ਦੇਸ਼ 'ਚ ਅਪਰਾਧ ਲਗਾਤਾਰ ਵਧ ਰਹੇ ਹਨ। ਹਰਿਆਣਾ ਵੀ ਇਸ ਦਾ ਅਪਵਾਦ ਨਹੀਂ ਹੈ ਅਤੇ ਉਥੇ ਅਪਰਾਧਾਂ ਦਾ ਅੰਕੜਾ ਆਸਮਾਨ ਨੂੰ ਛੂੰਹਦਾ ਜਾ ਰਿਹਾ ਹੈ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਹੇਠਾਂ ਦਰਜ ਪਿਛਲੇ 7 ਦਿਨਾਂ ਦੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 11 ਜੁਲਾਈ ਨੂੰ ਜੀਂਦ ਜ਼ਿਲੇ ਦੇ ਪਿੰਡ ਅਲੇਵਾ 'ਚ ਇਕ ਮੁਟਿਆਰ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕਰਨ ਅਤੇ ਵੀਡੀਓ ਬਣਾ ਕੇ ਯੂ-ਟਿਊਬ 'ਤੇ ਪਾਉਣ ਦੇ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਨੂੰ ਫੜਿਆ।
* 14 ਜੁਲਾਈ ਨੂੰ ਘਰ 'ਚ ਇਕੱਲੀ 16 ਸਾਲਾ ਨਾਬਾਲਗਾ ਨਾਲ ਬਲਾਤਕਾਰ ਦੇ ਦੋਸ਼ ਹੇਠ ਮੋਹਿਤ ਪਾਂਚਾਲ ਨਾਮੀ ਨੌਜਵਾਨ ਨੂੰ ਗੁੜਗਾਓਂ ਪੁਲਸ ਨੇ ਗ੍ਰਿਫਤਾਰ ਕੀਤਾ।
* 15 ਜੁਲਾਈ ਨੂੰ ਗੋਹਾਨਾ 'ਚ ਪ੍ਰਦੀਪ ਨਾਮੀ ਵਿਅਕਤੀ ਨੇ ਆਪਣੀ ਨਵੀਂ ਪਤਨੀ ਪਾਨ ਦੇਵੀ ਦੀ ਆਪਣੀ 10 ਸਾਲਾ ਧੀ ਸਵਾਤੀ ਨਾਲ ਅਣਬਣ ਰਹਿਣ ਕਾਰਨ ਪਾਨ ਦੇਵੀ ਨਾਲ ਮਿਲ ਕੇ ਸਵਾਤੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਸਵਾਤੀ ਨੇ ਖੰਘ ਵਾਲੀ ਦਵਾਈ ਦੀ ਥਾਂ ਗਲਤੀ ਨਾਲ ਕੀੜੇਮਾਰ ਦਵਾਈ ਪੀ ਲਈ ਸੀ ਪਰ ਪੋਸਟਮਾਰਟਮ ਤੋਂ ਉਨ੍ਹਾਂ ਦਾ ਝੂਠ ਫੜਿਆ ਗਿਆ ਅਤੇ ਪਤਾ ਲੱਗਾ ਕਿ ਸਵਾਤੀ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ।
* 15 ਜੁਲਾਈ ਨੂੰ ਹੀ ਦੇਰ ਰਾਤ ਨੂੰ ਧਾਰੂਹੇੜਾ ਚੁੰਗੀ 'ਤੇ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਨੌਜਵਾਨ 18 ਦਿਨ ਪਹਿਲਾਂ ਮਾਰੇ ਗਏ ਆਪਣੇ ਭਰਾ ਦੀ ਹੱਤਿਆ ਦੇ ਕੇਸ 'ਚ ਗਵਾਹ ਹੈ।
* 15 ਜੁਲਾਈ ਨੂੰ ਹੀ ਸੋਨੀਪਤ ਦੇ ਪਿੰਡ ਗੜ੍ਹੀ ਬ੍ਰਾਹਮਣਾਂ 'ਚ ਪਤੀ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਔਰਤ ਦੀ ਅਣਪਛਾਤੇ ਹਮਲਾਵਰ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
