2014 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਭਾਰੀ ਸਫਲਤਾ ਕਾਰਨ ਵਿਰੋਧੀ ਪਾਰਟੀਆਂ ਦੀ ਹੋਂਦ ਲਈ ਭਾਰੀ ਸੰਕਟ ਪੈਦਾ ਹੋ ਗਿਆ ਸੀ। ਇਸ ਤੋਂ ਬਚਣ ਅਤੇ ਭਾਜਪਾ ਦਾ ਮਜ਼ਬੂਤ ਬਦਲ ਬਣ ਕੇ ਉਸ ਦਾ ਰਾਹ ਰੋਕਣ ਲਈ ਪੁਰਾਣੇ ਜਨਤਾ ਪਰਿਵਾਰ ਦਾ ਹਿੱਸਾ ਰਹੀਆਂ ਪਾਰਟੀਆਂ ਸਪਾ, ਰਾਜਦ, ਜਨਤਾ ਦਲ (ਐੱਸ), ਜਨਤਾ ਦਲ (ਯੂ) ਆਦਿ ਨੇ ਮੁਲਾਇਮ ਸਿੰਘ ਯਾਦਵ ਦੀ ਪਹਿਲ 'ਤੇ ਅਗਲੀਆਂ ਚੋਣਾਂ ਵਿਚ ਇਕ 'ਮਹਾਮੋਰਚਾ' ਬਣਾਉਣ ਦੀ ਦਿਸ਼ਾ ਵਿਚ 2014 'ਚ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕੀਆਂ।
ਇਸ ਸਮੇਂ ਜਦੋਂ ਭਾਜਪਾ ਤੋਂ ਸਿਵਾਏ ਦੇਸ਼ ਵਿਚ ਕਾਂਗਰਸ ਸਮੇਤ ਲੱਗਭਗ ਸਾਰੀਆਂ ਪਾਰਟੀਆਂ ਹਾਸ਼ੀਏ 'ਤੇ ਆਈਆਂ ਹੋਈਆਂ ਹਨ, ਭਾਜਪਾ ਦਾ ਮਜ਼ਬੂਤ ਬਦਲ ਬਣਨ ਲਈ ਇਕ ਵਾਰ ਫਿਰ ਵਿਰੋਧੀ ਧਿਰ ਦੀ ਏਕਤਾ ਦੀ ਪਹਿਲ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ।
ਇਸ ਵਿਚ ਕਮਿਊਨਿਸਟਾਂ ਨੂੰ ਸ਼ਾਮਲ ਕਰਨ ਦੀ ਦਿਸ਼ਾ 'ਚ ਪਹਿਲ ਕਰਦਿਆਂ 10 ਫਰਵਰੀ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਾਰਕਸੀ ਨੇਤਾ ਸੀਤਾ ਰਾਮ ਯੇਚੁਰੀ ਨਾਲ ਮੁਲਾਕਾਤ ਕਰ ਕੇ ਹਮਖਿਆਲੀ ਪਾਰਟੀਆਂ ਨਾਲ ਇਕ ਹੋਣ ਦੀ ਲੋੜ ਦੱਸੀ ਸੀ ਤੇ ਦੋਹਾਂ ਨੇਤਾਵਾਂ ਦੀ ਇਸ ਮੁਲਾਕਾਤ ਨੂੰ 'ਕੌਮੀ ਸਿਆਸਤ ਵਿਚ ਵਿਚਾਰ ਮੰਥਨ ਦੀ ਪ੍ਰਕਿਰਿਆ ਦੀ ਸ਼ੁਰੂਆਤ' ਕਰਾਰ ਦਿੱਤਾ ਗਿਆ ਸੀ।
ਹੁਣ ਨਿਤੀਸ਼ ਕੁਮਾਰ ਨਾਲ ਆਪਣੀ ਮੁਲਾਕਾਤ ਨੂੰ ਅੱਗੇ ਵਧਾਉਂਦਿਆਂ 26 ਫਰਵਰੀ ਨੂੰ ਨਵੀਂ ਦਿੱਲੀ ਵਿਚ ਯੇਚੁਰੀ ਨੇ ਭਾਜਪਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕ-ਰੋਹ ਨੂੰ ਦਿਸ਼ਾ ਦੇ ਕੇ 2019 ਦੀਆਂ ਆਮ ਚੋਣਾਂ 'ਚ ਭਾਜਪਾ ਨੂੰ ਚੁਣੌਤੀ ਦੇਣ ਲਈ ਇਕ ਕੌਮੀ ਗੱਠਜੋੜ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਸੀਤਾ ਰਾਮ ਯੇਚੁਰੀ ਨੇ ਕਿਹਾ, ''ਅਸੀਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਆਧਾਰ 'ਤੇ ਫੈਸਲਾ ਕਰਾਂਗੇ। ਮੇਰਾ ਮੰਨਣਾ ਹੈ ਕਿ (2019 'ਚ) ਇਕ ਬਦਲਵੀਂ, ਧਰਮ-ਨਿਰਪੱਖ ਸਰਕਾਰ ਹੋਣੀ ਚਾਹੀਦੀ ਹੈ। ਅਸੀਂ ਫਿਰਕੂ ਤਾਕਤਾਂ ਦੀ ਸਰਕਾਰ ਵਿਰੁੱਧ ਦੇਸ਼ 'ਚ ਇਕ ਬਦਲਵੀਂ ਸਰਕਾਰ ਬਣਾਉਣ ਲਈ ਕੰਮ ਕਰਾਂਗੇ।''
ਬਿਹਾਰ 'ਚ ਨਿਤੀਸ਼ ਦੇ ਜਨਤਾ ਦਲ (ਯੂ), ਲਾਲੂ ਦੇ ਰਾਜਦ ਅਤੇ ਕਾਂਗਰਸ ਵਿਚਾਲੇ ਤਾਂ ਪਹਿਲਾਂ ਹੀ ਗੱਠਜੋੜ ਹੈ, ਜਦਕਿ ਯੂ. ਪੀ. ਵਿਚ ਮੁਲਾਇਮ ਸਿੰਘ ਦੇ ਪਰਿਵਾਰ ਨਾਲ ਉਨ੍ਹਾਂ ਦੀ ਰਿਸ਼ਤੇਦਾਰੀ ਹੈ ਤੇ ਦੂਜੇ ਪਾਸੇ ਅਖਿਲੇਸ਼ ਯਾਦਵ ਕਾਂਗਰਸ ਨਾਲ ਗੱਠਜੋੜ ਕਰ ਹੀ ਚੁੱਕੇ ਹਨ।
ਨਿਤੀਸ਼ ਕੁਮਾਰ ਦੇ ਨਾਲ-ਨਾਲ ਸੀਤਾ ਰਾਮ ਯੇਚੁਰੀ ਵਲੋਂ ਵੀ ਹਮਖਿਆਲੀ ਵਿਰੋਧੀ ਪਾਰਟੀਆਂ ਦੀ ਏਕਤਾ ਨੂੰ ਅੱਗੇ ਵਧਾਉਣ ਦੀ ਦਿਸ਼ਾ 'ਚ ਵਧ ਰਹੀ ਸੋਚ ਦੇਸ਼ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੇਣ ਦੀ ਦਿਸ਼ਾ 'ਚ ਇਕ ਚੰਗੀ ਪਹਿਲ ਹੈ।
ਇਹ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਵਿਚ ਇਕ ਮਹਾਗੱਠਜੋੜ ਦੀ ਸਥਾਪਨਾ ਦੀ ਦਿਸ਼ਾ ਵਿਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ ਹੈ ਕਿਉਂਕਿ ਚੋਣ ਨਤੀਜਿਆਂ ਵਿਚ ਜਿੱਤ-ਹਾਰ ਚਾਹੇ ਕਿਸੇ ਦੀ ਵੀ ਹੋਵੇ, ਵਿਰੋਧੀ ਪਾਰਟੀਆਂ 'ਚ ਏਕਤਾ ਹੋਣੀ ਦੇਸ਼ ਲਈ ਜ਼ਰੂਰੀ ਹੈ।
ਅਸੀਂ 12 ਫਰਵਰੀ ਦੇ ਸੰਪਾਦਕੀ 'ਚ ਲਿਖਿਆ ਸੀ, ''ਪੰਜਾਬ ਵਿਚ ਕਮਿਊਨਿਸਟ ਪਾਰਟੀਆਂ ਭਾਕਪਾ, ਮਾਕਪਾ ਅਤੇ ਰੈਵੋਲਿਊਸ਼ਨਰੀ ਮਾਰਕਸੀ ਪਾਰਟੀ ਆਫ ਇੰਡੀਆ ਨੇ 52 ਸੀਟਾਂ 'ਤੇ ਮਿਲ ਕੇ ਚੋਣ ਲੜੀ ਹੈ। ਇਸ ਲਈ ਜੇਕਰ ਹੋਰ ਕਮਿਊਨਿਸਟ ਪਾਰਟੀਆਂ ਵੀ ਆਪਣੇ ਮਤਭੇਦ ਭੁਲਾ ਕੇ ਇਕ ਮਜ਼ਬੂਤ ਗੱਠਜੋੜ ਬਣਾ ਲੈਣ ਜਾਂ 'ਵਿਰੋਧੀ ਧਿਰ ਦੇ ਮਹਾਗੱਠਜੋੜ' ਦੇ ਯਤਨਾਂ ਵਿਚ ਸ਼ਾਮਲ ਹੋ ਜਾਣ ਤਾਂ ਇਸ ਨਾਲ ਦੇਸ਼ ਦਾ ਭਲਾ ਹੀ ਹੋਵੇਗਾ।''
