ਇਕ ਸਮਾਂ ਸੀ, ਜਦੋਂ ਆਪਣੀਆਂ ਉੱਚ ਨੈਤਿਕ ਕਦਰਾਂ-ਕੀਮਤਾਂ, ਆਦਰਸ਼ਾਂ ਤੇ ਰਵਾਇਤਾਂ ਲਈ ਭਾਰਤ ਦੁਨੀਆ ਭਰ ਵਿਚ ਜਾਣਿਆ ਜਾਂਦਾ ਸੀ। ਉਸ ਜ਼ਮਾਨੇ ਵਿਚ ਸਾਰੇ ਆਮ ਤੇ ਖਾਸ ਲੋਕ ਮਾਰਗਦਰਸ਼ਨ ਲਈ ਭਾਰਤ ਵੱਲ ਦੇਖਦੇ ਸਨ ਪਰ ਹੁਣ ਉਹ ਸੁਨਹਿਰਾ ਯੁੱਗ ਬਹੁਤ ਪਿੱਛੇ ਰਹਿ ਗਿਆ ਹੈ।
ਭਾਰਤ ਵਿਚ ਹੋ ਰਿਹਾ ਨੈਤਿਕ ਅਤੇ ਚਰਿੱਤਰਿਕ ਪਤਨ ਸਾਰੀਆਂ ਹੱਦਾਂ ਟੱਪ ਗਿਆ ਹੈ ਅਤੇ ਕਦਮ-ਕਦਮ 'ਤੇ ਰਿਸ਼ਤੇ ਸ਼ਰਮਸਾਰ, ਤਾਰ-ਤਾਰ ਹੋ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 22 ਅਪ੍ਰੈਲ ਨੂੰ ਗ੍ਰੇਟਰ ਨੋਇਡਾ ਵਿਚ 15 ਸਾਲਾ ਲੜਕੇ ਨੇ ਆਪਣੀ ਮਾਸੀ ਦੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ।
* 27 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਧਮਤਰੀ ਜ਼ਿਲੇ ਦੇ ਦਾਨੀਟੋਲਾ ਵਾਰਡ 'ਚ ਇਕ ਮਤਰੇਈ ਮਾਂ ਨੇ 7 ਸਾਲਾ ਮਾਸੂਮ ਬੱਚੀ ਦੀ ਕਿਸੇ ਗਲਤੀ 'ਤੇ ਗਰਮ ਹੰਸੀਏ ਨਾਲ ਉਸ ਦੇ ਪ੍ਰਾਈਵੇਟ ਅੰਗ ਨੂੰ ਸਾੜ ਦਿੱਤਾ। ਦੋਸ਼ ਹੈ ਕਿ ਬੱਚੀ ਦੀ ਦੂਜੀ ਭੈਣ ਨੂੰ ਵੀ ਇਸੇ ਤਰ੍ਹਾਂ ਅੱਤਿਆਚਾਰ ਕਰ ਕੇ ਘਰਵਾਲਿਆਂ ਨੇ ਮਾਰ ਦਿੱਤਾ ਸੀ।
* 02 ਮਈ ਨੂੰ ਮੁੰਬਰਾ (ਮਹਾਰਾਸ਼ਟਰ) ਦੀ ਅਲਮਾਸ ਕਾਲੋਨੀ 'ਚ ਜਾਹਰਾ ਨਾਮੀ ਔਰਤ ਨੇ ਕਿਸੇ ਝਗੜੇ ਕਾਰਨ ਆਪਣੀ 13 ਮਹੀਨਿਆਂ ਦੀ ਧੀ ਦੀ ਮੌਜੂਦਗੀ ਵਿਚ ਆਪਣੇ ਪੱਲੂ ਨਾਲ ਗਲਾ ਘੁੱਟ ਕੇ ਆਪਣੇ ਪਤੀ ਸਈਦ ਦੀ ਹੱਤਿਆ ਕਰ ਦਿੱਤੀ।
* 04 ਮਈ ਨੂੰ ਯੂ. ਪੀ. ਦੇ ਪ੍ਰਤਾਪਗੜ੍ਹ ਵਿਚ ਬਾਘਰਾਏ ਥਾਣੇ ਦੇ ਪਿਥੀਪੁਰ ਪਿੰਡ ਵਿਚ ਆਪਣੇ ਪਤੀ ਨਾਲ ਝਗੜੇ ਕਾਰਨ ਇਕ ਔਰਤ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੇ 3 ਸਾਲਾ ਬੇਟੇ ਅਤੇ 6 ਸਾਲਾ ਬੇਟੀ ਨੂੰ ਜ਼ਹਿਰ ਪਿਲਾ ਕੇ ਮਾਰ ਦਿੱਤਾ।
* 07 ਮਈ ਨੂੰ ਫਰੂਖਾਬਾਦ ਦੇ ਸ਼ਮਸਾਬਾਦ ਥਾਣਾ ਖੇਤਰ ਦੇ ਗਗੋਈਪੁਰ ਦੀ 10 ਸਾਲਾ ਵਿਦਿਆਰਥਣ ਨਾਲ ਉਸ ਦੀ ਭੂਆ ਦੇ ਮੁੰਡੇ ਨੇ ਬਲਾਤਕਾਰ ਕੀਤਾ।
