ਇਹ ਵਰ੍ਹਾ ਭਾਰਤ ਲਈ ਚੋਣਾਂ ਦਾ ਵਰ੍ਹਾ ਕਿਹਾ ਜਾ ਸਕਦਾ ਹੈ। ਅਜੇ ਕੁਝ ਹੀ ਸਮਾਂ ਪਹਿਲਾਂ ਦੇਸ਼ ਵਿਚ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸੰਪੰਨ ਹੋਈਆਂ ਤੇ ਇਨ੍ਹੀਂ ਦਿਨੀਂ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਸਿਆਸੀ ਸਰਗਰਮੀਆਂ ਜ਼ੋਰਾਂ 'ਤੇ ਹਨ। ਹੁਣ ਜਦੋਂ ਸ਼੍ਰੀ ਪ੍ਰਣਬ ਮੁਖਰਜੀ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਰਾਜਨਾਥ ਸਿੰਘ ਅਤੇ ਵੈਂਕੱਈਆ ਨਾਇਡੂ ਨੇ 16 ਜੂਨ ਨੂੰ ਸੋਨੀਆ ਗਾਂਧੀ ਤੇ ਸੀਤਾਰਾਮ ਯੇਚੁਰੀ ਨਾਲ ਵੱਖ-ਵੱਖ ਮੁਲਾਕਾਤ ਕਰ ਕੇ ਭਾਜਪਾ ਉਮੀਦਵਾਰ ਲਈ ਉਨ੍ਹਾਂ ਦਾ ਸਮਰਥਨ ਚਾਹਿਆ ਪਰ ਦੋਹਾਂ ਨੇ ਸਰਕਾਰ ਵਲੋਂ ਕੋਈ ਨਾਂ ਆਉਣ ਤਕ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਕੁਝ ਹੀ ਦਿਨਾਂ ਬਾਅਦ 19 ਜੂਨ ਨੂੰ ਭਾਜਪਾ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਲਈ ਦਲਿਤ ਕਾਰਡ ਖੇਡਦਿਆਂ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਨਾਮਜ਼ਦ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜਿਥੇ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਟੀ. ਆਰ. ਐੱਸ., ਬੀਜੂ ਜਨਤਾ ਦਲ, ਲੋਜਪਾ ਆਦਿ ਨੇ ਝੱਟਪਟ ਸ਼੍ਰੀ ਕੋਵਿੰਦ ਦੇ ਸਮਰਥਨ ਦਾ ਐਲਾਨ ਕਰ ਦਿੱਤਾ, ਉਥੇ ਹੀ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ ਵੀ ਆਪਣੇ ਗੱਠਜੋੜ ਭਾਈਵਾਲਾਂ ਰਾਜਦ ਅਤੇ ਕਾਂਗਰਸ ਨਾਲੋਂ ਵੱਖਰੀ ਰਾਏ ਰੱਖਦਿਆਂ ਉਨ੍ਹਾਂ ਨੂੰ ਸਮਰਥਨ ਦੇ ਕੇ ਵਿਰੋਧੀ ਧਿਰ ਦੀ ਏਕਤਾ ਨੂੰ ਝਟਕਾ ਦੇ ਦਿੱਤਾ, ਜਿਸ ਨੂੰ ਲਾਲੂ ਨੇ ਨਿਤੀਸ਼ ਦੀ ਇਤਿਹਾਸਿਕ ਭੁੱਲ ਦੱਸਿਆ।
ਸ਼ੁਰੂਆਤੀ ਨਾਂਹ-ਨੁੱਕਰ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਕੋਵਿੰਦ ਦੇ ਨਾਂ 'ਤੇ ਹਾਮੀ ਭਰ ਦਿੱਤੀ ਹੈ ਅਤੇ ਮੁਲਾਇਮ ਸਿੰਘ ਯਾਦਵ ਨੇ ਤਾਂ ਭਾਜਪਾ ਵਲੋਂ ਸ਼੍ਰੀ ਕੋਵਿੰਦ ਦਾ ਨਾਂ ਐਲਾਨੇ ਜਾਣ ਤੋਂ ਪਹਿਲਾਂ ਹੀ ਭਾਜਪਾ ਉਮੀਦਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ।
ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਲਈ ਦਲਿਤ ਕਾਰਡ ਖੇਡ ਕੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਨੇ ਵਿਰੋਧੀ ਪਾਰਟੀਆਂ ਨੂੰ ਚਿੱਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਨੇ ਵੀ ਇਸ ਨਾਲ ਨਜਿੱਠਣ ਲਈ ਦਲਿਤ ਕਾਰਡ ਹੀ ਖੇਡ ਦਿੱਤਾ।
ਬੇਸ਼ੱਕ ਰਾਜਗ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਤਾਰੇ ਉਮੀਦਵਾਰ ਸਾਹਮਣੇ ਵਿਰੋਧੀ ਧਿਰ ਵੰਡੀ ਹੋਈ ਨਜ਼ਰ ਆ ਰਹੀ ਸੀ ਪਰ ਕੋਵਿੰਦ ਦੇ ਮੁਕਾਬਲੇ ਆਪਣੇ ਉਮੀਦਵਾਰ ਦੇ ਨਾਂ 'ਤੇ ਵਿਚਾਰ ਕਰਨ ਲਈ ਬੁੱਧਵਾਰ ਨੂੰ 17 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਮੀਟਿੰਗ ਹੋਈ।
ਇਸ ਵਿਚ ਰਾਕਾਂਪਾ ਆਗੂ ਸ਼ਰਦ ਪਵਾਰ ਨੇ ਸੁਸ਼ੀਲ ਕੁਮਾਰ ਸ਼ਿੰਦੇ, ਬਾਲਚੰਦਰ ਮੂੰਗੇਕਰ ਅਤੇ ਮੀਰਾ ਕੁਮਾਰ ਦੇ ਨਾਂ ਸੁਝਾਏ। ਲਾਲੂ ਯਾਦਵ ਤੇ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੇ ਮੀਰਾ ਕੁਮਾਰ ਦੇ ਨਾਂ ਦਾ, ਤਾਂ ਮਾਰਕਸੀ ਪਾਰਟੀ ਨੇ ਪ੍ਰਕਾਸ਼ ਅੰਬੇਡਕਰ ਅਤੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਵਾਂ ਦਾ ਸਮਰਥਨ ਕੀਤਾ।
ਆਖਿਰ ਮੀਟਿੰਗ ਵਿਚ 'ਬਿਹਾਰ ਦੀ ਬੇਟੀ' ਮੀਰਾ ਕੁਮਾਰ ਦੇ ਨਾਂ 'ਤੇ ਸਹਿਮਤੀ ਹੋਣ 'ਤੇ ਸੋਨੀਆ ਗਾਂਧੀ, ਮਨਮੋਹਨ ਸਿੰਘ, ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ ਬ੍ਰਾਇਨ, ਮਾਕਪਾ ਦੇ ਸੀਤਾਰਾਮ ਯੇਚੁਰੀ ਆਦਿ ਨੇ ਮੀਰਾ ਕੁਮਾਰ ਦੇ ਨਾਮਜ਼ਦਗੀ ਪੱਤਰ 'ਤੇ ਦਸਤਖਤ ਕਰ ਦਿੱਤੇ।
ਵਿਰੋਧੀ ਧਿਰ ਨੇ ਏਕਤਾ ਦਰਸਾਉਂਦਿਆਂ ਮੀਰਾ ਕੁਮਾਰ ਨੂੰ ਰਾਮਨਾਥ ਕੋਵਿੰਦ ਦੇ ਮੁਕਾਬਲੇ 'ਚ ਉਤਾਰ ਕੇ ਰਾਜਗ ਨੂੰ ਰਾਸ਼ਟਰਪਤੀ ਚੋਣਾਂ ਵਿਚ ਵਾਕਓਵਰ ਮਿਲਣ ਤੋਂ ਰੋਕ ਕੇ ਵਿਰੋਧੀ ਧਿਰ ਦੀ ਏਕਤਾ ਦਾ ਚੰਗਾ ਸੰਕੇਤ ਦਿੱਤਾ ਹੈ।
