14 ਅਪ੍ਰੈਲ, 2017 ਲਈ ਵਿਸ਼ੇਸ਼

You Are HereBlog
Friday, April 14, 2017-4:24 PM

ਡਾਕਟਰ ਭੀਮ ਰਾਮ ਰਾਓ ਅੰਬੇਡਕਰ ਦੇ 126ਵੇਂ ਜਨਮ ਦਿਵਸ ਸਬੰਧੀ ਵਿਸ਼ੇਸ਼। ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਦਾ ਜੀਵਨ ਸੰਵਾਰਨ ਲਈ ਅਪਣਾ ਜੀਵਨ ਲਗਾ ਦਿਤਾ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ। ਅਪਣੇ ਬ੍ਰਾਹਮਣ ਅਧਿਆਪਕ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਕੁੱਝ ਅਕਾਲੀ ਆਗੂਆਂ ਦੇ ਧੋਖਾ ਦੇਣ ਕਾਰਨ ਡਾਕਟਰ ਅੰਬੇਡਕਰ ਨੇ ਸਿੱਖ ਧਰਮ ਨਾਂ ਅਪਣਾਇਆ।
ਭਾਰਤੀ ਸਮਾਜ ਵਿੱਚ ਫੈਲੀ ਸਮਾਜਿਕ ਵਿਤਕਰੇ ਅਤੇ ਜਾਤ ਪ੍ਰਥਾ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਸਮਾਜ ਦੇ ਰਹਿਵਰਾਂ ਨੇ ਕੰਮ ਕੀਤਾ ਹੈ, ਇਨਾਂ ਚੋਂ ਭਾਰਤੀ ਸੰਵਿਧਾਨ ਤਿਆਰ ਕਰਨ ਲਈ ਮੁੱਖ ਭੂਮਿਕਾ ਨਿਭਾਉਣ ਵਾਲੇ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਦਾ ਨਾਮ ਪ੍ਰਮੁੱਖ ਹੈ। ਡਾਕਟਰ ਭੀਮ ਰਾਮ ਰਾਓ ਅੰਬੇਡਕਰ ਨੇ ਸਦੀਆਂ ਤੋਂ ਦੱਬੇ ਕੁੱਚਲੇ ਕਰੋੜਾਂ ਲੋਕਾਂ ਦਾ ਜੀਵਨ ਠੀਕ ਲਈ ਅਪਣਾ ਜੀਵਨ ਲਗਾ ਦਿਤਾ ਅਤੇ ਅਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਦਿੱਤੀ। ਡਾਕਟਰ ਭੀਮਰਾਓ ਰਾਮਜੀ ਅੰਬੇਡਕਰ ਦਾ ਜਨਮ ਅੱਜ ਦੇ ਦਿਨ 14 ਅਪ੍ਰੈਲ 1891 ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਕੇਂਦਰੀ ਪ੍ਰਾਂਤ (ਹੁਣ ਮੱਧ ਪ੍ਰਦੇਸ਼ ਵਿੱਚ) 'ਚ ਸਥਾਪਿਤ ਨਗਰ ਅਤੇ ਸੈਨਿਕ ਛਾਊਣੀ ਮਊ 'ਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਰਾਮ ਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਮ ਭੀਮਾਬਾਈ ਮੁਰਬਾਦਕਰ ਸੀ ਅਤੇ ਉਹ ਅਪਣੇ ਮਾਤਾ ਪਿਤਾ ਦੀ 14ਵੀਂ ਅੋਲਾਦ ਸਨ। ਉਹ ਹਿੰਦੂ ਮਹਾਰ ਜਾਤੀ ਨਾਲ ਸਬੰਧ ਰੱਖਦੇ ਸੀ ਜੋ ਕਿ ਭਾਰਤ 'ਚ ਅਛੂਤ ਕਹੀ ਜਾਂਦੀ ਸੀ ਅਤੇ ਉਹਨਾਂ ਨਾਲ ਸਮਾਜਿਕ ਅਤੇ ਆਰਥਿਕ ਰੂਪ ਨਾਲ ਭੇਦਭਾਵ ਕੀਤਾ ਜਾਂਦਾ ਸੀ। ਡਾਕਟਰ ਅੰਬੇਡਕਰ ਦੇ ਬਜ਼ੁਰਗ ਲੰਬੇ ਸਮੇਂ ਤੋਂ ਬ੍ਰਿਟਿਸ਼ ਈਸਟ ਇੰਡੀਆਂ ਕੰਪਨੀ ਦੀ ਸੈਨਾ ਵਿੱਚ ਕੰਮ ਕਰਦੇ ਆ ਰਹੇ ਸਨ ਅਤੇ ਉਨਾਂ ਦੇ ਪਿਤਾ ਭਾਰਤੀ ਸੈਨਾ ਦੀ ਮਊ ਛਾਊਣੀ 'ਚ ਕੰਮ ਕਰਦੇ ਸਨ। ਸਕੂਲੀ ਪੜਾਈ 'ਚ ਨਿਪੁੰਨ ਹੋਣ ਦੇ ਬਾਵਜੂਦ ਡਾਕਟਰ ਅੰਬੇਡਕਰ ਅਤੇ ਅਛੂਤਾਂ ਦੇ ਹੋਰ ਬੱਚਿਆਂ ਨੂੰ ਸਕੂਲ ਵਿੱਚ ਅਲੱਗ ਬਿਠਾਇਆ ਜਾਂਦਾ ਸੀ। ਉਹਨਾਂ ਨੂੰ ਜਮਾਤ ਦੇ ਅੰਦਰ ਬਾਕੀ ਆਮ ਵਿਦਿਆਰਥੀਆਂ ਨਾਲ ਬੈਠਣ ਦੀ ਇਜ਼ਾਜ਼ਤ ਨਹੀਂ ਸੀ, ਪਿਆਸ ਲੱਗਣ ਤੇ ਕੋਈ ਉੱਚ ਜਾਤੀ ਦਾ ਵਿਅਕਤੀ ਉਚਾਈ ਤੋਂ ਪਾਣੀ ਉਹਨਾਂ ਦੇ ਹੱਥਾਂ ਤੇ ਪਾਂਦਾ ਸੀ ਅਤੇ ਪਾਣੀ ਦੇ ਭਾਂਡਿਆਂ ਨੂੰ ਹੱਥ ਲਾਉਣ ਦੀ ਵੀ ਆਗਿਆ ਨਹੀਂ ਸੀ। ਆਮ ਤੌਰ ਤੇ ਇਹ ਕੰਮ ਸਕੂਲ ਦੇ ਚਪੜਾਸੀ ਦੁਆਰਾ ਕੀਤਾ ਜਾਂਦਾ ਸੀ ਅਤੇ ਜੇਕਰ ਕਿਸੇ ਦਿਨ ਉਹ ਨਾ ਆਉਂਦਾ ਤਾਂ ਡਾਕਟਰ ਅੰਬੇਡਕਰ ਨੂੰ ਸਾਰਾ ਦਿਨ ਪਿਆਸੇ ਹੀ ਰਹਿਣਾ ਪੈਂਦਾ ਸੀ। ਕੁਝ ਸਮੇਂ ਬਾਅਦ ਡਾਕਟਰ ਅੰਬੇਡਕਰ ਦੇ ਪਿਤਾ ਪਰਿਵਾਰ ਸਮੇਤ ਮੁੰਬਈ ਆ ਗਏ ਜਿੱਥੇ ਕਿ ਅੰਬੇਡਕਰ ਐਲਫਿੰਸਟੋਲ ਰੋਡ ਸਥਿਤ ਸਰਕਾਰੀ ਹਾਈ ਸਕੂਲ ਦੇ ਪਹਿਲੇ ਦਲਿਤ ਵਿਦਿਆਰਥੀ ਬਣੇ। ਇੱਥੇ ਵੀ ਉਨਾਂ ਨਾਲ ਜਾਤ ਆਧਾਰਿਤ ਭੇਦਭਾਵ ਹੁੰਦਾ ਰਿਹਾ। ਉਨਾਂ ਦੇ ਜੀਵਨ 'ਚ ਵਾਪਰੀਆਂ ਅਜਿਹੀਆਂ ਸਮਾਜਿਕ ਭੇਦਭਾਵ ਵਾਲੀਆਂ ਘਟਨਾਵਾਂ ਨੇ ਉਨ੍ਹਾਂ ਦੇ ਦਿਮਾਗ ਅਤੇ ਵਿਚਾਰਧਾਰਾ ਤੇ ਡੂੰਘਾ ਅਸਰ ਕੀਤਾ। ਇਸ ਲਈ ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਅਜਿਹੀਆਂ ਸਮਾਜਿਕ ਬੁਰਾਈਆਂ ਨੂੰ ਜੜੋ ਖਤਮ ਕਰਕੇ ਰਹਿਣਗੇ। ਉਨਾਂ ਨੇ ਅਪਣੇ ਇੱਕ ਬ੍ਰਾਹਮਣ ਦੋਸਤ ਅਧਿਆਪਕ ਮਹਾਂਦੇਵ ਅੰਬੇਡਕਰ ਦੇ ਕਹਿਣ ਤੇ ਅਪਣੇ ਨਾਮ ਨਾਲ ਅੰਬੇਡਕਰ ਸ਼ਬਦ ਜੋੜਿਆ। ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਐਲਫਿਨਸਟਨ ਕਾਲਜ਼ ਮੁੰਬਈ 'ਚ ਦਾਖਲਾ ਲਿਆ ਅਤੇ ਇਸ ਤਰਾਂ ਉਹ ਭਾਰਤ 'ਚ ਕਾਲਜ਼ 'ਚ ਦਾਖਲਾ ਲੈਣ ਵਾਲੇ ਪਹਿਲੇ ਦਲਿੱਤ ਵਿਦਿਆਰਥੀ ਬਣੇ। ਸੰਨ 1912 ਵਿੱਚ ਉਨ੍ਹਾਂ ਨੇ ਬੀ ਏ ਪਾਸ ਕਰ ਲਈ। ਮਹਾਰਾਜਾ ਬੜੋਦਾ ਦੇ ਗਾਇਕਵਾੜ ਸ਼ਾਸ਼ਕ ਨੇ ਉਹਨਾਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਲਈ ਸਰਕਾਰੀ ਖਰਚੇ ਤੇ ਅਮਰੀਕਾ ਭੇਜ ਦਿੱਤਾ। ਜੀਵਨ 'ਚ ਆਈਆਂ ਭਾਰੀ ਰੁਕਾਵਟਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਡਾਕਟਰ ਅੰਬੇਡਕਰ ਨੇ ਪੰਜ ਵਿਸ਼ਿਆਂ ਵਿੱਚ ਐਮ.ਏ., ਪੀ.ਐਚ.ਡੀ., ਡੀ.ਐਸ.ਸੀ. ਐਲ.ਐਲ.ਡੀ., ਡੀ.ਲਿੱਟ, ਬਾਰ.