15 ਨਵੰਬਰ 2015 ਨੂੰ ਬਿਹਾਰ ਵਿਚ ਲਾਲੂ ਯਾਦਵ ਦੀ ਪਾਰਟੀ ਰਾਜਦ ਨਾਲ ਮਹਾਗੱਠਜੋੜ ਕਰ ਕੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੇ ਸਰਕਾਰ ਬਣਾਈ ਸੀ, ਜਿਸ ਵਿਚ ਲਾਲੂ ਦੇ ਦੋਹਾਂ ਬੇਟਿਆਂ ਵਿਚੋਂ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੂੰ ਸਿਹਤ ਮੰਤਰੀ ਅਤੇ ਛੋਟੇ ਬੇਟੇ ਤੇਜਸਵੀ ਯਾਦਵ ਨੂੰ ਉੱਪ-ਮੁੱਖ ਮੰਤਰੀ ਬਣਾਇਆ ਗਿਆ ਸੀ। ਵਿਚਾਰਕ ਧਰਾਤਲ 'ਤੇ ਇਕ-ਦੂਜੇ ਦੇ ਵਿਰੋਧੀ ਹੋਣ ਦੇ ਬਾਵਜੂਦ ਕਿਸੇ ਤਰ੍ਹਾਂ ਲਾਲੂ-ਨਿਤੀਸ਼ ਦਾ ਇਹ ਗੱਠਜੋੜ ਚੱਲਦਾ ਰਿਹਾ ਪਰ ਅਚਾਨਕ 8 ਜੁਲਾਈ ਨੂੰ ਲਾਲੂ ਦੀ ਧੀ ਮੀਸਾ ਭਾਰਤੀ ਦੇ ਫਾਰਮ ਹਾਊਸਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਅਤੇ ਫਿਰ ਤੇਜਸਵੀ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਤੇਜਸਵੀ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ ਦੀ ਮੰਗ ਤੇਜ਼ ਹੋ ਗਈ।
ਇਸ ਦਰਮਿਆਨ ਜਿਥੇ ਨਿਤੀਸ਼ ਕੁਮਾਰ 'ਤੇ ਤੇਜਸਵੀ ਨੂੰ ਮੰਤਰੀ ਮੰਡਲ 'ਚੋਂ ਹਟਾਉਣ ਦਾ ਦਬਾਅ ਵਧਦਾ ਗਿਆ, ਉਥੇ ਹੀ ਤੇਜਸਵੀ ਦੀ ਗ੍ਰਿਫਤਾਰੀ ਦੀ ਸਥਿਤੀ ਵਿਚ ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਦੀ ਡਿਪਟੀ ਸੀ. ਐੱਮ. ਵਜੋਂ ਤਾਜਪੋਸ਼ੀ ਦੀਆਂ ਅਟਕਲਾਂ ਲਗਾਈਆਂ ਜਾਣ ਲੱਗੀਆਂ।
ਇਸ ਬਾਰੇ 11 ਜੁਲਾਈ ਨੂੰ ਜਨਤਾ ਦਲ (ਯੂ) ਅਤੇ ਰਾਜਦ ਦੋਹਾਂ ਨੇ ਹੀ ਆਪੋ-ਆਪਣੇ ਨੇਤਾਵਾਂ ਦੀਆਂ ਮੀਟਿੰਗਾਂ ਸੱਦੀਆਂ। ਇਨ੍ਹਾਂ ਵਿਚ ਜਿਥੇ ਲਾਲੂ ਨੇ ਸਾਫ ਤੌਰ 'ਤੇ ਤੇਜਸਵੀ ਵਲੋਂ ਅਸਤੀਫਾ ਨਾ ਦੇਣ ਦਾ ਐਲਾਨ ਕੀਤਾ, ਉਥੇ ਹੀ ਨਿਤੀਸ਼ ਨੇ ਭ੍ਰਿਸ਼ਟਾਚਾਰ ਵਿਰੁੱਧ ਸਖਤ ਸਟੈਂਡ ਲੈਣ ਦਾ ਸੰਦੇਸ਼ ਦਿੱਤਾ ਅਤੇ ਜਨਤਾ ਦਲ (ਯੂ) ਨੇ ਰਾਜਦ ਨੂੰ ਇਸ ਮਾਮਲੇ 'ਤੇ ਚਾਰ ਦਿਨਾਂ ਵਿਚ ਫੈਸਲਾ ਲੈਣ ਦਾ ਅਲਟੀਮੇਟਮ ਦੇ ਦਿੱਤਾ। ਜਨਤਾ ਦਲ (ਯੂ) ਚਾਹੁੰਦਾ ਸੀ ਕਿ ਤੇਜਸਵੀ ਦੇ ਭਵਿੱਖ ਬਾਰੇ ਰਾਜਦ ਹੀ ਫੈਸਲਾ ਕਰੇ।
ਅਜਿਹੇ ਮਾਹੌਲ ਦਰਮਿਆਨ ਲਾਲੂ ਵਾਰ-ਵਾਰ ਤੇਜਸਵੀ ਵਲੋਂ ਅਸਤੀਫਾ ਨਾ ਦੇਣ ਦਾ ਐਲਾਨ ਕਰਦੇ ਰਹੇ। ਇਥੋਂ ਤਕ ਕਿ ਰਾਜਦ ਦੇ ਇਕ ਵਿਧਾਇਕ ਨੇ ਤਾਂ ਤੇਜਸਵੀ ਦਾ ਅਸਤੀਫਾ ਲੈਣ ਦੀ ਸਥਿਤੀ ਵਿਚ ਜਨਤਾ ਦਲ (ਯੂ) ਤੋਂ ਹਮਾਇਤ ਵਾਪਸ ਲੈਣ ਤਕ ਦੀ ਧਮਕੀ ਵੀ ਦੇ ਦਿੱਤੀ।
ਸੋਨੀਆ ਨੇ ਵੀ ਇਸ ਬਾਰੇ ਨਿਤੀਸ਼ ਨਾਲ ਗੱਲ ਕੀਤੀ ਪਰ ਜਨਤਾ ਦਲ (ਯੂ) ਦੇ ਬੁਲਾਰੇ ਅਜੈ ਆਲੋਕ ਨੇ ਵੀ ਸਪੱਸ਼ਟ ਕਰ ਦਿੱਤਾ ਕਿ ਸੱਤਾ ਸਾਡੇ ਲਈ ਜ਼ਰੂਰੀ ਨਹੀਂ ਹੈ ਅਤੇ ਨਿਤੀਸ਼ 5 ਮਿੰਟਾਂ ਅੰਦਰ ਸਰਕਾਰ ਛੱਡ ਦੇਣਗੇ। ਇਹ ਵੀ ਕਿਹਾ ਗਿਆ ਕਿ ਜੇਕਰ ਤੇਜਸਵੀ ਅਸਤੀਫਾ ਨਹੀਂ ਦੇਣਗੇ ਤਾਂ ਨਿਤੀਸ਼ ਖੁਦ ਅਸਤੀਫਾ ਦੇ ਸਕਦੇ ਹਨ।
15 ਜੁਲਾਈ ਨੂੰ ਬਿਹਾਰ ਦੇ ਪਟਨਾ ਵਿਚ ਇਕ ਸਰਕਾਰੀ ਪ੍ਰੋਗਰਾਮ ਵਿਚ ਤੇਜਸਵੀ ਨਹੀਂ ਪਹੁੰਚੇ, ਜਿਥੇ ਉਨ੍ਹਾਂ ਨੇ ਨਿਤੀਸ਼ ਕੁਮਾਰ ਨਾਲ ਸ਼ਾਮਲ ਹੋਣਾ ਸੀ, ਜਿਸ ਤੋਂ ਦੋਹਾਂ ਪਾਰਟੀਆਂ ਵਿਚਾਲੇ ਕੁੜੱਤਣ ਹੋਰ ਵਧਣ ਦਾ ਸੰਕੇਤ ਮਿਲਿਆ।
15 ਜੁਲਾਈ ਨੂੰ ਤੇਜਸਵੀ ਬਾਰੇ ਫੈਸਲਾ ਲੈਣ ਲਈ ਜਨਤਾ ਦਲ (ਯੂ) ਵਲੋਂ ਦਿੱਤਾ ਗਿਆ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਜਨਤਾ ਦਲ (ਯੂ) ਦੇ ਭਵਿੱਖੀ ਰੁਖ਼ ਸੰਬੰਧੀ ਅਟਕਲਾਂ ਤੇਜ਼ ਹੋ ਗਈਆਂ। ਇਸ ਦਰਮਿਆਨ 19 ਜੁਲਾਈ ਨੂੰ ਤੇਜਸਵੀ ਅਤੇ ਨਿਤੀਸ਼ ਦੀ ਮੁਲਾਕਾਤ ਹੋਈ, ਜਿਸ ਵਿਚ ਤੇਜਸਵੀ ਨੇ ਆਪਣੀ ਸਫਾਈ ਪੇਸ਼ ਕੀਤੀ ਪਰ ਨਿਤੀਸ਼ ਉਸ ਨਾਲ ਸੰਤੁਸ਼ਟ ਨਹੀਂ ਹੋਏ।
ਇਸ ਦਰਮਿਆਨ ਨਿਤੀਸ਼ ਕੁਮਾਰ ਨੇ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਦੋ-ਟੁੱਕ ਸ਼ਬਦਾਂ ਵਿਚ ਕਾਂਗਰਸ ਨੂੰ ਤੇਜਸਵੀ ਦੇ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਹਿ ਦਿੱਤਾ ਤੇ 26 ਜੁਲਾਈ ਨੂੰ ਤੇਜ਼ੀ ਨਾਲ ਬਦਲ ਰਹੀਆਂ ਸਿਆਸੀ ਘਟਨਾਵਾਂ ਦਰਮਿਆਨ ਲਾਲੂ ਅਤੇ ਤੇਜਸਵੀ ਨੇ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਇਕ ਵਾਰ ਫਿਰ ਅਸਤੀਫਾ ਨਾ ਦੇਣ ਦੀ ਗੱਲ ਕਹੀ। ਲਾਲੂ ਅਤੇ ਰਾਬੜੀ ਨੇ ਇਥੋਂ ਤਕ ਕਿਹਾ ਕਿ ਨਿਤੀਸ਼ ਨੇ ਉਨ੍ਹਾਂ ਤੋਂ ਅਸਤੀਫਾ ਮੰਗਿਆ ਹੀ ਨਹੀਂ।
