿਨਾਂ ਆਉਣ ਵਾਲੇ ਸ਼ਰਧਾਲੂਆਂ ਨੂੰ ਮੰਦਰ 'ਚ ਪੂਜਾ ਦੀ ਇਜਾਜ਼ਤ ਨਾ ਦੇਣ।''
ਇਸ ਮੰਦਰ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ, ਜਿਨ੍ਹਾਂ 'ਚੋਂ ਬਾਈਕਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਾਫੀ ਹੁੰਦੀ ਹੈ, ਜੋ ਕਿਸੇ ਵਿਸ਼ੇਸ਼ ਤਿਉਹਾਰ ਆਦਿ 'ਤੇ ਦੁੱਗਣੀ ਹੋ ਜਾਂਦੀ ਹੈ।
ਮੁੱਖ ਪੁਜਾਰੀ ਸੁਦਾਮ ਚਰਨ ਪਾਂਡਾ ਅਤੇ ਹੋਰਨਾਂ ਪੁਜਾਰੀਆਂ ਨੂੰ ਇਹ ਸੁਝਾਅ ਪਸੰਦ ਆਇਆ ਤੇ ਉਨ੍ਹਾਂ ਨੇ ਐਤਵਾਰ ਨੂੰ ਮਾਘੀ ਦੀ ਸੰਗਰਾਂਦ ਮੌਕੇ ਮੰਦਰ 'ਚ ਹੈਲਮੇਟ ਪਹਿਨੇ ਬਿਨਾਂ ਆਉਣ ਵਾਲੇ 20 ਬਾਈਕ ਸਵਾਰਾਂ ਦੀ ਪੂਜਾ ਸੰਪੰਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਭਵਿੱਖ 'ਚ ਵੀ ਇਹ ਨਿਯਮ ਜਾਰੀ ਰੱਖਿਆ ਜਾਵੇਗਾ ਅਤੇ ਹੈਲਮੇਟ ਪਹਿਨੇ ਬਿਨਾਂ ਆਉਣ ਵਾਲੇ ਸ਼ਰਧਾਲੂਆਂ ਦੀ ਪੂਜਾ ਸੰਪੰਨ ਨਹੀਂ ਕਰਵਾਈ ਜਾਵੇਗੀ, ਚਾਹੇ ਉਸ ਦੇ ਲਈ ਮੰਦਰ ਨੂੰ ਚੜ੍ਹਾਵੇ ਆਦਿ ਦੇ ਰੂਪ 'ਚ ਕਿੰਨਾ ਵੀ ਨੁਕਸਾਨ ਕਿਉਂ ਨਾ ਉਠਾਉਣਾ ਪਵੇ।
ਭਾਰਤ ਇਕ ਧਰਮ ਪ੍ਰੇਮੀ ਦੇਸ਼ ਹੈ। ਇਸ ਨਾਤੇ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਦਾ ਇਥੋਂ ਦੇ ਜਨ-ਜੀਵਨ 'ਤੇ ਵਿਸ਼ੇਸ਼ ਪ੍ਰਭਾਵ ਹੈ। ਇਹ ਧਾਰਮਿਕ ਅਸਥਾਨ ਚਾਹੇ ਕਿਸੇ ਵੀ ਧਰਮ ਦੇ ਹੋਣ, ਦੇਸ਼ ਦੇ ਲੋਕਾਂ ਲਈ ਇਕ ਪ੍ਰੇਰਣਾ ਦਾ ਕੰਮ ਕਰਦੇ ਹਨ। ਇਸ ਲਿਹਾਜ਼ ਨਾਲ ਸਥਾਨਕ ਪੁਲਸ ਅਤੇ ਸਰਲਾ ਮੰਦਰ ਦੇ ਪ੍ਰਬੰਧਕਾਂ ਦਾ ਇਹ ਪ੍ਰਯੋਗ ਸ਼ਲਾਘਾਯੋਗ ਹੈ।
ਇਸ ਲਈ ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਹੈਲਮੇਟ ਪਹਿਨੇ ਬਿਨਾਂ ਆਉਣ ਵਾਲੇ ਬਾਈਕ ਸਵਾਰ ਸ਼ਰਧਾਲੂਆਂ ਨੂੰ ਪ੍ਰੇਰਿਤ ਕਰਨ ਲਈ ਉਕਤ ਨਿਯਮ ਲਾਗੂ ਕਰ ਦੇਣ ਤਾਂ ਹੈਲਮੇਟ ਦੀ ਵਰਤੋਂ ਨੂੰ ਕਾਫੀ ਹੱਲਾਸ਼ੇਰੀ ਮਿਲ ਸਕਦੀ ਹੈ ਤੇ ਇਸ ਨਾਲ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ 'ਚ ਵੀ ਯਕੀਨੀ ਤੌਰ 'ਤੇ ਕਮੀ ਆਵੇਗੀ।
—ਵਿਜੇ ਕੁਮਾਰ
ਹੁਣ ਪੰਜਾਬ ਦੇ ਪਿੰਡਾਂ 'ਚ ਨਾਰੀ ਸਸ਼ਕਤੀਕਰਨ ਦੀਆਂ 'ਅਨੋਖੀਆਂ ਪਹਿਲਾਂ'
NEXT STORY