ਐਟ ਲਾਅ ਦੀਆਂ ਡਿੱਗਰੀਆਂ ਪ੍ਰਾਪਤ ਕੀਤੀਆਂ। ਉਸ ਵੇਲੇ ਬਾਲ ਵਿਆਹ ਦੀ ਕੁਪ੍ਰਥਾ ਜੋਰਾਂ ਤੇ ਸੀ। ਬਾਬਾ ਸਾਹਿਬ ਦਾ ਵਿਆਹ ਲੱਗਭਗ 17 ਸਾਲ ਦੀ ਉਮਰ 'ਚ ਰਾਮਾ ਬਾਈ ਨਾਲ ਹੋਇਆ। ਡਾਕਟਰ ਅੰਬੇਡਕਰ ਦੇ ਘਰ ਪੰਜ ਬੱਚਿਆਂ ਜਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜ ਰਤਨ ਨੇ ਜਨਮ ਲਿਆ ਪਰ ਜਸਵੰਤ ਰਾਓ ਤੋਂ ਇਲਾਵਾ ਬਾਕੀ ਛੋਟੀ ਉਮਰ ਵਿੱਚ ਹੀ ਮਰ ਗਏ। ਮਈ 1935 ਵਿੱਚ ਬਾਬਾ ਸਾਹਿਬ ਦੀ ਜੀਵਨ ਸਾਥਣ ਰਮਾ ਬਾਈ ਬੀਮਾਰੀ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਈੇ। ਪੜਾਈ ਮੁਕੰਮਲ ਕਰਨ ਤੋਂ ਬਾਅਦ ਮਹਾਰਾਜਾ ਬੜੌਦਾ ਨੇ ਡਾਕਟਰ ਅੰਬੇਡਕਰ ਨੂੰ ਫੌਜੀ ਸਕੱਤਰ ਨਿਯੁਕਤ ਕਰ ਲਿਆ ਪਰ ਇੱਥੇ ਵੀ ਉਨ੍ਹਾਂ ਨੂੰ ਅਛੂਤ ਹੋਣ ਕਾਰਨ ਉੱਚ ਜਾਤੀ ਦੇ ਕਰਮਚਾਰੀ ਨਫਰਤ ਨਾਲ ਹੀ ਦੇਖਦੇ ਰਹੇ। ਜਦੋਂ ਉਹ ਮੁੰਬਈ ਦੇ ਕਾਲਜ਼ 'ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਨਿਯੁਕਤ ਹੋਏ ਤਾਂ ਉੱਥੇ ਵੀ ਅਛੂਤ ਹੋਣ ਕਾਰਨ ਉਨਾਂ ਨਾਲ ਭੇਦਭਾਵ ਹੁੰਦਾ ਰਿਹਾ। ਬ੍ਰਿਟਿਸ਼ ਸਰਕਾਰ 'ਚ ਉੱਚ ਅਹੁਦੇ ਪਹਿਲਾਂ ਸਿਰਫ ਅੰਗਰੇਜਾ ਲਈ ਹੀ ਰਾਖਵੇਂ ਸਨ ਅਤੇ ਬ੍ਰਿਟਿਸ਼ ਸਰਕਾਰ ਇਸਦਾ ਕਾਰਨ ਇਹ ਮੰਨਦੀ ਸੀ ਕਿ ਭਾਰਤੀਆਂ ਦੀ ਵਿਦਿਅਕ ਪੱਖੋਂ ਮੈਰਿਟ ਅੰਗਰੇਜਾਂ ਨਾਲੋਂ ਹੇਠਾਂ ਹੈ। ਭਾਰਤੀ ਲੋਕਾਂ ਵਲੋਂ ਕਿਤੇ ਅੰਦੋਲਨ ਬਾਦ ਸਾਊਥਬੋਰੋਹ ਸਮਿਤੀ ਦੀ ਸਿਫਾਰਿਸ਼ ਤੇ ਅੰਗਰੇਜ਼ ਸਰਕਾਰ ਨੇ ਆਈ ਸੀ ਐਸ ਦੀਆਂ 11 ਪੋਸਟਾਂ ਭਾਰਤੀਆਂ ਲਈ ਰੱਖੀਆਂ ਜਿਨਾਂ ਚੋਂ 4 ਹਿੰਦੂਆਂ ਲਈ, 4 ਮੁਸਲਮਾਨਾਂ ਲਈ, 2 ਸਿੱਖਾਂ ਲਈ ਅਤੇ ਇੱਕ ਐਂਗਲੋ ਇੰਡੀਅਨ ਲਈ ਰੱਖੀ ਗਈ। ਡਾਕਟਰ ਅੰਬੇਡਕਰ ਨੇ ਇਸ ਸਮਿਤੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਦਲਿਤਾਂ ਲਈ ਵੀ ਅਲੱਗ ਅਧਿਕਾਰ ਰੱਖੇ ਜਾਣ ਪਰੰਤੂ ਹਿੰਦੂਆਂ ਨੇ ਡਾਕਟਰ ਅੰਬੇਡਕਰ ਦੀ ਇਸ ਮੰਗ ਦਾ ਸਖਤੀ ਨਾਲ ਵਿਰੋਧ ਕੀਤਾ ਜਿਸ ਕਾਰਨ ਇਨਾਂ ਚੋਂ ਕੋਈ ਵੀ ਪੋਸਟ ਦਲਿਤਾਂ ਲਈ ਨਾਂ ਰੱਖੀ ਗਈ। ਡਾਕਟਰ ਅੰਬੇਡਕਰ ਅਤੇ ਹੋਰ ਦਲਿਤਾਂ ਨੇ ਹਿੰਦੂਆਂ ਦੇ ਇਸ ਵਿਰੋਧ ਪ੍ਰਤੀ ਰੋਸ ਦਾ ਪ੍ਰਗਟਾਵਾ ਕੀਤਾ ਜਿਸ ਤੋਂ ਬਾਅਦ ਅੰਗਰੇਜ ਸਰਕਾਰ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਇਮਨ ਕਮਿਸ਼ਨ ਭਾਰਤ ਭੇਜਿਆ। ਇਸ ਸਾਇਮਨ ਕਮਿਸ਼ਨ ਦਾ ਡਾਕਟਰ ਅੰਬੇਡਕਰ ਅਤੇ ਹੋਰ ਦਲਿਤ ਆਗੂਆਂ ਜਿਨਾਂ 'ਚ ਪੰਜਾਬ ਤੋਂ ਆਦਿ ਧਰਮ ਮੁਹਿੰਮ ਦੇ ਆਗੂ ਬਾਬੂ ਮੰਗੂ ਰਾਮ ੂਮਗੋਵਾਲੀਆ ਸ਼ਾਮਲ ਸਨ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਦਲਿਤ ਜਥੇਵੰਦੀਆਂ ਨੇ ਅਪਣੀਆਂ ਮੰਗਾਂ ਇਸ ਕਮਿਸ਼ਨ ਅੱਗੇ ਰੱਖੀਆਂ। ਕਈ ਹਿੰਦੂ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਇਸਤੋਂ ਬਾਅਦ ਕਮਿਸ਼ਨ ਦੀਆਂ ਤਿੰਨ ਮੀਟਿੰਗਾਂ ਲੰਡਨ 'ਚ ਹੋਈਆਂ ਜਿਸ 'ਚ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ਼ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸਤ 1932 ਨੂੰ ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਐਵਾਰਡ ਦਾ ਫੈਸਲਾ ਸੁਣਾ ਦਿਤਾ ਜਿਸ ਅਨੁਸਾਰ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਦੇ ਦਿੱਤਾ ਜਿਸਦਾ ਕੱਟੜ ਹਿੰਦੂ ਨੇਤਾਵਾਂ ਨੇ ਵਿਰੋਧ ਕੀਤਾ। ਕਾਂਗਰਸੀ ਆਗੂ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਫੈਸਲੇ ਅਤੇ ਅਛੂਤਾਂ ਨੂੰ ਮਿਲੇ ਅਧਿਕਾਰਾਂ ਖਿਲਾਫ ਮਰਨ ਵਰਤ ਸ਼ੁਰੂ ਕਰ ਦਿਤਾ। ਗਾਂਧੀ ਦੇ ਇਸ ਮਰਨ ਵਰਤ ਕਾਰਨ ਦੇਸ਼ 'ਚ ਖਲਬਲੀ ਮਚ ਗਈ ਅਤੇ ਡਾਕਟਰ ਅੰਬੇਡਕਰ ਤੇ ਦਬਾਓ ਵੱਧ ਗਿਆ। ਅੰਤ 24 ਸਤੰਬਰ 1932 ਨੂੰ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਗਾਂਧੀ ਵਿਚਕਾਰ ਇੱਕ ਸਮਝੋਤਾ ਹੋਇਆ ਜਿਸ ਵਿੱਚ ਅਛੂਤਾਂ ਨੂੰ ਮਿਲਿਆ ਵੱਖਰੀ ਪ੍ਰਤੀਨਿਧਤਾ ਦਾ ਅਧਿਕਾਰ ਖਤਮ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਅੰਬੇਡਕਰ ਨੇ ਦਲਿਤਾਂ ਦੀ ਭਲਾਈ ਅਤੇ ਰਾਖੀ ਲਈ ਰਾਜਨੀਤਿਕ ਲੜਾਈ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਡਾਕਟਰ ਅੰਬੇਡਕਰ ਨੇ 1936 'ਚ ਅਜ਼ਾਦ ਲੇਬਰ ਪਾਰਟੀ ਭਾਰਤ ਦੀ ਸਥਾਪਨਾ ਕੀਤੀ ਅਤੇ 1937 ਵਿੱਚ ਹੋਈਆਂ ਕੇਂਦਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 15 ਸੀਟਾਂ ਤੇ ਜਿੱਤ ਹਾਸਲ ਹੋਈ। ਉਨਾਂ ਨੇ ਹਿੰਦੂ ਧਰਮ ਅਤੇ ਮੁਸਲਿਮ ਧਰਮ 'ਚ ਹੋ ਰਹੇ ਅਛੂਤਾਂ ਨਾਲ ਵਿਤਕਰੇ ਬਾਰੇ ਖੁੱਲਕੇ ਲਿਖਿਆ। ਉਨਾਂ ਨੇ ਮੂਕ ਨਾਇਕ-ਗੂੰਗਿਆਂ ਦਾ ਆਗੂ ਹਫਤਾਵਾਰੀ ਅਖਬਾਰ ਸ਼ੁਰੂ ਕੀਤਾ। ਉਨਾਂ ਨੇ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦਾ ਗਠਨ ਕੀਤਾ ਅਤੇ ਦਲਿਤਾਂ ਦੇ ਵਿਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕੀਤਾ। ਡਾਕਟਰ ਅੰਬੇਡਕਰ ਨੇ ਰੱਖਿਆ ਸਲਾਹਕਾਰ ਸਮਿਤੀ ਅਤੇ ਵਾਇਸਰਾਇ ਦੀ ਕਾਰਜਕਾਰੀ ਪ੍ਰੀਸ਼ਦ ਲਈ ਲੇਬਰ ਮੰਤਰੀ ਦੇ ਤੋਰ ਤੇ ਕੰਮ ਕੀਤਾ। ਸਾਲ 1940 'ਚ ਬਾਬਾ ਸਾਹਿਬ ਦੀ ਤਬੀਅਤ ਖਰਾਬ ਰਹਿਣ ਲੱਗ ਪਈ ਅਤੇ ਬਾਬਾ ਸਾਹਿਬ ਇਲਾਜ਼ ਲਈ ਮੁੰਬਈ ਗਏ ਜਿੱਥੇ ਉਨਾਂ ਦੀ ਮੁਲਾਕਾਤ ਡਾਕਟਰ ਸ਼ਾਰਦਾ ਕਬੀਰ ਨਾਲ ਹੋਈ ਅਤੇ 15 ਅਪ੍ਰੈਲ, 1948 ਨੂੰ ਬਾਬਾ ਸਾਹਿਬ ਨੇ ਡਾਕਟਰ ਸ਼ਾਰਦਾ ਕਬੀਰ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ ਵਿਆਹ ਤੋਂ ਬਾਅਦ ਉਸਨੂੰ ਸਵਿਤਾ ਅੰਬੇਡਕਰ ਦਾ ਨਾਮ ਦਿਤਾ ਗਿਆ। 15 ਅਗਸਤ 1947 ਨੂੰ ਭਾਰਤ ਦੇਸ਼ ਅਜ਼ਾਦ ਹੋ ਗਿਆ ਅਤੇ ਡਾਕਟਰ ਅੰਬੇਡਕਰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ। 29 ਅਗਸਤ 1947 ਨੂੰ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਬਣਾਈ ਗਈ ਜਿਸਦੇ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਬਣਾਇਆ ਗਿਆ। ਇਸ ਕਮੇਟੀ 'ਚ 6 ਹੋਰ ਮੈਂਬਰ ਪੰਡਿਤ ਗੋਬਿੰਦ ਵਲਭ ਪੰਤ, ਕੇ ਐਮ ਮੁਨਸ਼ੀ ਸਾਬਕ ਗ੍ਿਰਹ ਮੰਤਰ ਬੰਬੇ, ਅਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਾਬਕਾ ਐਡਵੋਕੇਟ ਜਨਰਲ ਮਦਰਾਸ ਰਾਜ, ਐਨ ਗੋਪਾਲਾਸਵਾਮੀ ਐਂਇਗਰ ਸਾਬਕਾ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ, ਬੀ ਐਲ ਮਿਤਰ ਸਾਬਕਾ ਐਡਵੋਕੇਟ ਜਨਰਲ, ਮੁਹੰਮਦ ਸਾਦਉੱਲਾ ਸਾਬਕਾ ਮੁੱਖ ਮੰਤਰੀ ਅਸਾਮ ਅਤੇ ਮੁਸਲਿਮ ਲੀਗ ਮੈਂਬਰ ਅਤੇ ਡੀ ਪੀ ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਸਨ। ਸਰ ਬੈਨੇਗਲ ਨਾਰਸਿੰਗ ਰਾਓ ਨੂੰ ਜੋ ਕਿ 1950-54 ਦੌਰਾਨ ਪਹਿਲੇ ਭਾਰਤੀ ਅੰਤਰਰਾਸ਼ਟਰੀ ਨਿਆਂ ਜਸਟਿਸ ਰਹੇ ਹਨ ਨੂੰ ਸੰਵਿਧਾਨਿਕ ਸਲਾਹਕਾਰ ਬਣਾਇਆ ਗਿਆ। ਬਾਅਦ 'ਚ ਇੱਕ ਮੈਂਬਰ ਬੀ ਐਲ ਮਿਤਰ ਸਾਬਕਾ ਐਡਵੋਕੇਟ ਜਨਰਲ ਨੇ ਅਸਤੀਫਾ ਦੇ ਦਿਤਾ ਤੇ ਉਨਾਂ ਦੀ ਥਾਂ ਮਾਧਵ ਰਾਓ ਕਨੂੰਨੀ ਸਲਾਹਕਾਰ ਮਹਾਰਾਜਾ ਬੜੋਦਾ ਨੂੰ ਮੈਂਬਰ ਲਿਆ ਗਿਆ। ਡੀ ਪੀ ਖੈਤਾਨ ਉੱਘੇ ਵਕੀਲ ਅਤੇ ਖੈਤਾਨ ਵਪਾਰਿਕ ਘਰਾਣੇ ਦੇ ਮੈਂਬਰ ਦੀ ਮੋਤ ਹੋਣ ਕਾਰਨ ਟੀ-ਟੀ ਕ੍ਰਿਸ਼ਨਾਮਾਚਾਰੀ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਸੰਵਿਧਾਨ ਸਭਾ ਨੇ 2 ਸਾਲ, 11 ਮਹੀਨੇ ਅਤੇ 18 ਦਿਨ 'ਚ ਸੰਵਿਧਾਨ ਨੂੰ ਅਡਾਪਟ ਕਰਨ ਤੋਂ ਪਹਿਲਾਂ ਲੱਗਭਗ 166 ਦਿਨ ਆਮ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਡਰਾਫਟਿੰਗ ਕਮੇਟੀ ਵਲੋਂ ਡਰਾਫਟ ਸੰਵਿਧਾਨ ਤਿਆਰ ਕਰਕੇ 04 ਨਵੰਬਰ, 1947 ਨੂੰ ਸਭਾ ਨੂੰ ਪੇਸ ਕੀਤਾ ਗਿਆ। 