ਦੋਵੇਂ ਹੀ ਉਮੀਦਵਾਰ ਉੱਚ ਸਿੱਖਿਆ ਪ੍ਰਾਪਤ ਤੇ ਸਿਆਸੀ, ਸਮਾਜਿਕ ਜੀਵਨ ਵਿਚ ਅਹਿਮ ਸਥਾਨ ਰੱਖਦੇ ਹਨ। ਜਿਥੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੇ ਉਮੀਦਵਾਰ ਸ਼੍ਰੀ ਰਾਮਨਾਥ ਕੋਵਿੰਦ ਪੇਸ਼ੇ ਤੋਂ ਵਕੀਲ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਦਿੱਲੀ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ 16 ਸਾਲ ਵਕਾਲਤ ਕੀਤੀ ਹੈ, ਉਥੇ ਹੀ 2 ਵਾਰ ਰਾਜ ਸਭਾ ਦੇ ਮੈਂਬਰ ਰਹਿਣ ਤੋਂ ਇਲਾਵਾ ਸਰਕਾਰ ਦੀਆਂ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਇਸੇ ਤਰ੍ਹਾਂ ਵਿਰੋਧੀ ਧਿਰ ਦੀ ਉਮੀਦਵਾਰ ਸ਼੍ਰੀਮਤੀ ਮੀਰਾ ਕੁਮਾਰ ਸਾਬਕਾ ਉਪ-ਪ੍ਰਧਾਨ ਮੰਤਰੀ ਅਤੇ ਆਜ਼ਾਦੀ ਘੁਲਾਟੀਏ ਬਾਬੂ ਜਗਜੀਵਨ ਰਾਮ ਦੀ ਧੀ ਹੈ। ਉਹ ਵੀ ਇਕ ਵਕੀਲ ਅਤੇ ਕੂਟਨੀਤਕ ਤੋਂ ਇਲਾਵਾ 5 ਵਾਰ ਲੋਕ ਸਭਾ ਦੀ ਮੈਂਬਰ, ਕੇਂਦਰ ਵਿਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਅਤੇ ਲੋਕ ਸਭਾ ਦੀ ਸਪੀਕਰ ਰਹਿ ਚੁੱਕੀ ਹੈ।
ਇਸ ਸਮੇਂ ਜਦੋਂ ਸਿਵਾਏ ਭਾਜਪਾ ਦੇ ਹੋਰ ਜ਼ਿਆਦਾਤਰ ਪਾਰਟੀਆਂ ਦੇ ਨਾਲ ਹੀ ਦੇਸ਼ ਦੀ 'ਗ੍ਰੈਂਡ ਓਲਡ ਪਾਰਟੀ' ਕਾਂਗਰਸ ਕੇਂਦਰ ਅਤੇ ਜ਼ਿਆਦਾਤਰ ਸੂਬਿਆਂ ਵਿਚ ਸੱਤਾ ਗੁਆਉਣ ਤੋਂ ਬਾਅਦ ਹਾਸ਼ੀਏ 'ਤੇ ਆ ਕੇ ਕਈ ਹਿੱਸਿਆਂ ਵਿਚ ਵੰਡ ਹੋ ਚੁੱਕੀ ਹੈ, ਅਜਿਹੀ ਸਥਿਤੀ ਵਿਚ ਰਾਸ਼ਟਰਪਤੀ ਦੀ ਚੋਣ ਨੇ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਦੇ ਤਹਿਤ ਖਿੰਡਰੀ ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦਾ ਇਕ ਮੌਕਾ ਦਿੱਤਾ ਹੈ।
ਵਿਰੋਧੀ ਧਿਰ ਦੇ ਮਜ਼ਬੂਤ ਹੋਣ 'ਤੇ ਹੀ ਸੱਤਾਧਾਰੀ ਪਾਰਟੀ ਸਹੀ ਰਾਹ 'ਤੇ ਚੱਲਣ ਲਈ ਮਜਬੂਰ ਹੁੰਦੀ ਹੈ ਪਰ ਵਿਰੋਧੀ ਧਿਰ ਨੂੰ ਸੱਤਾਧਾਰੀ ਪਾਰਟੀ ਦੀਆਂ ਸਹੀ ਕਾਰਗੁਜ਼ਾਰੀਆਂ ਵਿਚ ਰੁਕਾਵਟ ਨਾ ਬਣ ਕੇ ਉਸ ਦੀ ਸਹਾਇਕ ਬਣਨਾ ਚਾਹੀਦਾ ਹੈ, ਜਿਸ ਨਾਲਦੇਸ਼ ਨੂੰ ਫਾਇਦਾ ਹੋਵੇ।
ਰਾਸ਼ਟਰਪਤੀ ਚੋਣਾਂ ਦਾ ਨਤੀਜਾ ਚਾਹੇ ਜੋ ਵੀ ਹੋਵੇ, ਕੋਵਿੰਦ ਜਾਂ ਮੀਰਾ ਕੁਮਾਰ 'ਚੋਂ ਕੋਈ ਵੀ ਜਿੱਤੇ, ਇਸ ਨੇ ਵਿਰੋਧੀ ਧਿਰ ਨੂੰ ਇਕਜੁੱਟ ਹੋਣ ਦਾ ਇਕ ਚੰਗਾ ਮੌਕਾ ਦਿੱਤਾ ਹੈ, ਇਹ ਵੱਡੀ ਗੱਲ ਹੈ। —ਵਿਜੇ ਕੁਮਾਰ
'ਜਸਟਿਸ ਕਰਣਨ ਜੇਲ ਵਿਚ' ਨਿਆਂ ਪਾਲਿਕਾ ਨੇ ਸਿੱਧ ਕੀਤੀ ਨਿਰਪੱਖਤਾ
NEXT STORY