ਦੂਜੇ ਪਾਸੇ ਜਨਤਾ ਦਲ (ਯੂ) ਦੇ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਨਿਤੀਸ਼ ਕੁਮਾਰ ਨੇ ਗੱਠਜੋੜ ਦੀ ਸਹਿਯੋਗੀ ਪਾਰਟੀ ਰਾਜਦ ਨਾਲ ਨਾ ਮਿਟ ਸਕਣ ਵਾਲੇ ਮੱਤਭੇਦਾਂ ਦਾ ਹਵਾਲਾ ਦਿੰਦਿਆਂ ਬੁੱਧਵਾਰ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਧਮਾਕਾ ਕਰ ਦਿੱਤਾ ਅਤੇ ਕਿਹਾ ਕਿ ''ਬਿਹਾਰ ਵਿਚ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਵਿਚ ਗੱਠਜੋੜ ਸਰਕਾਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਮੈਂ ਤੇਜਸਵੀ ਨਾਲ ਗੱਲ ਕੀਤੀ ਸੀ ਅਤੇ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।''
ਆਪਣੇ ਅਸਤੀਫੇ ਤੋਂ ਬਾਅਦ ਉਨ੍ਹਾਂ ਕਿਹਾ, ''ਮੈਂ ਗੱਠਜੋੜ ਧਰਮ ਦੀ ਪਾਲਣਾ ਕੀਤੀ ਹੈ ਅਤੇ ਇਸ ਮਾਹੌਲ ਵਿਚ ਮੇਰੇ ਲਈ ਕੰਮ ਕਰਨਾ ਤੇ ਸਰਕਾਰ ਦੀ ਅਗਵਾਈ ਕਰਨਾ ਸੰਭਵ ਨਹੀਂ ਸੀ। ਇਸ ਮੁੱਦੇ ਨੂੰ ਲੈ ਕੇ ਲੋਕਾਂ ਵਿਚ ਜੋ ਧਾਰਨਾ ਬਣ ਰਹੀ ਹੈ, ਉਸ ਨੂੰ ਠੀਕ ਕਰਨ ਦੀ ਲੋੜ ਹੈ। ਇਹ ਮੇਰੀ ਅੰਤਰ ਆਤਮਾ ਦੀ ਆਵਾਜ਼ ਹੈ। ਮੇਰੇ ਤੋਂ ਕਿਸੇ ਨੇ ਅਸਤੀਫਾ ਨਹੀਂ ਮੰਗਿਆ।''
ਫਿਲਹਾਲ ਜਿਥੇ ਨਰਿੰਦਰ ਮੋਦੀ ਨੇ ਨਿਤੀਸ਼ ਨੂੰ ਉਨ੍ਹਾਂ ਦੇ ਦਲੇਰਾਨਾ ਕਦਮ ਲਈ ਵਧਾਈ ਦਿੱਤੀ ਹੈ, ਉਥੇ ਹੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਕਾਰਜਵਾਹਕ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਹੈ।
ਇਸ ਦਰਮਿਆਨ ਭਾਜਪਾ ਨੇ ਨਿਤੀਸ਼ ਕੁਮਾਰ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇ ਦਿੱਤਾ ਹੈ। 243 ਮੈਂਬਰੀ ਵਿਧਾਨ ਸਭਾ 'ਚ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ। ਜਨਤਾ ਦਲ (ਯੂ) ਕੋਲ 71, ਰਾਜਦ ਕੋਲ 80 ਤੇ ਭਾਜਪਾ ਕੋਲ 53 ਸੀਟਾਂ ਤੋਂ ਇਲਾਵਾ ਕਾਂਗਰਸ ਦੀਆਂ 27, ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੀਆਂ 2, ਰਾਲੋਸਪਾ ਦੀਆਂ 2, ਹਿੰਦੋਸਤਾਨੀ ਆਵਾਮੀ ਮੋਰਚੇ ਦੀ 1 ਅਤੇ ਸੀ. ਪੀ. ਆਈ. ਦੀਆਂ 3 ਸੀਟਾਂ ਤੋਂ ਇਲਾਵਾ 4 ਆਜ਼ਾਦ ਹਨ।
—ਵਿਜੇ ਕੁਮਾਰ
ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦੇ ਕੇ 'ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਹੈ'
NEXT STORY