ਅਗਲੇ ਮਹੀਨੇ ਹੋਣ ਜਾ ਰਹੀਆਂ 5 ਸੂਬਿਆਂ ਦੀਆਂ ਚੋਣਾਂ 'ਚ ਲੱਗਭਗ 16 ਕਰੋੜ ਵੋਟਰ ਵੋਟਾਂ ਪਾਉਣਗੇ ਅਤੇ ਪਿਛਲੀਆਂ ਸਾਰੀਆਂ ਚੋਣਾਂ ਵਾਂਗ ਇਨ੍ਹਾਂ ਚੋਣਾਂ ਵਿਚ ਵੀ ਅਨੇਕ ਦਿਲਚਸਪੀਆਂ ਦੇਖਣ 'ਚ ਆ ਰਹੀਆਂ ਹਨ, ਜਿਨ੍ਹਾਂ ਵਿਚੋਂ ਕੁਝ ਹੇਠਾਂ ਦਰਜ ਹਨ¸
* ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ-ਦੋ ਥਾਵਾਂ ਤੋਂ ਚੋਣ ਲੜ ਰਹੇ ਹਨ। ਪਟਿਆਲਾ ਵਿਚ ਉਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਜਨਰਲ ਜੇ. ਜੇ. ਸਿੰਘ ਨਾਲ ਤੇ ਲੰਬੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੈ। ਇਸ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਜੀਵਨ ਦਾ ਮਹਾ-ਮੁਕਾਬਲਾ ਮੰਨ ਰਹੇ ਹਨ।
* ਫਗਵਾੜਾ ਸੀਟ 'ਤੇ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੇ ਜਾਣ ਨਾਲ ਨਾਰਾਜ਼ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਆਪਣੇ ਅਸਤੀਫੇ ਸੰਬੰਧੀ ਅਫਵਾਹਾਂ ਰੁਕਣ ਅਤੇ ਹਾਈਕਮਾਨ ਦੀ ਫਿਟਕਾਰ ਤੋਂ ਬਾਅਦ 18 ਜਨਵਰੀ ਨੂੰ ਸੋਮ ਪ੍ਰਕਾਸ਼ ਦੀ ਹਮਾਇਤ 'ਚ ਆਯੋਜਿਤ ਸਭਾ 'ਚ ਫਗਵਾੜਾ ਪਹੁੰਚੇ ਤੇ ਉਨ੍ਹਾਂ ਦੇ ਨਾਮਜ਼ਦਗੀ ਭਰਨ ਦੌਰਾਨ ਉਨ੍ਹਾਂ ਦੇ ਨਾਲ ਰਹੇ।
* ਸੰਸਦ ਅਤੇ ਵਿਧਾਨ ਸਭਾ ਦੀਆਂ 18 ਚੋਣਾਂ ਲੜ ਚੁੱਕੇ ਮੋਚੀ ਓਮ ਪ੍ਰਕਾਸ਼ ਜਾਖੂ ਇਸ ਵਾਰ ਹੁਸ਼ਿਆਰਪੁਰ ਤੋਂ 10 ਹਜ਼ਾਰ ਰੁਪਏ ਦੇ ਚੋਣ ਬਜਟ 'ਚ ਚੋਣ ਲੜ ਰਹੇ ਹਨ। ਸਕੂਟਰ 'ਤੇ ਪ੍ਰਚਾਰ ਕਰਨ ਵਾਲੇ ਜਾਖੂ ਦਾ ਕਹਿਣਾ ਹੈ ਕਿ ''ਜੇਕਰ ਇਕ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਇਕ ਮੋਚੀ ਵਿਧਾਇਕ ਕਿਉਂ ਨਹੀਂ ਬਣ ਸਕਦਾ!''