* 15 ਜੁਲਾਈ ਨੂੰ ਹੀ ਆਪਣੀ ਭੈਣ ਦੀ ਲਵ ਮੈਰਿਜ ਤੋਂ ਨਾਰਾਜ਼ ਭਰਾ ਨੇ ਆਪਣੇ ਮਾਮੇ ਨਾਲ ਮਿਲ ਕੇ ਜੀਜੇ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 16 ਜੁਲਾਈ ਨੂੰ ਗੁਰੂਗ੍ਰਾਮ ਨੇੜਲੇ ਨੌਰੰਗਪੁਰ ਪਿੰਡ 'ਚ ਰਾਕੇਸ਼ ਨਾਮੀ ਇਕ ਵਿਅਕਤੀ ਤੜਕੇ 5 ਵਜੇ ਸ਼ਰਾਬੀ ਹਾਲਤ 'ਚ ਘਰ ਆਇਆ ਤਾਂ ਪਤਨੀ ਸ਼ਕੁੰਤਲਾ ਅਤੇ 12 ਸਾਲਾ ਧੀ ਅੰਜਲੀ ਵਲੋਂ ਇਤਰਾਜ਼ ਕਰਨ 'ਤੇ ਉਸ ਨੇ ਦੋਹਾਂ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਡੰਡੇ ਨਾਲ ਕੁੱਟ-ਕੁੱਟ ਕੇ ਅੰਜਲੀ ਦੀ ਹੱਤਿਆ ਕਰ ਦਿੱਤੀ।
* 16 ਜੁਲਾਈ ਨੂੰ ਹੀ ਸਵੇਰੇ-ਸਵੇਰੇ ਗੁਰੂਗ੍ਰਾਮ ਦੇ ਗੜਹੀ ਪਿੰਡ ਦੇ ਫਾਰਮ ਹਾਊਸ 'ਚ 20 ਸਾਲਾ ਮਜ਼ਦੂਰ ਸੋਨੂੰ ਨੂੰ ਆਪਣੀ ਮਜ਼ਦੂਰੀ ਮੰਗਣ 'ਤੇ ਫਾਰਮ ਹਾਊਸ ਦੇ ਮੁਲਾਜ਼ਮ ਸੋਮਵੀਰ ਨੇ ਲੱਕੜੀ ਕੱਟਣ ਵਾਲੀ ਆਰੀ ਨਾਲ ਗਲਾ ਵੱਢ ਕੇ ਮਾਰ ਦਿੱਤਾ।
* 16 ਜੁਲਾਈ ਨੂੰ ਹੀ ਸਵੇਰੇ ਬਾਵਲ ਦੇ ਤਿਹਾੜਾ ਪਿੰਡ 'ਚ ਰੰਜਿਸ਼ ਵਜੋਂ ਬਦਮਾਸ਼ਾਂ ਨੇ ਗਿਰਦਾਵਰ ਸਤਬੀਰ ਦੀ ਉਸ ਦੇ ਘਰ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
* 16 ਜੁਲਾਈ ਦੀ ਰਾਤ ਨੂੰ ਕੈਥਲ ਦੇ ਪਿੰਡ ਪਜੁਪੁਰਾ ਨੇੜੇ ਕਾਟਨ ਮਿੱਲ 'ਚ 8 ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਮਾਲਕ ਤੇ ਨੌਕਰਾਂ ਨੂੰ ਬੰਧਕ ਬਣਾ ਕੇ ਮਿੱਲ 'ਚ ਲੱਗੇ ਟਰਾਂਸਫਾਰਮਰ 'ਚੋਂ ਲੱਖਾਂ ਰੁਪਏ ਦਾ ਤੇਲ ਤੇ ਤਾਂਬੇ ਦੀਆਂ ਤਾਰਾਂ ਲੁੱਟ ਲਈਆਂ।
* 17 ਜੁਲਾਈ ਦੀ ਰਾਤ ਨੂੰ ਹਾਂਸੀ 'ਚ ਇਕ ਨਾਬਾਲਗ ਲੜਕੀ ਦੇ ਅਗਵਾ ਅਤੇ ਬਲਾਤਕਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਦਿਨੇਸ਼ ਉਰਫ ਬੱਗੂ ਨਾਮੀ ਨੌਜਵਾਨ ਨੇ ਨਾਬਾਲਗਾ ਨੂੰ ਅਗਵਾ ਕਰ ਕੇ ਬੰਦ ਪਈ ਇਕ ਫੈਕਟਰੀ ਦੀ ਖੰਡਰਨੁਮਾ ਇਮਾਰਤ 'ਚ ਉਸ ਨਾਲ ਬਲਾਤਕਾਰ ਕੀਤਾ।