ਅੱਜ ਜਦੋਂ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੰਦਰੂਨੀ ਕਲੇਸ਼ ਅਤੇ ਫੁੱਟ ਦਾ ਸ਼ਿਕਾਰ ਨਜ਼ਰ ਆਉਂਦੀਆਂ ਹਨ, ਜੇਕਰ ਇਹ ਆਪਸੀ ਮਤਭੇਦ ਭੁਲਾ ਕੇ ਇਕ ਸਾਂਝਾ ਮੋਰਚਾ ਬਣਾ ਲੈਣ ਤਾਂ ਨਾ ਸਿਰਫ ਇਹ ਉਨ੍ਹਾਂ ਲਈ ਸਗੋਂ ਦੇਸ਼ ਲਈ ਵੀ ਚੰਗਾ ਹੋਵੇਗਾ।
ਭਾਜਪਾ ਵਿਚ ਵੀ ਕਈ ਅਜਿਹੇ ਲੋਕ ਮੌਜੂਦ ਹਨ, ਜਿਹੜੇ ਭਾਜਪਾ 'ਚ ਘਰ ਕਰ ਚੁੱਕੀਆਂ ਕਮੀਆਂ ਬਾਰੇ ਕੁਝ ਬੋਲਣਾ ਤਾਂ ਚਾਹੁੰਦੇ ਹਨ ਪਰ ਹਾਈਕਮਾਨ ਦੇ ਡਰੋਂ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਕਰਦੇ।
ਅੱਜ ਜੇਕਰ ਭਾਜਪਾ ਦੇ ਮੁਕਾਬਲੇ ਵਿਰੋਧੀ ਧਿਰ ਦਾ ਇਕ ਧਰਮ-ਨਿਰਪੱਖ ਮਹਾਗੱਠਜੋੜ ਬਣਦਾ ਹੈ ਤਾਂ ਇਹ 2019 ਦੀਆਂ ਚੋਣਾਂ ਵਿਚ ਦੇਸ਼ 'ਚ ਵੱਡੀ ਭੂਮਿਕਾ ਨਿਭਾਉਣ ਤੇ ਵਿਚਲੇ 2 ਸਾਲਾਂ ਦੌਰਾਨ ਲੋਕ-ਹਿਤੈਸ਼ੀ ਫੈਸਲੇ ਲੈਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਅਸੀਂ ਤਾਂ ਹਮੇਸ਼ਾ ਕਹਿੰਦੇ ਆਏ ਹਾਂ ਕਿ ਮਜ਼ਬੂਤ ਲੋਕਤੰਤਰ ਲਈ ਓਨੀ ਹੀ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਵਿਰੋਧੀ ਧਿਰ 'ਚ ਫੁੱਟ ਪੈਣ ਨਾਲ ਸੱਤਾਧਾਰੀ ਪਾਰਟੀ ਨੂੰ ਡਰ ਨਹੀਂ ਰਹਿੰਦਾ ਤੇ ਉਹ ਮਨਮਰਜ਼ੀ ਦੇ ਫੈਸਲੇ ਲੈਂਦੀ ਹੈ ਪਰ ਜੇਕਰ ਵਿਰੋਧੀ ਧਿਰ ਮਜ਼ਬੂਤ ਹੋਵੇ ਤਾਂ ਇਹ ਸੱਤਾਧਾਰੀ ਪਾਰਟੀ ਨੂੰ ਸਹੀ ਰਾਹ 'ਤੇ ਹੀ ਰੱਖਦੀ ਹੈ ਤੇ ਉਹ ਆਪਣੀਆਂ ਤਾਨਾਸ਼ਾਹੀ ਨੀਤੀਆਂ ਦੇਸ਼ 'ਤੇ ਲਾਗੂ ਨਹੀਂ ਕਰ ਸਕਦੀ। ਇਸੇ ਲਈ ਵਿਰੋਧੀ ਪਾਰਟੀਆਂ ਦੀ ਏਕਤਾ ਜ਼ਰੂਰੀ ਹੈ।
-ਵਿਜੇ ਕੁਮਾਰ
ਪਾਕਿ-ਚੀਨ ਵਲੋਂ ਭਾਰਤ ਵਿਰੋਧ 'ਤੇ ਸਹਿਮਤੀ ਦੇ ਮੱਦੇਨਜ਼ਰ ਸਾਡੀਆਂ ਨੀਤੀਆਂ 'ਤੇ ਮੁੜ ਵਿਚਾਰ ਜ਼ਰੂਰੀ
NEXT STORY