* 07 ਮਈ ਨੂੰ ਹੀ ਲੌਂਗੋਵਾਲ ਨੇੜਲੇ ਪਿੰਡ ਕੇਹਰਸਿੰਘ ਵਾਲਾ ਦੇ ਬਜ਼ੁਰਗ ਲਾਲ ਸਿੰਘ ਦੀ ਉਸ ਦੇ ਬੇਟੇ ਕੁਲਵਿੰਦਰ ਨੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ ਤੇ ਆਪਣਾ ਪਾਪ ਲੁਕਾਉਣ ਲਈ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ।
* 08 ਮਈ ਨੂੰ ਬਿਹਾਰ ਦੇ ਭੋਜਪੁਰ ਜ਼ਿਲੇ ਦੇ ਚਰਪੋਖਰੀ ਥਾਣਾ ਖੇਤਰ 'ਚ ਪੈਂਦੇ ਪਿੰਡ ਮੁਕੁੰਦਪੁਰ 'ਚ ਇਕ ਨੌਜਵਾਨ ਨੇ ਆਪਣੀ ਨਾਬਾਲਗ ਚਚੇਰੀ ਭੈਣ ਨਾਲ ਬਲਾਤਕਾਰ ਦੀ ਕੋਸ਼ਿਸ਼ ਵਿਚ ਨਾਕਾਮ ਰਹਿਣ 'ਤੇ ਕੈਂਚੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 09 ਮਈ ਨੂੰ ਕਾਂਕੇਰ (ਛੱਤੀਸਗੜ੍ਹ) ਵਿਚ ਆਪਸੀ ਝਗੜੇ ਦੌਰਾਨ ਇਕ ਪਿਤਾ ਨੇ ਆਪਣੇ ਬੇਟੇ ਦਾ ਮੋਬਾਈਲ ਫੋਨ ਤੋੜ ਦਿੱਤਾ, ਜਿਸ 'ਤੇ ਬੇਟੇ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਲਾਠੀ ਨਾਲ ਕੁੱਟ-ਕੁੱਟ ਕੇ ਆਪਣੇ ਪਿਤਾ ਨੂੰ ਹੀ ਮਾਰ ਦਿੱਤਾ।
* 09 ਮਈ ਨੂੰ ਹੀ ਉਲਹਾਸ ਨਗਰ (ਮਹਾਰਾਸ਼ਟਰ) ਵਿਚ ਸੰਤੋਸ਼ ਕੁਮਾਰ ਸ਼ੇਖ ਨਾਮੀ ਨੌਜਵਾਨ ਨੇ ਆਪਣੀ ਪਤਨੀ ਸ਼ੰਮੀ ਨੂੰ ਸਾੜ ਕੇ ਮਾਰ ਦਿੱਤਾ ਕਿਉਂਕਿ ਉਸ ਦਾ ਹਰ ਵੇਲੇ ਮੋਬਾਈਲ ਨਾਲ ਚਿੰਬੜੇ ਰਹਿਣਾ ਸੰਤੋਸ਼ ਕੁਮਾਰ ਨੂੰ ਪਸੰਦ ਨਹੀਂ ਸੀ।
* 12 ਮਈ ਨੂੰ ਇਲਾਹਾਬਾਦ 'ਚ ਇਕ ਪਿਤਾ ਨੇ ਆਪਣੀ ਧੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਧੀ ਦੀਆਂ ਚੀਕਾਂ ਸੁਣ ਕੇ ਉਸ ਦੀ ਮਾਂ ਨੇ ਕਿਸੇ ਤਰ੍ਹਾਂ ਉਸ ਨੂੰ ਆ ਕੇ ਬਚਾਇਆ ਪਰ ਪਿਤਾ ਦੀ ਕਰਤੂਤ ਤੋਂ ਸ਼ਰਮਸਾਰ ਧੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਸਪਤਾਲ ਵਿਚ ਇਲਾਜ ਲਈ ਦਾਖਲ ਧੀ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਦੀ ਵੱਡੀ ਭੈਣ ਨਾਲ ਵੀ ਅਜਿਹਾ ਹੀ ਕਰਦਾ ਸੀ।