26 ਨਵੰਬਰ, 1949 ਨੂੰ ਸੰਵਿਧਾਨ ਸਭਾ ਨੇ ਇਸਨੂੰ ਮੰਨਜੂਰ ਕਰ ਲਿਆ। 1951 'ਚ ਸੰਸਦ 'ਚ ਹਿੰਦੂ ਕੋਡ ਬਿੱਲ ਜੋਕਿ ਕਰੋੜਾਂ ਅਛੂਤਾਂ ਵਾਂਗ ਸਦੀਆਂ ਤੋਂ ਵਿਤਕਰੇ ਦਾ ਸ਼ਿਕਾਰ ਭਾਰਤੀ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਸੀ ਦੇ ਵਿਰੋਧ 'ਚ ਸੰਸਦ ਦੇ ਬਹੁਤੇ ਮੈਂਬਰਾਂ ਵਲੋਂ ਵੋਟ ਪਾਏ ਜਾਣ ਕਾਰਨ ਉਨਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿਤਾ। 1952 'ਚ ਡਾਕਟਰ ਅੰਬੇਡਕਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਇਹ ਚੋਣ ਹਾਰ ਗਏ। ਮਾਰਚ 1952 ਵਿੱਚ ਡਾਕਟਰ ਅੰਬੇਡਕਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਜ਼ਿੰਦਗੀ ਦੇ ਅੰਤਿਮ ਸਮੇਂ ਤੱਕ ਉਹ ਰਾਜ ਸਭਾ ਮੈਂਬਰ ਬਣੇ ਰਹੇ। ਡਾਕਟਰ ਅੰਬੇਡਕਰ ਨੇ ਹਿੰਦੂ ਧਰਮ 'ਚ ਫੈਲੇ ਗਲਤ ਰੀਤੀ ਰਿਵਾਜਾਂ ਖਿਲਾਫ ਜੋਰਦਾਰ ਅਵਾਜ਼ ਚੁੱਕੀ, ਉਨਾਂ ਨੇ ਹਿੰਦੂ ਧਰਮ ਦਾ ਆਧਾਰ ਮਨੂੰ ਸਮ੍ਰਿਤੀ ਨੂੰ 25 ਦਸੰਬਰ, 1927 ਨੂੰ ਜਲਾਇਆ। ਉਨਾਂ ਨੇ 13 ਅਕਤੂਬਰ, 1935 ਨੂੰ ਐਲਾਨ ਕੀਤਾ ਕਿ ਉਹ ਹਿੰਦੂ ਧਰਮ 'ਚ ਪੈਦਾ ਹੋਏ ਹਨ ਪਰ ਹਿੰਦੂ ਧਰਮ 'ਚ ਮਰਨਗੇ ਨਹੀਂ। ਉਨਾਂ ਨੇ ਲੱਖਾਂ ਅਛੂਤਾਂ ਨੂੰ ਹਿੰਦੂ ਧਰਮ ਦਾ ਤਿਆਗ ਕਰਨ ਲਈ ਤਿਆਰ ਕਰ ਲਿਆ। ਉਹ ਸਿੱਖ ਧਰਮ ਜਿਸ 'ਚ ਦਲਿਤਾਂ ਦੇ ਰਹਿਵਰ ਗੁਰੂਆਂ ਨੂੰ ਵਿਸ਼ੇਸ਼ ਸਥਾਨ ਦਿਤਾ ਗਿਆ ਹੈ ਅਤੇ ਜੋ ਕਿ ਸਭ ਨੂੰ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ ਨੂੰ ਅਪਣਾਉਣ ਲਈ ਤਿਆਰ ਹੋ ਗਏ। 1936 'ਚ ਡਾਕਟਰ ਅੰਬੇਡਕਰ ਨੇ ਅਪਣੇ ਪੁੱਤਰ ਜਸ਼ਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਜਿੱਥੇ ਉਹ ਲੱਗਭਗ ਡੇਢ ਮਹੀਨਾ ਰਹੇ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲੇ। ਇਸ ਸਮੇਂ ਹੀ ਸਿੱਖ ਧਰਮ ਦੇ ਆਗੂਆਂ ਵਲੋਂ ਦੱਖਣੀ ਭਾਰਤ ਦੇ ਦਲਿਤਾਂ ਨੂੰ ਉੱਚ ਸਿਖਿਆ ਦੇਣ ਲਈ ਮੁੰਬਈ ਵਿੱਚ ਖਾਲਸਾ ਕਾਲਜ ਦੀ ਸ਼ੁਰੂਆਤ ਕੀਤੀ ਗਈ। ਕੁੱਝ ਉੱਚ ਜਾਤੀ ਦੇ ਅਕਾਲੀ ਲੀਡਰਾਂ ਨੇ ਡਾਕਟਰ ਅੰਬੇਡਕਰ ਨੂੰ ਸਿੱਖ ਧਰਮ ਅਪਣਾਉਣ ਤੋਂ ਰੋਕਣ ਲਈ ਚਾਲ ਚੱਲੀ ਅਤੇ ਅੰਤ ਇਹ ਚਾਲ ਕਾਮਯਾਬ ਹੋ ਗਈ ਅਤੇ ਦੇਸ਼ ਦੇ 6 ਕਰੋੜ ਅਛੂਤ ਸਿੱਖ ਧਰਮ ਨਾਂ ਅਪਣਾ ਸਕੇ। ਸੱਚੀ ਸਾਖੀ ਕਿਤਾਬ ਦੇ ਲੇਖਕ ਅਤੇ ਸਾਬਕਾ ਆਈ ਸੀ ਐਸ ਅਫਸਰ ਅਤੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਮੈਂਬਰ ਸਰਦਾਰ ਕਪੂਰ ਸਿੰਘ ਅਨੁਸਾਰ ਸਿੱਖ ਧਰਮ ਅਤੇ ਅਕਾਲੀ ਦਲ 'ਚ ਬੈਠੇ ਕੁੱਝ ਉੱਚ ਜਾਤੀ ਦੇ ਆਗੂਆਂ ਨੇ ਅਪਣੀ ਕੁਰਸੀ ਕਾਇਮ ਰੱਖਣ ਲਈ ਗੁੱਝੀਆਂ ਚਾਲਾਂ ਚੱਲਕੇ ਡਾਕਟਰ ਅੰਬੇਡਕਰ ਅਤੇ ਕਰੋੜਾਂ ਅਛੂਤਾਂ ਨੂੰ ਸਿੱਖ ਧਰਮ 'ਚ ਆਉਣ ਤੋਂ ਰੋਕਿਆ। ਇਸ ਤੋਂ ਬਾਦ ਡਾਕਟਰ ਅੰਬੇਡਕਰ ਨੇ ਬੁੱਧ ਧਰਮ ਅਪਣਾਉਣ ਬਾਰੇ ਫੈਸਲਾ ਕੀਤਾ। 1955 'ਚ ਉਨਾਂ ਨੇ ਬੋਧ ਸੋਸਾਇਟੀ ਆਫ ਇੰਡੀਆ ਦੀ ਸਥਾਪਨਾ ਕੀਤੀ। ਉਨਾਂ ਨੇ ਅਪਣਾ ਆਖਰੀ ਲੇਖ ਦਾ ਬੁੱਧ ਐਂਡ ਹਿੱਜ਼ ਧੱਮ 1956 'ਚ ਹੀ ਪੂਰਾ ਕੀਤਾ ਜੋ ਕਿ ਉਨ੍ਹਾਂ ਦੀ ਮੋਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ। 14 ਅਕਤੂਬਰ, 1956 ਨੂੰ ਡਾਕਟਰ ਅੰਬੇਡਕਰ ਨੇ ਲੱਖਾਂ ਸਾਥੀਆ ਸਮੇਤ ਬੁੱਧ ਧਰਮ ਅਪਣਾਇਆ। ਵਿਸ਼ਵ ਦਾ ਇਹ ਧਰਮ ਬਦਲਣ ਦਾ ਸਭ ਤੋਂ ਵੱਡਾ ਸਮਾਗਮ ਸੀ ਜਿਸ 'ਚ ਲੱਖਾਂ ਵਿਅਕਤੀਆਂ ਨੇ ਬੁੱਧ ਧਰਮ ਅਪਣਾਇਆ। ਦਿੱਲੀ 'ਚ 6 ਦਸੰਬਰ 1956 ਨੂੰ ਡਾਕਟਰ ਅੰਬੇਡਕਰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਬਾਬਾ ਸਾਹਿਬ ਨੇ ਅਪਣੇ 55ਵੇਂ ਜਨਮ ਦਿਵਸ ਮੌਕੇ 1947 ਵਿੱਚ ਅਪਣੇ ਸੰਦੇਸ਼ 'ਚ ਸਾਫ ਕਿਹਾ ਹੈ ਕਿ ਇਸਨੂੰ ਬਦਕਿਸਮਤੀ ਹੀ ਕਹਾਂਗੇ ਕਿ ਭਾਰਤ 'ਚ ਇੱਕ ਰਾਜਨੀਤਿਕ ਨੇਤਾ ਨੂੰ ਪੈਗੰਬਰ ਮੰਨ ਲਿਆ ਜਾਂਦਾ ਹੈ। ਇੱਥੇ ਪੈਗੰਬਰਾਂ ਅਤੇ ਸਿਆਸਦਾਨਾਂ ਦੇ ਜਨਮ ਦਿਨ ਇੱਕੋ ਪੱਧਰ ਤੇ ਮਨਾਉਣ ਦਾ ਰਿਵਾਜ ਹੈ। ਉਨਾਂ ਕਿਹਾ ਕਿ ਉਹ ਨਿੱਜੀ ਤੋਰ ਤੇ ਅਪਣਾ ਜਨਮ ਦਿਨ ਮਨਾਉਣਾ ਪਸੰਦ ਨਹੀਂ ਕਰਦੇ, ਉਨਾਂ ਕਿਹਾ ਕਿ ਉਹ ਲੋਕਤੰਤਰਵਾਦੀ ਵਿਚਾਰਧਾਰਾ ਦੇ ਹਨ ਅਤੇ ਵਿਅਕਤੀਗਤ ਪੂਜਾ ਲੋਕਤੰਤਰ ਦੇ ਉਲੱਟ ਹੈ, ਜੇਕਰ ਕੋਈ ਨੇਤਾ ਪਿਆਰ ਸਤਿਕਾਰ ਦੇ ਕਾਬਲ ਹੈ ਤਾਂ ਉਸਦਾ ਮਾਣ ਸਨਮਾਨ ਕਰਨਾ ਮਾੜਾ ਨਹੀਂ ਪਰ ਲੀਡਰ ਦੀ ਪੂਜਾ ਮਾੜੀ ਗੱਲ ਹੈ। ਜੇਕਰ ਕਿਸੇ ਰਾਜਸੀ ਵਿਅਕਤੀ ਨੂੰ ਤੁਸੀਂ ਪੈਗੰਬਰ ਮੰਨ ਲੈਂਦੇ ਹੋ ਤਾਂ ਇਹ ਜਰੂਰੀ ਹੈ ਕਿ ਉਹ ਪੈਗੰਬਰ ਵਾਲੇ ਕੰਮ ਵੀ ਕਰੇ। ਬਾਬਾ ਸਾਹਿਬ ਨੂੰ 1992 'ਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਭਾਰਤ ਦਾ ਸਰਵਉਚੱ ਨਾਗਰਿਕ ਪੁਰਸਕਾਰ ਹੈ। 14 ਅਪ੍ਰੈਲ 1992 ਨੂੰ ਪਹਿਲੀ ਵਾਰ ਭਾਰਤ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਅਤੇ 1991 ਦਾ ਸਾਲ ਅੰਬੇਡਕਰ ਸ਼ਤਾਬਦੀ ਵਜੋਂ ਐਲਾਨਿਆ ਗਿਆ ਅਤੇ ਇਸ ਸਾਲ ਨੂੰ ਸਮਾਜਿਕ ਨਿਆਏ ਦੇ ਸਾਲ ਦੇ ਤੋਰ ਤੇ ਮਨਾਇਆ ਗਿਆ। ਭਾਰਤ ਸਰਕਾਰ ਵਲੋਂ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 125ਵੇਂ ਜਨਮ ਦਿਵਸ ਸਬੰਧੀ ਵਿਸ਼ੇਸ ਸਮਾਗਮ ਕਰਵਾਏ ਗਏ। 