* 1977 ਤੋਂ 15 ਚੋਣਾਂ ਲੜ ਕੇ ਹਾਰ ਚੁੱਕੇ 'ਫੱਕੜ ਬਾਬਾ' ਨੇ 16ਵੀਂ ਵਾਰ ਮਥੁਰਾ ਤੋਂ ਪਰਚਾ ਭਰਿਆ ਹੈ। ਉਨ੍ਹਾਂ ਦਾ ਕਹਿਣਾ ਹੈ, ''ਮੈਂ ਆਪਣੇ ਗੁਰੂ ਦੇ ਹੁਕਮ 'ਤੇ ਚੋਣ ਲੜ ਰਿਹਾ ਹਾਂ, ਜਿਨ੍ਹਾਂ ਨੇ 20ਵੇਂ ਯਤਨ ਵਿਚ ਮੇਰੀ ਸਫਲਤਾ ਦੀ ਭਵਿੱਖਬਾਣੀ ਕੀਤੀ ਹੈ।''
* ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਬੀਤੇ ਸਾਲ ਕੇਂਦਰੀ ਭਾਜਪਾ ਸਰਕਾਰ ਨੇ ਅਯੁੱਧਿਆ ਵਿਚ 'ਰਾਮਾਇਣ ਅਜਾਇਬਘਰ' ਬਣਾਉਣ ਲਈ 151 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਜਵਾਬ ਵਿਚ ਅਖਿਲੇਸ਼ ਸਰਕਾਰ ਨੇ ਕੁਝ ਹੀ ਸਮਾਂ ਪਹਿਲਾਂ 20 ਕਰੋੜ ਰੁਪਏ ਦੀ ਲਾਗਤ ਨਾਲ ਇਕ ਭਜਨ ਕੀਰਤਨ ਅਤੇ ਰਾਮਾਇਣ ਪ੍ਰਚਾਰ ਸਥਲ ਬਣਾਉਣ ਦਾ ਐਲਾਨ ਕੀਤਾ ਹੈ।
* ਸਿਰਫ 3 ਫੁੱਟ 8 ਇੰਚ ਕੱਦ ਵਾਲੇ ਬਰੇਲੀ ਦੇ ਪ੍ਰਮੋਦ ਯਾਦਵ ਸਪਾ ਖੇਤਰਾਂ ਵਿਚ ਸਟਾਰ ਪ੍ਰਚਾਰਕ ਦੇ ਰੂਪ 'ਚ ਪ੍ਰਸਿੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ''ਮੇਰਾ ਵਿਆਹ ਸਪਾ ਨਾਲ ਹੋ ਚੁੱਕਾ ਹੈ ਅਤੇ ਅਖਿਲੇਸ਼ ਯਾਦਵ ਦੀ ਸੇਵਾ ਕਰਨ ਲਈ ਮੈਂ ਵਿਆਹ ਨਹੀਂ ਕਰਾਵਾਂਗਾ।''
* ਕਈ ਦਹਾਕਿਆਂ 'ਚ ਪਹਿਲੀ ਵਾਰ ਕਿਸੇ ਪਾਰਟੀ ਨੇ ਅਯੁੱਧਿਆ ਤੋਂ ਇਕ ਮੁਸਲਮਾਨ ਬਜ਼ਮੀ ਸਿੱਦੀਕੀ ਨੂੰ ਉਮੀਦਵਾਰ ਬਣਾਇਆ ਹੈ। ਉਹ ਬਸਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਪਿਛਲੇ ਸਾਲ ਅਕਤੂਬਰ 'ਚ ਇਕ ਔਰਤ ਨੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ।
* ਬੀਕਾਪੁਰ ਤੋਂ ਬਸਪਾ ਨੇ ਜਤਿੰਦਰ ਸਿੰਘ ਨੂੰ ਖੜ੍ਹਾ ਕੀਤਾ ਹੈ। ਉਸ ਨੇ 2014 'ਚ ਕਿਹਾ ਸੀ ਕਿ ਉਨ੍ਹਾਂ ਦੇ ਵਿਰੁੱਧ 17 ਕੇਸ ਪੈਂਡਿੰਗ ਹਨ, ਜਿਨ੍ਹਾਂ 'ਚ ਇਕ ਲੁੱਟ-ਖੋਹ ਅਤੇ ਅੱਗਜ਼ਨੀ ਦਾ ਹੈ।
* ਉੱਤਰ ਪ੍ਰਦੇਸ਼ ਚੋਣ ਕਮਿਸ਼ਨ ਨੇ ਪਹਿਲੀ ਵਾਰ ਪ੍ਰਦੇਸ਼ ਵਿਚ 22 ਜ਼ਿਲਿਆਂ ਦੇ 46 ਚੋਣ ਖੇਤਰਾਂ 'ਚ ਵੋਟਰ ਸੂਚੀਆਂ ਉਰਦੂ 'ਚ ਵੀ ਛਪਵਾਉਣ ਦਾ ਹੁਕਮ ਦਿੱਤਾ ਹੈ।
* ਉੱਤਰ ਪ੍ਰਦੇਸ਼ ਪੁਲਸ ਨੇ 13 ਜਨਵਰੀ ਤਕ 1750 ਨਾਜਾਇਜ਼ ਹਥਿਆਰ, 39 ਕੱਚੇ ਬੰਬ, 1800 ਕਾਰਤੂਸ ਜ਼ਬਤ ਕਰਨ ਤੋਂ ਇਲਾਵਾ ਪੂਰੇ ਪ੍ਰਦੇਸ਼ ਵਿਚ ਨਾਜਾਇਜ਼ ਹਥਿਆਰ ਬਣਾਉਣ ਦੇ 40 ਛੋਟੇ ਕਾਰਖਾਨੇ ਫੜੇ ਹਨ। ਇਸ ਤੋਂ ਇਲਾਵਾ 31.6 ਕਰੋੜ ਰੁਪਏ ਦੀ ਨਾਜਾਇਜ਼ ਕਰੰਸੀ ਅਤੇ 87 ਕਰੋੜ ਰੁਪਏ ਦੀ 14 ਦੇਸ਼ਾਂ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਹੈ।
* ਭਾਜਪਾ ਵਲੋਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ 'ਚ ਬਾਹਰੀ ਉਮੀਦਵਾਰਾਂ ਨੂੰ ਟਿਕਟ ਦੇਣ ਦੇ ਵਿਰੁੱਧ ਪਾਰਟੀ ਦੇ ਇਕ ਵਰਗ ਵਿਚ ਅਸੰਤੋਸ਼ ਭੜਕ ਉਠਿਆ ਤੇ ਸਹਾਰਨਪੁਰ ਅਤੇ ਕਾਸਗੰਜ ਆਦਿ ਅਨੇਕ ਥਾਵਾਂ 'ਤੇ ਭਾਜਪਾ ਵਰਕਰਾਂ ਨੇ ਪਾਰਟੀ ਦੇ ਝੰਡੇ ਸਾੜ ਕੇ ਰੋਸ ਜ਼ਾਹਿਰ ਕੀਤਾ ਅਤੇ ਇਕ ਥਾਂ 'ਤੇ ਇਕ ਨੌਜਵਾਨ ਨੇ ਆਤਮਦਾਹ ਕਰਨ ਦਾ ਯਤਨ ਵੀ ਕੀਤਾ।
* ਉੱਤਰਾਖੰਡ ਵਿਚ ਅਲਮੋੜਾ ਦੇ 58 ਪਿੰਡਾਂ ਦੇ ਲੋਕਾਂ ਨੇ ਸੜਕ ਤੇ ਪਾਣੀ ਵਰਗੀਆਂ ਸਹੂਲਤਾਂ ਨਾ ਹੋਣ ਕਾਰਨ ਮਤਦਾਨ ਨਾ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ 2010 'ਚ ਇਸ ਇਲਾਕੇ ਵਿਚ ਢਿੱਗਾਂ ਡਿਗਣ ਅਤੇ ਭਾਰੀ ਵਰਖਾ ਕਾਰਨ ਇਸ ਖੇਤਰ ਦੇ ਜ਼ਿਆਦਾਤਰ ਮਕਾਨ ਢਹਿ ਗਏ ਅਤੇ ਲੋਕ ਅਜੇ ਤਕ ਬੇਘਰ ਹਨ ਪਰ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ।
* ਗੋਆ ਵਿਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਭਾਜਪਾ ਨੂੰ 15 ਜਨਵਰੀ ਨੂੰ ਪਹਿਲਾ ਝਟਕਾ ਲੱਗਾ, ਜਦੋਂ ਖੇਡ ਮੰਤਰੀ ਰਮੇਸ਼ ਤਾਵੜਕਰ ਨੇ ਟਿਕਟ ਨਾ ਮਿਲਣ 'ਤੇ ਰੋਸ ਵਜੋਂ 3000 ਸਮਰਥਕਾਂ ਸਮੇਤ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਕੁਲ ਮਿਲਾ ਕੇ ਇਸ ਸਮੇਂ ਦੇਸ਼ ਵਿਚ ਅਜਿਹੀ ਚੋਣ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਵਿਚ ਨੋਟਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਹੋਣ ਵਾਲੀਆਂ ਇਹ ਪਹਿਲੀਆਂ ਮੁੱਖ ਚੋਣਾਂ ਹਨ, ਜਿਨ੍ਹਾਂ ਦੇ ਨਤੀਜੇ ਭਾਜਪਾ ਸਰਕਾਰ ਪ੍ਰਤੀ ਦੇਸ਼ਵਾਸੀਆਂ ਦੀ ਰਾਇ ਦੇ ਰੂਪ 'ਚ ਦੇਖੇ ਜਾਣਗੇ।
- ਵਿਜੇ ਕੁਮਾਰ
ਵਿਧਾਨ ਸਭਾ ਚੋਣਾਂ 'ਚ ਹੋ ਰਹੇ 'ਧਮਾਕੇ', 'ਬਗਾਵਤਾਂ' ਅਤੇ 'ਸੱਤਾ ਵਿਰੋਧੀ ਲਹਿਰ'
NEXT STORY