ਵਿਸਾਖੀ ਤੋਂ ਬਾਅਦ ਕਣਕ ਵੱਢਣ ਦੇ ਸੀਜ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਆਪਣੀ ਫਸਲ ਨੂੰ ਪੱਕੀ ਦੇਖ ਕੇ ਕਿਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਿੰਦਾ। ਇਸ ਦੇ ਲਈ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ ਤਾਂ ਜੋ ਅਣਗਹਿਲੀਆਂ ਕਾਰਨ ਅੱਗ ਲੱਗਣ ਨਾਲ ਕਿਸਾਨ ਦਾ ਨੁਕਸਾਨ ਨਾ ਹੋਵੇ। ਨੁਕਸਾਨ ਹੋਣ ਨਾਲ ਉਹ ਆਰਥਿਕ ਪੱਖੋਂ ਹੋਰ ਕਮਜ਼ੋਰ ਹੋ ਜਾਂਦੇ ਹਨ। ਪਹਿਲਾਂ ਹੀ ਕਿਸਾਨ ਹਰ ਰੋਜ਼ ਸਰਕਾਰ ਅਤੇ ਕੁਦਰਤ ਦੀ ਬੇਮੌਸਮੀ ਮਾਰ ਹੇਠ ਆ ਕੇ ਖੁਦਕੁਸ਼ੀ ਕਰ ਰਹੇ ਹਨ। ਅਗਾਂਹ ਵਿਚ ਇਹੋ ਜਿਹੀਆਂ ਹੋਰ ਹੋ ਰਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਹਿੱਤ ਅਤੇ ਫਸਲ ਦੇ ਬਚਾਅ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਪਹਿਲ ਦੇ ਆਧਾਰ 'ਤੇ ਰੱਖਣਾ ਚਾਹੀਦਾ ਹੈ ਤਾਂ ਜੋ ਕਿਸਾਨ ਵੀਰਾਂ ਦੀ ਫਸਲ ਨੂੰ ਭਾਰੀ ਨੁਕਸਾਨ ਤੋਂ ਬਚਾਇਆ ਜਾ ਸਕੇ ।
ਸਭ ਤੋਂ ਪਹਿਲਾਂ ਜਿੱਥੇ ਕਣਕ ਦੇ ਖੇਤਾਂ ਜਾਂ ਕੋਈ ਹੋਰ ਫਸਲ ਪੱਕ ਕੇ ਤਿਆਰ ਖੜ੍ਹੀ ਹੋਵੇ ਤਾਂ ਉਸ ਦੇ ਕੋਲ ਅੱਗ ਨਾ ਮਚਾਓ ਜਾਂ ਇਹੋ ਜਿਹੀ ਕੋਈ ਵੀ ਵਸਤੂ ਨੇੜੇ ਨਾ ਲੈ ਕੇ ਜਾਓ, ਜਿਸ ਨਾਲ ਤੇਜ਼ੀ ਨਾਲ ਅੱਗ ਲੱਗ ਸਕਦੀ ਹੋਵੇ। ਜੇ ਕੋਈ ਖੇਤ ਮਜਦੂਰ ਬੀੜੀ ਸਿਗਰਟ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਖੇਤ ਵਿਚ ਅਜਿਹਾ ਕਰਨ ਤੋਂ ਰੋਕੋ। ਟਰੈਕਟਰ, ਕੰਬਾਈਨ ਆਦਿ ਅਤੇ ਬੈਟਰੀ ਵਾਲੀਆਂ ਤਾਰਾਂ ਨੂੰ ਚੰਗੀ ਤਰਾਂ ਚੈੱਕ ਕਰਵਾਓ ਤਾਂਕਿ ਸਪਾਰਕ ਨਾ ਹੋਣ। ਖੇਤਾਂ ਦੇ ਨੇੜਲੇ ਘਰਾਂ, ਢਾਣੀਆਂ 'ਚ ਜਾਂ ਪਿੰਡ ਦੇ ਘਰਾਂ ਵਾਲੀਆਂ ਔਰਤਾਂ ਕੰਮ ਕਰਨ ਤੋਂ ਬਾਅਦ ਚੁੱਲ੍ਹੇ ਵਿਚ ਅੱਗ ਨਾ ਛੱਡਣ, ਪਾਣੀ ਦਾ ਛਿੱਟਾ ਮਾਰ ਦੇਣ ਤਾਂ ਜੋ ਅੱਗ ਨਾ ਉੱਡ ਸਕੇ।
ਸਭ ਤੋਂ ਧਿਆਨ ਰੱਖਣ ਵਾਲੀ ਗੱਲ ਕਿਸਾਨ ਵੀਰਾਂ ਲਈ ਇਹ ਹੈ ਕਿ ਖੇਤ ਨੇੜਲੇ ਖਾਲ, ਡਿੱਗੀਆਂ ਪਾਣੀ ਨਾਲ ਭਰ ਕੇ ਰੱਖੋ। ਲੋੜ ਪੈਣ 'ਤੇ ਫਾਇਰ ਬ੍ਰਿਗੇਡ ਦਾ ਨੰਬਰ 101 ਡਾਇਲ ਕਰੋ। ਤਾਂਕਿ ਜੇ ਕਦੇ ਵੀ ਅਣਸੁਖਾਵੀਂ ਕੋਈ ਘਟਨਾ ਹੁੰਦੀ ਪ੍ਰਤੀਤ ਹੋਵੇ ਤਾਂ ਉਸ ਨਾਲ ਨਜਿੱਠਣ ਲਈ ਪੂਰਨ ਰੂਪ ਵਿਚ ਤਿਆਰ ਬਰ ਤਿਆਰ ਹੋਵੇ। ਇਕ ਗੱਲ ਹੋਰ ਵੀ ਧਿਆਨ ਵਿਚ ਲਿਆਉਣੀ ਜ਼ਰੂਰ ਹੈ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਦਾ ਨੰਬਰ ਆਪਣੇ ਮੋਬਾਈਲ ਫੋਨਾਂ ਵਿਚ ਪੱਕੇ ਤੌਰ 'ਤੇ ਪਾਓ ਤਾਂ ਜੋ ਅਣਹੋਣੀ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਸਪੀਕਰ ਵਿਚ ਬੋਲ ਕੇ ਸੂਚਨਾ ਦੇ ਕੇ ਅੱਗ ਨੂੰ ਕਾਬੂ ਕਰ ਲਿਆ ਜਾਵੇ। ਜੇਕਰ ਇਨ੍ਹਾਂ ਥੋੜ੍ਹੀਆਂ ਜਿਹੀਆਂ ਬੇਸ਼ਕੀਮਤੀ ਗੱਲਾਂ 'ਤੇ ਧਿਆਨ ਦਿੱਤਾ ਗਿਆ ਤਾਂ ਸ਼ਰਤੀਆ ਫਸਲਾਂ ਨੂੰ ਅੱਗ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ ਅਤੇ ਦੇਸ਼ ਦਾ ਅੰਨਦਾਤਾ ਕਿਸਾਨ ਵੀਰ ਆਪਣੀ ਹੀਰਿਆਂ ਜਿਹੀ ਅਨਮੋਲ ਜ਼ਿੰਦਗੀ ਨੂੰ ਪਰੇਸ਼ਾਨੀ ਦੌਰਾਨ ਖਤਮ ਕਰਨ ਦੇ ਲਈ ਮਜਬੂਰ ਨਹੀਂ ਹੋਵੇਗਾ।
ਹਰਮਿੰਦਰ ਸਿੰਘ ਭੱਟ
ਮੋਬਾ- 9914062205
ਮਾਂ ਦੀਆਂ ਸ਼ਰਮਨਾਕ ਹਰਕਤਾਂ ਦੇਖ ਬੇਟੇ ਨੇ ਪਾਰ ਕਰ ਦਿੱਤੀਆਂ ਸਾਰੀਆਂ ਹੱਦਾਂ (ਦੇਖੋ ਤਸਵੀਰਾਂ)
NEXT STORY