Subscribe Now!

'ਦੇਸ਼ ਨੂੰ ਖੋਖਲਾ ਕਰ ਰਿਹਾ ਹੈ ਭ੍ਰਿਸ਼ਟਾਚਾਰ'

You Are HereArticle
Friday, April 21, 2017-7:02 AM

ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਸੰਸਦ 'ਚ ਪੇਸ਼ ਤਾਜ਼ਾ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਨੂੰ 2015 ਦੇ ਮੁਕਾਬਲੇ 2016 'ਚ ਭ੍ਰਿਸ਼ਟਾਚਾਰ ਦੀਆਂ 67ਫੀਸਦੀ ਜ਼ਿਆਦਾ ਸ਼ਿਕਾਇਤਾਂ ਮਿਲੀਆਂ। ਆਜ਼ਾਦੀ ਦੇ ਸਮੇਂ ਤੋਂ ਹੀ ਦੇਸ਼ 'ਚ 'ਭ੍ਰਿਸ਼ਟਾਚਾਰ ਦਾ ਮਹਾਰੋਗ' ਇਸ ਤਰ੍ਹਾਂ ਜੜ੍ਹਾਂ ਜਮਾ ਚੁੱਕਾ ਹੈ ਕਿ ਇਸ ਨੂੰ ਰੋਕਣ ਦੇ ਸਰਕਾਰ ਦੇ ਯਤਨਾਂ ਦੇ ਬਾਵਜੂਦ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਨਾ ਆਉਂਦੀਆਂ ਹੋਣ। ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 21 ਮਾਰਚ ਨੂੰ ਮਾਨਸਾ 'ਚ ਵਿਜੀਲੈਂਸ ਵਿਭਾਗ ਨੇ ਪੰਜਾਬ ਜਲ ਸਰੋਤ ਮੈਨੇਜਮੈਂਟ ਵਿਕਾਸ ਨਿਗਮ, ਮਾਨਸਾ ਦੇ ਕਾਰਜਕਾਰੀ ਇੰਜੀਨੀਅਰ ਸੁਰੇਸ਼ ਕੁਮਾਰ ਗੋਇਲ ਨੂੰ ਇਕ ਠੇਕੇਦਾਰ ਤੋਂ 1.48 ਲੱਖ ਰੁਪਏ ਦੀ ਰਿਸ਼ਵਤ ਦਾ ਚੈੱਕ ਲੈਂਦਿਆਂ ਗ੍ਰਿਫਤਾਰ ਕੀਤਾ । ਬਾਅਦ 'ਚ ਉਸ ਦੇ ਬ੍ਰੀਫਕੇਸ ਦੀ ਤਲਾਸ਼ੀ ਦੌਰਾਨ 4.31 ਲੱਖ ਰੁਪਏ ਅਤੇ 25.61 ਲੱਖ ਰੁਪਏ ਉਸ ਦੇ ਘਰ 'ਚੋਂ ਬਰਾਮਦ ਕੀਤੇ ਗਏ।
* 25 ਮਾਰਚ ਨੂੰ ਸੰਗਰੂਰ 'ਚ 'ਟੱਲੇਵਾਲ' ਪੁਲਸ ਥਾਣੇ ਦੇ 2 ਐੱਸ. ਆਈ. ਗੁਰਤੇਜ ਸਿੰਘ ਅਤੇ ਜਰਨੈਲ ਸਿੰਘ ਇਕ ਸ਼ਰਾਬ ਸਮਗਲਰ ਤੋਂ ਉਸ ਦਾ ਕੇਸ ਰਫਾ-ਦਫਾ ਕਰਨ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਅਤਲ ਕੀਤੇ ਗਏ।
* 4 ਅਪ੍ਰੈਲ ਨੂੰ ਰਾਜਸਥਾਨ 'ਚ ਕੋਟਾ ਜੇਲ ਦੇ ਜੇਲਰ 'ਬੱਤੀਲਾਲ ਮੀਣਾ' ਨੂੰ 12500 ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ। ਉਸ ਦੇ ਘਰ 'ਚੋਂ ਵੀ ਮਹਿੰਗੇ ਤੋਹਫੇ, ਨਕਦੀ, ਗਹਿਣੇ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਹ ਸਹੂਲਤਾਂ ਮੁਹੱਈਆ ਕਰਵਾਉਣ ਬਦਲੇ ਕੈਦੀਆਂ ਦੇ ਪਰਿਵਾਰਾਂ ਤੋਂ ਰਿਸ਼ਵਤ ਲੈਂਦਾ ਸੀ।
