ਯੋਗੀ ਆਦਿੱਤਿਆਨਾਥ 1998 ਤੋਂ ਲਗਾਤਾਰ ਭਾਜਪਾ ਦੀ ਟਿਕਟ 'ਤੇ ਗੋਰਖਪੁਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਸਨ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਇਥੋਂ ਹੀ ਸੰਸਦ ਮੈਂਬਰ ਚੁਣੇ ਗਏ ਸਨ।
2017 ਦੀਆਂ ਚੋਣਾਂ ਵਿਚ ਯੂ. ਪੀ. ਵਿਚ ਭਾਜਪਾ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੋਗੀ ਆਦਿੱਤਿਆਨਾਥ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ 'ਤੇ ਸੂਬੇ ਦੇ ਮੁੱਖ ਮੰਤਰੀ ਵਜੋਂ ਨਾਮਜ਼ਦ ਕੀਤਾ ਗਿਆ ਤਾਂ 19 ਮਾਰਚ 2017 ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਮਗਰੋਂ 18 ਸਤੰਬਰ 2017 ਨੂੰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਚੁਣ ਲਏ ਗਏ।
ਸੱਤਾ ਸੰੰਭਾਲਣ ਤੋਂ ਬਾਅਦ ਉਨ੍ਹਾਂ ਨੇ ਜਿਥੇ ਸੂਬੇ ਦੇ ਸਰਕਾਰੀ ਦਫਤਰਾਂ, ਸਕੂਲਾਂ, ਹਸਪਤਾਲਾਂ ਆਦਿ ਵਿਚ ਅਚਨਚੇਤ ਛਾਪੇਮਾਰੀ ਦਾ ਸਿਲਸਿਲਾ ਸ਼ੁਰੂ ਕੀਤਾ, ਉਥੇ ਹੀ ਗਊ ਤਸਕਰੀ 'ਤੇ ਮੁਕੰਮਲ ਪਾਬੰਦੀ ਲਾਉਣ, ਅਧਿਕਾਰੀਆਂ ਤੇ ਮੰਤਰੀਆਂ ਨੂੰ ਆਪਣੀ ਜਾਇਦਾਦ ਤੇ ਖਾਤਿਆਂ ਦੀ ਜਾਣਕਾਰੀ ਦੇਣ, ਸਕੂਲਾਂ ਵਿਚ ਅਧਿਆਪਕਾਂ ਦੀ ਸੌ ਫੀਸਦੀ ਹਾਜ਼ਰੀ ਲਾਜ਼ਮੀ ਬਣਾਉਣ ਵਰਗੇ ਫੈਸਲੇ ਵੀ ਲਏ।
ਇਸ ਤੋਂ ਇਲਾਵਾ ਯੂ. ਪੀ. 'ਚ ਵਿਗੜੀ ਹੋਈ ਕਾਨੂੰਨ-ਵਿਵਸਥਾ ਦੀ ਹਾਲਤ ਲਈ ਹੋ ਰਹੀ ਭਾਰੀ ਆਲੋਚਨਾ ਨੂੰ ਦੇਖਦਿਆਂ ਸੂਬੇ ਵਿਚ ਲੱਗਭਗ 940 ਐਨਕਾਊਂਟਰ ਕੀਤੇ ਗਏ ਹਨ, ਜਿਨ੍ਹਾਂ ਦੌਰਾਨ ਘੱਟੋ-ਘੱਟ 3900 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 31 ਖਤਰਨਾਕ ਅਪਰਾਧੀ ਮਾਰੇ ਗਏ।
