ਦੇਸ਼ 'ਚੋਂ ਕਾਲਾ ਧਨ ਅਤੇ ਜਾਅਲੀ ਕਰੰਸੀ ਖਤਮ ਕਰਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਚੁੱਕਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2016 ਨੂੰ ੇਦੇਸ਼ 'ਚ 500 ਤੇ 1000 ਰੁਪਏ ਵਾਲੇ ਪੁਰਾਣੇ ਨੋਟ ਰੱਦ ਕਰ ਕੇ 500 ਤੇ 2000 ਰੁਪਏ ਵਾਲੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਸੀ।
ਕੇਂਦਰ ਸਰਕਾਰ ਵਲੋਂ ਚੁੱਕੇ ਗਏ ਇਸ ਅਣਕਿਆਸੇ ਕਦਮ ਨਾਲ ਦੇਸ਼ ਭਰ 'ਚ ਹਫੜਾ-ਦਫੜੀ ਫੈਲ ਗਈ ਤੇ ਨੋਟ ਬਦਲਵਾਉਣ ਲਈ ਹੋਣ ਵਾਲੀਆਂ ਮਾਰਾ-ਮਾਰੀ ਦੀਆਂ ਘਟਨਾਵਾਂ ਤੋਂ ਇਲਾਵਾ ਲਾਈਨਾਂ 'ਚ ਖੜ੍ਹੇ ਅਣਗਿਣਤ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਇਸ ਦਰਮਿਆਨ ਨੋਟਬੰਦੀ ਵਿਰੁੱਧ ਭੜਕੇ ਲੋਕ-ਰੋਹ ਨੂੰ ਦੇਖ ਕੇ ਮੋਦੀ ਨੇ 13 ਨਵੰਬਰ ਨੂੰ ਦੇਸ਼ਵਾਸੀਆਂ ਤੋਂ ਕੁਝ ਸਮੇਂ ਦੀ ਮੋਹਲਤ ਮੰਗਦਿਆਂ ਐਲਾਨ ਕੀਤਾ ਸੀ ਕਿ ''50 ਦਿਨਾਂ ਤਕ ਸਥਿਤੀ ਆਮ ਵਰਗੀ ਹੋ ਜਾਵੇਗੀ।''
ਉਕਤ ਐਲਾਨ ਤੋਂ 150 ਦਿਨਾਂ ਬਾਅਦ ਅੱਜ ਤਕ ਵੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਵਰਗੀ ਨਹੀਂ ਹੋਈ ਤੇ ਬੈਂਕਾਂ ਦੇ ਏ. ਟੀ. ਐੱਮਜ਼ 'ਚ ਨਕਦੀ ਦੀ 30 ਫੀਸਦੀ ਘਾਟ ਚੱਲ ਰਹੀ ਹੈ।
ਬੈਂਕਾਂ ਨੂੰ ਏ. ਟੀ. ਐੱਮਜ਼ 'ਚ ਕੈਸ਼ ਭਰਨ ਦੀਆਂ ਸੇਵਾਵਾਂ ਦੇਣ ਵਾਲੀ 'ਕੈਸ਼ ਲਾਜਿਸਟਿਕ ਕੰਪਨੀਜ਼ ਐਸੋਸੀਏਸ਼ਨ' ਦੇ ਸਕੱਤਰ ਸ਼੍ਰੀ ਐੱਨ. ਐੱਸ. ਜੀ. ਰਾਓ ਦਾ ਕਹਿਣਾ ਹੈ ਕਿ ''ਅਜੇ ਵੀ ਬੈਂਕਾਂ ਦੇ ਏ. ਟੀ. ਐੱਮਜ਼ 'ਚ ਭਰਨ ਲਈ ਪੂਰੀ ਰਕਮ ਨਹੀਂ ਮਿਲ ਰਹੀ ਤੇ ਇਨ੍ਹਾਂ 'ਚ 30 ਫੀਸਦੀ ਦੀ ਘਾਟ ਚੱਲ ਰਹੀ ਹੈ।''
''ਸਾਨੂੰ ਕਈ ਥਾਵਾਂ ਤੋਂ ਏ. ਟੀ. ਐੱਮਜ਼ 'ਚ ਨਕਦੀ ਨਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਅਸਲ 'ਚ 65 ਫੀਸਦੀ ਏ. ਟੀ. ਐੱਮਜ਼ 'ਚ ਹੀ ਪੈਸੇ ਪਾਏ ਜਾ ਰਹੇ ਹਨ। ਅਜੇ ਵੀ ਸਾਰੇ ਏ. ਟੀ. ਐੱਮਜ਼ ਨੂੰ ਭਰਨ ਲਈ ਕਰੰਸੀ ਨੋਟ ਨਹੀਂ ਮਿਲ ਰਹੇ।''
ਸ਼੍ਰੀ ਰਾਓ ਦੇ ਉਕਤ ਦਾਅਵੇ ਨਾਲ ਵਿੱਤ ਮੰਤਰੀ ਵਲੋਂ 17 ਫਰਵਰੀ ਨੂੰ 'ਸਕਿਓਰਿਟੀ ਪ੍ਰਿੰਟਿੰਗ ਮਿੰਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ' ਦੇ 11ਵੇਂ ਸਥਾਪਨਾ ਦਿਵਸ 'ਤੇ ਕੀਤਾ ਗਿਆ ਇਹ ਦਾਅਵਾ ਵੀ ਝੂਠਾ ਸਿੱਧ ਹੋ ਗਿਆ ਕਿ ''ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕੁਝ ਹੀ ਹਫਤਿਆਂ 'ਚ ਨਕਦੀ ਦੀ ਸਪਲਾਈ ਦੀ ਸਥਿਤੀ ਆਮ ਵਰਗੀ ਹੋ ਗਈ ਹੈ।''
ਬੇਸ਼ੱਕ ਹੁਣ ਸਮੱਸਿਆ ਪਹਿਲਾਂ ਵਰਗੀ ਨਹੀਂ ਰਹੀ ਹੈ, ਫਿਰ ਵੀ 35 ਫੀਸਦੀ ਏ. ਟੀ. ਐੱਮਜ਼ ਦਾ 'ਡ੍ਰਾਈ' ਰਹਿਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਜੇ ਕੁਝ ਸਮਾਂ ਹੋਰ ਲੋਕਾਂ ਨੂੰ ਏ. ਟੀ. ਐੱਮਜ਼ 'ਚੋਂ ਕਿਸੇ ਵੀ ਸਮੇਂ ਪੈਸਾ ਕਢਵਾਉਣ ਲਈ ਉਡੀਕ ਕਰਨੀ ਪਵੇਗੀ।
—ਵਿਜੇ ਕੁਮਾਰ
ਬਿਹਾਰ ਦੇ ਭ੍ਰਿਸ਼ਟ 'ਅਫਸਰਸ਼ਾਹ ਅਤੇ ਸਿਆਸਤਦਾਨ' ਦੀ ਜਾਇਦਾਦ 20 ਸਾਲਾਂ ਬਾਅਦ ਜ਼ਬਤ
NEXT STORY