* 4 ਅਪ੍ਰੈਲ ਨੂੰ ਹੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਅਧਿਕਾਰੀਆਂ ਨੇ ਨਵੀਂ ਦਿੱਲੀ 'ਚ ਆਮਦਨ ਕਰ ਵਿਭਾਗ ਦੇ ਇਕ ਨਿਰੀਖਕ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 5 ਅਪ੍ਰੈਲ ਨੂੰ ਕੁਰੂਕਸ਼ੇਤਰ ਦੇ ਮੁਰਤਜ਼ਾਪੁਰ ਪਿੰਡ ਦੇ ਇਕ 21 ਸਾਲਾ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੇ ਹੋਮਗਾਰਡ 'ਚ ਭਰਤੀ ਲਈ ਟ੍ਰੇਨਿੰਗ ਪੂਰੀ ਕਰ ਲਈ ਸੀ ਪਰ ਸੰਬੰਧਤ ਅਧਿਕਾਰੀ ਨੇ ਡਿਊਟੀ ਦੇਣ ਬਦਲੇ ਉਸ ਤੋਂ 10 ਹਜ਼ਾਰ ਰੁਪਏ ਮੰਗੇ ਸਨ, ਜੋ ਉਹ ਨਹੀਂ ਦੇ ਸਕਿਆ।
* 6 ਅਪ੍ਰੈਲ ਨੂੰ ਦਿਆਲਪੁਰਾ ਪੁਲਸ ਥਾਣੇ ਦੇ ਏ. ਐੱਸ. ਆਈ ਸੁਖਦੇਵ ਸਿੰਘ ਨੂੰ ਹਮੀਰਗੜ੍ਹ ਪਿੰਡ 'ਚ ਪੋਸਤ ਦੀ ਖੇਤੀ ਦੇ ਸਿਲਸਿਲੇ 'ਚ ਫੜੇ ਗਏ ਇਕ ਵਿਅਕਤੀ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਣ ਅਤੇ ਜ਼ਬਤ ਕੀਤਾ ਪੋਸਤ ਨਸ਼ਟ ਕਰਨ ਦੇ ਦੋਸ਼ ਹੇਠ ਫੜਿਆ ਗਿਆ।
* 7 ਅਪ੍ਰੈਲ ਨੂੰ ਭਰਤਪੁਰ 'ਚ ਸੀ. ਬੀ. ਆਈ. ਨੇ 60 ਲੱਖ ਰੁਪਏ ਦਾ ਬਿੱਲ ਪਾਸ ਕਰਨ ਬਦਲੇ ਠੇਕੇਦਾਰ ਤੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਬੀ. ਐੱਸ. ਐੱਨ. ਐੱਲ. ਦੇ ਮਹਾਪ੍ਰਬੰਧਕ ਰਾਜੇਸ਼ ਕੁਮਾਰ ਬਾਂਸਲ ਨੂੰ ਇਕ ਦਲਾਲ ਨਾਲ ਗ੍ਰਿਫਤਾਰ ਕੀਤਾ।
* 7 ਅਪ੍ਰੈਲ ਨੂੰ ਹੀ ਰੋਹਤਾਸ (ਬਿਹਾਰ) ਜ਼ਿਲੇ ਦੇ ਲੋਕ ਸਿਹਤ ਇੰਜੀਨੀਅਰਿੰਗ ਵਿਭਾਗ (ਪੀ. ਐੱਚ. ਈ. ਡੀ.) ਦੇ ਖਜ਼ਾਨਚੀ ਸ਼ਾਰਦਾ ਚੌਧਰੀ ਨੂੰ ਇਕ ਬਿੱਲ ਦਾ ਭੁਗਤਾਨ ਕਰਨ ਬਦਲੇ 27 ਹਜ਼ਾਰ ਰੁਪਏ ਰਿਸ਼ਵਤ ਲਂੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
* 7 ਅਪ੍ਰੈਲ ਨੂੰ ਹੀ ਨਾਰਨੌਲ ਵਿਜੀਲੈਂਸ ਵਿਭਾਗ ਦੀ ਟੀਮ ਦੇ ਮੈਂਬਰਾਂ ਨੇ ਗ੍ਰਾਮ ਵਿਕਾਸ ਕਾਰਜਾਂ ਦਾ ਚੈੱਕ ਜਾਰੀ ਕਰਨ ਬਦਲੇ ਰਾਜਪੁਰਾ ਦੇ ਗ੍ਰਾਮ ਸਕੱਤਰ ਆਕਾਸ਼ ਸ਼ਰਮਾ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 14 ਅਪ੍ਰੈਲ ਨੂੰ ਕਰਨਾਟਕ ਦੇ ਬੇਂਗਲੁਰੂ 'ਚ ਸਾਬਕਾ ਨਗਰ ਸੇਵਕ ਵੀ. ਨਾਗਰਾਜ ਦੇ ਘਰ ਛਾਪੇਮਾਰੀ ਦੌਰਾਨ 40 ਕਰੋੜ ਰੁਪਏ ਦੀ ਬੇਹਿਸਾਬੀ ਰਕਮ ਜ਼ਬਤ ਕੀਤੀ ਗਈ।