ਸੰਯੋਗ ਨਾਲ ਜਦੋਂ ਪੀੜਤਾ ਦੇ ਪਰਿਵਾਰ ਵਾਲੇ ਉਸ ਨੂੰ ਲੱਭਣ ਖੰਡਰ ਬਣੀ ਫੈਕਟਰੀ ਨੇੜੇ ਪਹੁੰਚੇ ਤਾਂ ਉਥੇ ਖੜ੍ਹੇ ਦੋ-ਤਿੰਨ ਨੌਜਵਾਨਾਂ ਨੇ ਉਨ੍ਹਾਂ 'ਤੇ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਕੇ ਫਰਾਰ ਹੋ ਗਏ।
* 18 ਜੁਲਾਈ ਨੂੰ ਰੋਹਤਕ ਜ਼ਿਲੇ ਦੇ ਸਾਂਪਲਾ ਪਾਵਰ ਹਾਊਸ 'ਚ ਅਟਾਇਲ ਅਤੇ ਗਾਂਦਰਾ ਦੇ ਲੋਕਾਂ ਨੇ ਮੁਲਾਜ਼ਮਾਂ ਨਾਲ ਮਾਰ-ਕੁਟਾਈ ਅਤੇ ਦਫਤਰ 'ਚ ਭੰਨ-ਤੋੜ ਕੀਤੀ, ਜਿਸ ਨਾਲ ਐੱਸ. ਡੀ. ਓ. ਸਮੇਤ ਦਰਜਨ ਭਰ ਮੁਲਾਜ਼ਮ ਜ਼ਖਮੀ ਹੋ ਗਏ।
* 18 ਜੁਲਾਈ ਨੂੰ ਹੀ ਸੋਹਨਾ ਦੇ ਰਿਠੌਜ ਪਿੰਡ 'ਚ ਸਹੇਲੀ ਨਾਲ ਕਾਰ 'ਚ ਘੁੰਮਣ ਗਈ ਨਾਬਾਲਗਾ ਨੂੰ ਉਸ ਦੀ ਸਹੇਲੀ ਨੇ ਦੋ ਵਿਅਕਤੀਆਂ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਨਾਬਾਲਗਾ ਨੂੰ ਕੋਲਡ ਡ੍ਰਿੰਕ 'ਚ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਗੈਂਗਰੇਪ ਕੀਤਾ।
ਅਗਵਾ, ਬਲਾਤਕਾਰ, ਲੁੱਟਮਾਰ, ਕਤਲ ਆਦਿ ਦੀਆਂ ਇਹ ਘਟਨਾਵਾਂ ਜਿਥੇ ਸੂਬੇ 'ਚ ਹਰ ਤਰ੍ਹਾਂ ਦੇ ਅਪਰਾਧਾਂ 'ਚ ਵਾਧੇ ਦੀਆਂ ਪ੍ਰਤੀਕ ਹਨ, ਉਥੇ ਹੀ ਦੋ ਧੀਆਂ ਦੀ ਹੱਤਿਆ ਅਤੇ ਬਲਾਤਕਾਰ ਇਸ ਤੱਥ ਦਾ ਵੀ ਮੂੰਹ ਬੋਲਦਾ ਸਬੂਤ ਹਨ ਕਿ ਸੂਬੇ 'ਚ ਅੱਜ ਧੀਆਂ ਦੀ ਜਾਨ ਅਤੇ ਮਾਣ-ਸਨਮਾਨ ਕਿਸ ਤਰ੍ਹਾਂ ਖਤਰੇ 'ਚ ਹੈ ਅਤੇ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹੁੰਦੇ ਜਾ ਰਹੇ ਹਨ।
ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਲਈ ਸੰਵੇਦਨਸ਼ੀਲ ਥਾਵਾਂ 'ਤੇ ਨਾਕੇ ਵਗੈਰਾ ਲਾਉਣ, ਗਸ਼ਤ ਵਧਾਉਣ ਅਤੇ ਪੁਲਸ ਪ੍ਰਸ਼ਾਸਨ ਨੂੰ ਚੁਸਤ ਕਰਨ ਦੇ ਨਾਲ-ਨਾਲ ਅਪਰਾਧੀਆਂ ਦੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰ ਕੇ ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦਾ ਹਸ਼ਰ ਦੇਖ ਕੇ ਦੂਜਿਆਂ ਨੂੰ ਵੀ ਨਸੀਹਤ ਮਿਲੇ।
—ਵਿਜੇ ਕੁਮਾਰ
ਸਰਕਾਰੀ ਦਾਅਵਿਆਂ ਦੇ ਬਾਵਜੂਦ 'ਬੇਰੋਜ਼ਗਾਰੀ ਦੇ ਫੈਲ ਰਹੇ ਡਰਾਉਣੇ ਪੰਜੇ'
NEXT STORY