* 12 ਮਈ ਨੂੰ ਹੀ ਯੂ. ਪੀ. ਦੇ ਬੰਥਰਾ 'ਚ ਨਸ਼ੇ ਦੀ ਹਾਲਤ ਵਿਚ ਘਰ ਪਹੁੰਚੇ ਇਕ ਸਿਰਫਿਰੇ ਨੌਜਵਾਨ ਨੇ ਲਾਠੀ ਲੈ ਕੇ ਪਹਿਲਾਂ ਤਾਂ ਆਪਣੇ ਮਾਤਾ-ਪਿਤਾ ਨੂੰ ਕੁੱਟ ਕੇ ਘਰੋਂ ਭਜਾ ਦਿੱਤਾ ਤੇ ਫਿਰ ਬੂਹਾ ਬੰਦ ਕਰ ਕੇ ਸੁੱਤੀ ਪਈ ਆਪਣੀ ਛੋਟੀ ਭੈਣ ਉੱਤੇ ਤਾਬੜ-ਤੋੜ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
* 13 ਮਈ ਨੂੰ ਬਿਹਾਰ ਦੇ ਕਟਿਹਾਰ ਜ਼ਿਲੇ ਦੇ ਫਲਕਾ ਥਾਣੇ ਦੇ ਇਕ ਪਿੰਡ 'ਚ ਇਕ ਨੌਜਵਾਨ ਨੇ ਆਪਣੀ ਭੈਣ ਨਾਲ ਬਲਾਤਕਾਰ ਕੀਤਾ ਤੇ ਧਮਕੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਦੀ ਨਗਨ ਫੋਟੋ ਵਾਇਰਲ ਕਰ ਦੇਵੇਗਾ।
* 14 ਮਈ ਨੂੰ ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲੇ ਵਿਚ ਸੰਜੇ ਮਾਂਝੀ ਨਾਮੀ ਨੌਜਵਾਨ ਨੇ ਆਪਣੀ ਸਾਲੀ ਨਾਲ ਚੱਲ ਰਹੇ ਪ੍ਰੇਮ ਪ੍ਰਸੰਗ ਕਾਰਨ ਆਪਣੀ ਪਤਨੀ, ਧੀ, ਸੱਸ ਅਤੇ ਸਹੁਰੇ ਸਮੇਤ 5 ਵਿਅਕਤੀਆਂ ਦੀ ਕੁਹਾੜੀ ਨਾਲ ਹੱਤਿਆ ਕਰ ਦਿੱਤੀ।
* 14 ਮਈ ਨੂੰ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਪਿਓ-ਧੀ ਦੇ ਰਿਸ਼ਤੇ ਨੂੰ ਕਲੰਕਿਤ ਕਰਦਿਆਂ ਮਤਰੇਏ ਪਿਤਾ ਨੇ 10 ਵਰ੍ਹਿਆਂ ਦੀ ਨਾਬਾਲਗ ਧੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰ ਦਿੱਤਾ।
* 15 ਮਈ ਨੂੰ ਮੇਰਠ ਦੇ ਪਰਤਾਪੁਰ ਖੇਤਰ ਵਿਚ ਆਪਣੀ ਧੀ ਕੋਲ ਰਹਿ ਰਹੀ ਕ੍ਰਿਸ਼ਨਾ ਨਾਮੀ 75 ਸਾਲਾ ਬਜ਼ੁਰਗ ਔਰਤ ਦੀ ਉਸ ਦੇ ਬੇਟੇ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ।
ਕਿਸੇ ਵੀ ਦੇਸ਼ ਦਾ ਪਤਨ ਉਸ ਦੇਸ਼ ਦੇ ਲੋਕਾਂ ਦੇ ਚਰਿੱਤਰਿਕ ਪਤਨ ਨਾਲ ਸ਼ੁਰੂ ਹੁੰਦਾ ਹੈ। ਇਸ ਲਈ ਦੇਸ਼ ਵਿਚ ਉੱਚ ਨੈਤਿਕ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਮੁੜ ਸਥਾਪਨਾ ਕਰਨਾ ਸਮੇਂ ਦੀ ਮੰਗ ਹੈ। ਇਸ ਦੇ ਲਈ ਲੋੜ ਹੈ ਕਿ ਸਾਡਾ ਸੰਤ ਸਮਾਜ ਅਤੇ ਬੁੱਧੀਜੀਵੀ ਵਰਗ ਅੱਗੇ ਆਵੇ ਤੇ ਇਸ ਪਤਨ ਨੂੰ ਰੋਕਣ ਲਈ ਮਾਰਗਦਰਸ਼ਨ ਕਰੇ।
—ਵਿਜੇ ਕੁਮਾਰ
ਪੰਜਾਬ ਵਲੋਂ ਗੈਰ-ਹਾਜ਼ਰ ਸਟਾਫ ਦੀ ਛੁੱਟੀ ਕਰਨ ਦਾ ਸ਼ਲਾਘਾਯੋਗ ਫੈਸਲਾ
NEXT STORY