* 18 ਅਪ੍ਰੈਲ ਨੂੰ ਸੰਗਰੂਰ ਪੁਲਸ ਨੇ ਦੋ ਸਹਾਇਕ ਸਬ-ਇੰਸਪੈਕਟਰਾਂ ਬਲਜਿੰਦਰ ਸਿੰਘ ਚੱਠਾ ਤੇ ਬਲਕਾਰ ਸਿੰਘ ਵਿਰੁੱਧ ਕਥਿਤ ਤੌਰ 'ਤੇ ਪੰਜ ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤੇ ਗਏ ਰਾਜਸਥਾਨ ਪੁਲਸ ਦੇ ਇਕ ਕਾਂਸਟੇਬਲ ਦੇ ਪਰਿਵਾਰ ਤੋਂ 2.5 ਲੱਖ ਰੁਪਏ ਦੀ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* 19 ਅਪ੍ਰੈਲ ਨੂੰ ਸੀ. ਬੀ. ਆਈ. ਨੇ ਪੁਣੇ ਨੇੜੇ ਖਡਕੀ 'ਚ ਸਥਿਤ 'ਇੰਡੀਅਨ ਆਰਡਨੈਂਸ ਫੈਕਟਰੀ ਬੋਰਡ' ਦੇ ਤਹਿਤ ਚਲਾਏ ਜਾਂਦੇ ਅਸਲਾ ਕਾਰਖਾਨੇ (ਏ. ਐੱਫ. ਕੇ.) ਦੇ ਜੂਨੀਅਰ ਵਰਕਸ ਮੈਨੇਜਰ ਵਿਰੁੱਧ 2010 ਤੋਂ 2016 ਦੇ ਦਰਮਿਆਨ ਅਸਲਾ ਵਪਾਰੀਆਂ ਤੋਂ 32.67 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* 19 ਅਪ੍ਰੈਲ ਨੂੰ ਹੀ ਆਮਦਨ ਕਰ ਵਿਭਾਗ ਨੇ ਯੂ. ਪੀ. ਅਤੇ ਉੱਤਰਾਖੰਡ ਦੇ 4 ਉੱਚ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰ ਕੇ 20 ਕਰੋੜ ਰੁਪਏ ਜ਼ਬਤ ਕੀਤੇ।
* 19 ਅਪ੍ਰੈਲ ਨੂੰ ਹੀ ਮਾਨਸਾ 'ਚ ਵਿਜੀਲੈਂਸ ਵਿਭਾਗ ਨੇ ਸੇਲਜ਼ ਟੈਕਸ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਇਕ ਆਇਰਨ ਸਟੋਰ ਦੇ ਮਾਲਕ ਤੋਂ 6000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
ਉਕਤ ਮਿਸਾਲਾਂ ਤੋਂ ਸਪਸ਼ਟ ਹੈ ਕਿ ਦੇਸ਼ 'ਚ ਦਹਾਕਿਆਂ ਤੋਂ ਵਧ ਰਹੀ ਭ੍ਰਿਸ਼ਟਾਚਾਰ ਰੂਪੀ ਜ਼ਹਿਰੀਲੀ ਵੇਲ ਪਹਿਲਾਂ ਵਾਂਗ ਹੀ ਵਧ-ਫੁੱਲ ਰਹੀ ਹੈ ਤੇ ਅੱਜ ਇਕ ਆਮ ਆਦਮੀ ਲਈ ਬਿਨਾਂ ਰਿਸ਼ਵਤ ਦਿੱਤਿਆਂ ਕੋਈ ਕੰਮ ਕਰਵਾਉਣਾ ਕਿੰਨਾ ਮੁਸ਼ਕਲ ਹੋ ਗਿਆ ਹੈ।
ਸਭ ਤੋਂ ਬੁਰੀ ਗੱਲ ਇਹ ਹੈ ਕਿ ਪੁਲਸ ਅਤੇ ਆਮਦਨ ਕਰ ਵਰਗੇ ਜਿਹੜੇ ਵਿਭਾਗਾਂ 'ਤੇ ਭ੍ਰਿਸ਼ਟਾਚਾਰ ਰੋਕਣ ਦੀ ਵੱਡੀ ਜ਼ਿੰਮੇਵਾਰੀ ਹੈ, ਉਨ੍ਹਾਂ ਦਾ ਸਟਾਫ ਵੀ ਇਸ ਅਨੈਤਿਕ ਧੰਦੇ 'ਚ ਪੂਰੀ ਤਰ੍ਹਾਂ ਸ਼ਾਮਿਲ ਹੈ। ਇਸ ਲਈ ਇਸ 'ਤੇ ਰੋਕ ਲਾਉਣ ਵਾਸਤੇ ਸਰਕਾਰ ਨੂੰ ਇਸ ਸਮੱਸਿਆ ਵਲ ਗੰਭੀਰਤਾ ਨਾਲ ਧਿਆਨ ਦੇ ਕੇ ਦੋਸ਼ੀਆਂ ਵਿਰੁੱਧ ਫੌਰੀ ਅਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
—ਵਿਜੇ ਕੁਮਾਰ

About The Author

Vijay Kumar Chopra

Vijay Kumar Chopra is Chief Editor at Jagbani.