ਨਵੀਂ ਦਿੱਲੀ (ਬਿਊਰੋ)— ਜਿੱਥੇ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਿਆਸਤ ਗਰਮ ਹੈ ਉੱਥੇ ਹੀ ਕੁਝ ਅਜਿਹੇ ਦੇਸ਼ ਵੀ ਹਨ ਜਿਨ੍ਹਾਂ 'ਚ ਪੈਟਰੋਲ ਪਾਣੀ ਤੋਂ ਵੀ ਸਸਤਾ ਹੈ। ਹਾਲਾਂਕਿ ਕੁਝ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ 'ਚ ਪੈਟਰੋਲ 100 ਰੁਪਏ ਲੀਟਰ ਤੋਂ ਵੀ ਮਹਿੰਗਾ ਹੈ। ਭਾਰਤ 'ਚ ਹਾਲ ਦੀ ਘੜੀ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਨੂੰ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਹਰ ਰੋਜ਼ ਬਦਲਿਆ ਜਾ ਰਿਹਾ ਹੈ।
ਉੱਥੇ ਹੀ, ਪੈਟਰੋਲ-ਡੀਜ਼ਲ 'ਤੇ ਸੂਬਿਆਂ ਵੱਲੋਂ ਵੈਟ ਘੱਟ ਨਾ ਕੀਤੇ ਜਾਣ ਕਾਰਨ ਵੀ ਇਹ ਮਹਿੰਗੇ ਹਨ। ਹਾਲਾਂਕਿ ਪੈਟਰੋਲੀਅਮ ਮੰਤਰੀ ਧਰਮਿੰਦਰ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਸ਼ਿਸ਼ ਕਦੋਂ ਪੂਰੀ ਹੋਵੇਗੀ ਖੈਰ ਇਹ ਬਾਅਦ ਦੀ ਗੱਲ ਹੈ ਪਰ ਜੇਕਰ ਹੋਈ ਤਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
65 ਪੈਸੇ 'ਚ ਮਿਲਦਾ ਹੈ ਦੁਨੀਆ ਦੇ ਇਸ ਦੇਸ਼ 'ਚ ਪੈਟਰੋਲ
ਉੱਥੇ ਹੀ, ਜੇਕਰ ਦੁਨੀਆ 'ਚ ਸਭ ਤੋਂ ਸਸਤੇ ਪੈਟਰੋਲ ਦੀ ਗੱਲ ਕਰੀਏ ਤਾਂ ਗਲੋਬਲ ਪੈਟਰੋਲ ਕੀਮਤਾਂ ਦੱਸਣ ਵਾਲੀ ਵੈੱਬਸਾਈਟ ਮੁਤਾਬਕ, ਵੈਨੇਜ਼ੁਏਲਾ 'ਚ ਪੈਟਰੋਲ ਸਭ ਤੋਂ ਸਸਤਾ ਹੈ। ਵੈਨੇਜ਼ੁਏਲਾ 'ਚ ਇਕ ਲੀਟਰ ਪੈਟਰੋਲ ਦੀ ਕੀਮਤ ਸਿਰਫ 0.01 ਡਾਲਰ ਹੈ ਯਾਨੀ 65 ਪੈਸੇ। ਹਾਲਾਂਕਿ ਵੈਨੇਜ਼ੁਏਲਾ 'ਚ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਲਈ ਭਾਰੀ ਨਕਦੀ ਖਰਚਣੀ ਪੈਂਦੀ ਹੈ, ਮੌਜੂਦਾ ਸਮੇਂ ਇੱਥੇ ਮੰਦੀ ਦਾ ਦੌਰ ਹੈ। ਖਾਣ-ਪੀਣ ਦੇ ਸਾਮਾਨਾਂ ਦੀਆਂ ਕੀਮਤਾਂ ਆਸਮਾਨ 'ਤੇ ਹਨ, ਇਨ੍ਹਾਂ ਨੂੰ ਖਰੀਦਣ ਲਈ ਲੋਕਾਂ ਨੂੰ ਮਾਰਾਮਾਰੀ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਜਿਨ੍ਹਾਂ ਦੇਸ਼ਾਂ 'ਚ ਪੈਟਰੋਲ ਸਸਤਾ ਹੈ ਉਨ੍ਹਾਂ 'ਚ ਸਾਊਦੀ ਅਰਬ, ਤੁਰਕਮੇਨਿਸਤਾਨ, ਅਲਜੀਰੀਆ, ਕੁਵੈਤ, ਇਰਾਨ, ਮਿਸਰ, ਇਕਵਾਡੋਰ, ਨਾਈਜੀਰੀਆ, ਉਬਜੇਕਿਸਤਾਨ, ਬਹਿਰੀਨ ਅਤੇ ਕਤਰ ਆਦਿ ਹਨ। ਜਦੋਂ ਕਿ ਖਾੜੀ ਦੇਸ਼ਾਂ 'ਚ ਪੈਟਰੋਲੀਅਮ ਦੇ ਵੱਡੇ ਭੰਡਾਰ ਹੋਣ ਕਾਰਨ ਕੀਮਤਾਂ ਘੱਟ ਹਨ।
ਨਾਰਵੇ 'ਚ ਹੈ ਸਭ ਤੋਂ ਮਹਿੰਗਾ, 100 ਰੁਪਏ ਤੋਂ ਵੱਧ ਹੈ ਕੀਮਤ
ਦੁਨੀਆ ਦੇ ਦੇਸ਼ਾਂ 'ਚ ਸਭ ਤੋਂ ਵਧੀਆ ਰਹਿਣਯੋਗ ਸਥਾਨਾਂ 'ਚ ਨਾਰਵੇ ਦਾ ਨੰਬਰ ਪਹਿਲਾ ਹੈ। ਜੇਕਰ ਇੱਥੇ ਪੈਟਰੋਲ ਦੀ ਕੀਮਤ ਦੀ ਗੱਲ ਕਰੀਏ ਤਾਂ ਉਹ ਸਭ ਤੋਂ ਮਹਿੰਗਾ ਹੈ। ਨਾਰਵੇ 'ਚ 18 ਸਤੰਬਰ 2017 ਨੂੰ ਇਕ ਲੀਟਰ ਪੈਟਰੋਲ ਦੀ ਕੀਮਤ 2.04 ਡਾਲਰ ਰਹੀ ਯਾਨੀ ਉਸ ਦਿਨ ਉੱਥੇ ਪੈਟਰੋਲ ਦੀ ਕੀਮਤ 130 ਰੁਪਏ ਤੋਂ ਵੱਧ ਸੀ। ਹਾਲਾਂਕਿ ਇੱਥੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੈ ਅਤੇ ਉਨ੍ਹਾਂ ਦੀ ਕਮਾਈ ਵੀ ਚੰਗੀ ਹੈ। ਇਸ ਤੋਂ ਇਲਾਵਾ ਡੈਨਮਾਰਕ, ਫਰਾਂਸ, ਜਰਮਨੀ, ਯੂ. ਕੇ., ਇਟਲੀ, ਸਵਿਟਜ਼ਰਲੈਂਡ 'ਚ ਵੀ ਪੈਟਰੋਲ ਭਾਰਤ ਨਾਲੋਂ ਮਹਿੰਗਾ ਮਿਲਦਾ ਹੈ।
ਬੈਂਕ ਖਾਤੇ ਤੇ ਸਿਮ ਨਾਲ ਲਿੰਕ ਨਾ ਕੀਤਾ ਆਧਾਰ, ਤਾਂ ਹੋ ਜਾਣਗੇ ਬਲਾਕ
NEXT STORY