ਅਤੀਤ ਵਿਚ ਯੋਗੀ ਆਦਿੱਤਿਆਨਾਥ ਵਿਵਾਦਪੂਰਨ ਬਿਆਨ ਵੀ ਦਿੰਦੇ ਰਹੇ ਅਤੇ 2005 'ਚ ਉਨ੍ਹਾਂ ਨੇ ਕਥਿਤ ਤੌਰ 'ਤੇ 1800 ਈਸਾਈਆਂ ਦਾ ਸ਼ੁੱਧੀਕਰਨ ਕਰ ਕੇ ਉਨ੍ਹਾਂ ਨੂੰ ਹਿੰਦੂ ਧਰਮ 'ਚ ਸ਼ਾਮਲ ਕਰਵਾਇਆ ਸੀ। 7 ਸਤੰਬਰ 2008 ਨੂੰ ਉਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਗੋਰਖਪੁਰ ਦੇ ਦੰਗਿਆਂ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ, ਜਦੋਂ ਮੁਹੱਰਮ ਮੌਕੇ ਫਾਇਰਿੰਗ ਵਿਚ ਇਕ ਨੌਜਵਾਨ ਦੀ ਜਾਨ ਚਲੀ ਗਈ ਸੀ।
ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਵਿਵਾਦਾਂ ਤੋਂ ਦੂਰ ਰੱਖਣ ਦੀ ਅਣਥੱਕ ਕੋਸ਼ਿਸ਼ ਕੀਤੀ, ਫਿਰ ਵੀ ਕੁਝ ਗੱਲਾਂ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਹੋਈ। ਸਰਕਾਰੀ ਸਕੂਲਾਂ ਅਤੇ ਇਮਾਰਤਾਂ ਨੂੰ ਭਗਵਾ ਰੰਗ ਦੇਣ 'ਤੇ ਨਾ ਸਿਰਫ ਪਾਣੀ ਵਾਂਗ ਪੈਸਾ ਰੋੜ੍ਹਿਆ ਗਿਆ ਸਗੋਂ ਕੁਝ ਹੋਰ ਵਿਵਾਦ ਵੀ ਖੜ੍ਹੇ ਹੋਏ, ਜੋ ਅਜੇ ਵੀ ਰੁਕੇ ਨਹੀਂ ਹਨ ਅਤੇ ਇਮਾਰਤਾਂ ਦਾ ਰੰਗ ਵੀ ਪਹਿਲਾਂ ਵਰਗਾ ਕਰਵਾਉਣਾ ਪਿਆ।
ਇਸ ਮਹੀਨੇ ਦੇ ਸ਼ੁਰੂ ਵਿਚ ਜਦੋਂ ਕਈ ਮਦਰੱਸਿਆਂ ਦੇ ਸੰਚਾਲਕਾਂ 'ਤੇ ਅਜਿਹੇ ਦੋਸ਼ ਲਾਉਂਦਿਆਂ ਮਦਰੱਸਿਆਂ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਕਿ ਉਥੇ ਅੱਤਵਾਦੀ ਤੇ ਕੱਟੜਪੰਥੀ ਪੈਦਾ ਹੁੰਦੇ ਹਨ ਤਾਂ ਯੋਗੀ ਆਦਿੱਤਿਆਨਾਥ ਨੇ ਇਸ ਮੰਗ ਨੂੰ ਖਾਰਿਜ ਕਰਦਿਆਂ ਕਿਹਾ ਕਿ :
''ਕਿਸੇ ਮਦਰੱਸੇ ਨੂੰ ਕਿਸੇ ਵੀ ਹਾਲਤ 'ਚ ਬੰਦ ਨਹੀਂ ਕੀਤਾ ਜਾਵੇਗਾ ਸਗੋਂ ਉਨ੍ਹਾਂ ਨੂੰ ਆਧੁਨਿਕ ਬਣਾਇਆ ਜਾਵੇਗਾ ਕਿਉਂਕਿ ਮਦਰੱਸਿਆਂ ਨੂੰ ਬੰਦ ਕਰਨਾ ਸਮੱਸਿਆ ਦਾ ਹੱਲ ਨਹੀਂ, ਮਦਰੱਸਿਆਂ ਦਾ ਆਧੁਨਿਕੀਕਰਨ ਹੋਣਾ ਚਾਹੀਦਾ ਹੈ। ਉਥੇ ਰਵਾਇਤੀ ਸਿੱਖਿਆ ਦੇ ਨਾਲ-ਨਾਲ ਅੰਗਰੇਜ਼ੀ, ਕੰਪਿਊਟਰ ਤੇ ਆਧੁਨਿਕ ਵਿਸ਼ਿਆਂ ਦੀ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ।''
''ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਕਿਉਂਕਿ ਸਮਾਜ ਵਿਚ ਸਾਰੇ ਵਰਗਾਂ ਦੇ ਹਿੱਤ ਨਾਲ ਹੀ ਦੇਸ਼ ਅੱਗੇ ਵਧੇਗਾ। ਸਾਨੂੰ ਧਿਆਨ ਰੱਖਣਾ ਪੈਣਾ ਹੈ ਕਿ ਕੋਈ ਆਦਮੀ ਖੁਦ ਨੂੰ ਅਣਗੌਲਿਆ ਮਹਿਸੂਸ ਨਾ ਕਰੇ ਤੇ ਮਦਰੱਸਿਆਂ ਦੇ ਬੱਚੇ ਵੀ ਹੋਰਨਾਂ ਬੱਚਿਆਂ ਵਰਗੇ ਹੀ ਬਣ ਸਕਣ।''
ਜਿਥੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਨੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਬੰਗਲਿਆਂ ਵਿਚ ਰਹਿਣ ਦੀ ਇਜਾਜ਼ਤ ਦੇਣ ਦੇ ਪੱਖ ਵਿਚ ਪਿਛਲੀ ਅਖਿਲੇਸ਼ ਯਾਦਵ ਸਰਕਾਰ ਵਲੋਂ ਪੇਸ਼ ਸੋਧ ਕਾਨੂੰਨ ਦਾ ਸਮਰਥਨ ਕੀਤਾ ਹੈ, ਉਥੇ ਹੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਵੀ ਹਲਫੀਆ ਬਿਆਨ ਦੇ ਕੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਮੁਲਾਇਮ ਸਿੰਘ ਤੇ ਮਾਇਆਵਤੀ ਨੂੰ ਉਨ੍ਹਾਂ ਦੇ ਸਰਕਾਰੀ ਬੰਗਲਿਆਂ 'ਚ ਰਹਿਣ ਦਿੱਤਾ ਜਾਵੇ।
ਕੁਲ ਮਿਲਾ ਕੇ ਯੋਗੀ ਆਦਿੱਤਿਆਨਾਥ ਨੇ ਆਪਣੀ ਵਿਚਾਰਧਾਰਾ ਵਿਚ ਤਬਦੀਲੀ ਲਿਆਂਦੀ ਹੈ। ਯੂ. ਪੀ. ਦੀ ਧਰਤੀ ਨੂੰ 'ਗੰਗਾ-ਜਮੁਨੀ ਤਹਿਜ਼ੀਬ' ਦੀ ਧਰਤੀ ਕਿਹਾ ਜਾਂਦਾ ਹੈ, ਜਿਥੇ ਸਾਰੇ ਧਰਮਾਂ ਤੇ ਮਾਨਤਾਵਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਆਏ ਹਨ ਤੇ ਯੋਗੀ ਆਦਿੱਤਿਆਨਾਥ ਨੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜੋ ਗੱਲ ਕਹੀ ਹੈ, ਉਸ ਨਾਲ ਸਾਰੇ ਲੋਕ ਮਿਲ-ਜੁਲ ਕੇ ਆਪਸੀ ਸਹਿਯੋਗ ਨਾਲ ਸੂਬੇ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ ਅਤੇ ਸੂਬਾ ਤਰੱਕੀ ਕਰੇਗਾ।
-ਵਿਜੇ ਕੁਮਾਰ
ਕਿੰਨੀ ਉਚਿਤ ਹੈ ਜਹਾਜ਼ 'ਚ ਮੋਬਾਇਲ ਤੇ ਇੰਟਰਨੈੱਟ ਦੀ ਸਹੂਲਤ
NEXT STORY