14 ਅਪ੍ਰੈਲ ਤੋਂ 24 ਅਪ੍ਰੈਲ 2016 ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਮ ਰਾਓ ਅੰਬੇਡਕਰ ਜੈਅੰਤੀ ਤੇ ਗ੍ਰਾਮ ਉਦੈਯ ਤੋਂ ਭਾਰਤ ਊਦੈਯ ਅਭਿਆਨ ਚਲਾਇਆ ਗਿਆ। ਸਰਕਾਰ ਵਲੋਂ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਪੰਜਾਬ ਸਰਕਾਰ ਵਲੋਂ ਸਾਲ 2016 ਵਿੱਚ ਬਾਬਾ ਸਾਹਿਬ ਦੇ ਨਾਮ ਤੇ ਹੀ ਵਰਲਡ ਕਬੱਡੀ ਕੱਪ ਟਨੂੰਰਨਾਂਮੈਂਟ ਕਰਵਾਏ ਗਏ। ਪੰਜਾਬ ਸਰਕਾਰ ਵਲੋ। ਪੰਜਾਬ ਯੋਜਨਾ ਭਵਨ ਚੰਡੀਗੜ• ਅਤੇ ਜ਼ਿਲਾ ਪੱਧਰ ਤੇ ਬਾਬਾ ਸਾਹਿਬ ਦੇ ਬੁੱਤ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ 'ਚ ਇਸ ਬਾਬਾ ਸਾਹਿਬ ਦਾ 126ਵਾਂ ਜਨਮ ਦਿਵਸ ਮਨਾਉਣ ਲਈ ਸਮਾਗਮ ਕਰਵਾਏ ਜਾ ਰਹੇ ਹਨ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਸ ਦੱਬੇ ਕੁਚਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸਾਰੀ ਉਮਰ ਲਗਾ ਦਿਤੀ ਅਤੇ ਸੰਘਰਸ਼ ਕੀਤਾ ਆਜ਼ਾਦ ਭਾਰਤ 'ਚ ਵੀ ਅਜੇ ਤੱਕ ਉਨਾਂ ਦੀ ਸਥਿਤੀ ਵਿੱਚ ਪੂਰੀ ਤਰਾਂ ਸੁਧਾਰ ਨਹਂੀ ਹੋਇਆ ਹੈ। ਸੰਵਿਧਾਨ 'ਚ ਦਰਜ਼ ਕੀਤੇ ਗਏ ਅਧਿਕਾਰਾਂ ਤੋਂ ਅਜੇ ਵੀ ਬਹੁਗਿਣਤੀ ਬਾਂਝੀ ਹੈ। ਅਜੇ ਵੀ ਬਹੁਤੇ ਲੋਕ ਅਪਣੇ ਅਧਿਕਾਰਾਂ ਤੋਂ ਅਣਜਾਣ ਹਨ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਮਿਲਕੇ ਬਾਬਾ ਸਾਹਿਬ ਦੇ ਸੁਪਨਿਆਂ ਵਾਲਾ ਸਮਾਜ ਜਿਸ 'ਚ ਕੋਈ ਭੇਦ ਭਾਵ ਨਾਂ ਹੋਵੇ ਸਿਰਜਣ ਲਈ ਕੰਮ ਕਰੀਏ। ਸਾਡੇ ਨੀਤੀ ਨਿਰਮਾਤਾਵਾਂ ਅਤੇ ਨੀਤੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਭਾਰਤੀ ਸੰਵਿਧਾਨ ਨੂੰ ਸਹੀ ਰੂਪ 'ਚ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਸੰਵਿਧਾਨ 'ਚ ਦੇਸ਼ ਦੇ ਵੱਖ ਵੱਖ ਵਰਗਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਦਾ ਲਾਭ ਸਹੀ ਅਰਥਾਂ 'ਚ ਉਨਾਂ ਵਰਗਾਂ ਤੱਕ ਪਹੁੰਚ ਸਕੇ ਅਤੇ ਹਰ ਵਰਗ ਅਪਣੇ ਆਪ ਨੂੰ ਸੱਚਾ ਭਾਰਤੀ ਹੋਣ ਤੇ ਮਾਣ ਮਹਿਸੂਸ ਕਰ ਸਕੇ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲਾ ਰੂਪਨਗਰ ਪੰਜਾਬ-140124
9417563054

Popular News

!-- -->