ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੋਮਵਾਰ ਨੂੰ ਵਿੱਤੀ ਸਾਲ 2018-19 ਦਾ ਪਹਿਲਾ 'ਸਾਵਰੇਨ ਗੋਲਡ ਬਾਂਡ' ਜਾਰੀ ਕਰ ਦਿੱਤਾ ਹੈ। ਇਸ ਤਹਿਤ ਗੋਲਡ ਬਾਂਡ ਦੀ ਕੀਮਤ 3,114 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ। ਉੱਥੇ ਹੀ, ਸਰਕਾਰ ਨੇ ਆਰ. ਬੀ. ਆਈ. ਨਾਲ ਵਿਚਾਰ-ਵਟਾਂਦਰੇ ਕਰਕੇ ਆਨਲਾਈਨ ਅਤੇ ਡਿਜੀਟਲ ਮਾਧਿਅਮ ਜ਼ਰੀਏ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਕੀਮਤ 3,064 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਇਸ ਸਕੀਮ ਲਈ 16 ਅਪ੍ਰੈਲ ਤੋਂ 20 ਅਪ੍ਰੈਲ 2018 ਤਕ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਨਿਵੇਸ਼ ਦਾ ਸਰਟੀਫਿਕੇਟ 4 ਮਈ ਨੂੰ ਜਾਰੀ ਹੋਵੇਗਾ।
ਕੀ ਹੈ ਗੋਲਡ ਬਾਂਡ, ਕਿੰਨਾ ਮਿਲੇਗਾ ਵਿਆਜ?
ਇਹ ਸੋਨੇ ਨੂੰ ਸ਼ੇਅਰਾਂ ਦੀ ਤਰ੍ਹਾਂ ਖਰੀਦਣ ਦਾ ਇਕ ਬਦਲ ਹੈ। ਇਸ 'ਚ ਖਰੀਦਦਾਰੀ ਛੋਟੇ ਹਿੱਸੇ 'ਚ ਵੀ ਕੀਤੀ ਜਾ ਸਕਦੀ ਹੈ, ਯਾਨੀ ਕਿ ਇਕ ਗ੍ਰਾਮ ਸੋਨੇ ਦੇ ਮੁੱਲ ਬਰਾਬਰ ਦੀ ਕੀਮਤ 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਗੋਲਡ ਬਾਂਡ 'ਚ ਨਿਵੇਸ਼ ਕਰਨ ਦਾ ਫਾਇਦਾ ਇਹ ਹੈ ਕਿ ਬਾਂਡ 'ਤੇ ਨਾ ਜੀ. ਐੱਸ. ਟੀ. ਹੈ, ਨਾ ਮੇਕਿੰਗ ਚਾਰਜ ਅਤੇ ਨਾ ਹੀ ਕੋਈ ਟੈਕਸ ਹੈ। ਉੱਥੇ ਹੀ 'ਗੋਲਡ ਬਾਂਡ' 'ਚ ਨਿਵੇਸ਼ 'ਤੇ 2.50 ਫੀਸਦੀ ਸਾਲਾਨਾ ਵਿਆਜ ਵੀ ਮਿਲਦਾ ਹੈ। ਇਸ ਦੀ ਮਿਆਦ 8 ਸਾਲ ਹੈ। ਇਸ ਨੂੰ ਬੈਂਕ ਅਤੇ ਚੋਣਵੇਂ ਡਾਕਘਰ ਤੋਂ ਖਰੀਦਿਆ ਜਾ ਸਕਦਾ ਹੈ। ਜਿੱਥੇ ਸੋਨੇ ਦੇ ਗਹਿਣੇ ਖਰੀਦਣ 'ਤੇ ਮੇਕਿੰਗ ਚਾਰਜ, ਘਰ 'ਚ ਰੱਖਣ 'ਤੇ ਸੁਰੱਖਿਆ ਦੀ ਚਿੰਤਾ ਅਤੇ ਬੈਂਕ ਲਾਕਰ 'ਚ ਰੱਖਣ 'ਤੇ ਫੀਸ ਦਾ ਬੋਝ ਚੁੱਕਣਾ ਪੈਂਦਾ ਹੈ, ਉੱਥੇ ਹੀ ਗੋਲਡ ਬਾਂਡ 'ਚ ਇਸ ਦੀ ਕੋਈ ਚਿੰਤਾ ਨਹੀਂ ਹੈ। ਹਾਲਾਂਕਿ ਇਨਕਮ ਟੈਕਸ ਐਕਟ-1961 ਤਹਿਤ ਬਾਂਡ 'ਤੇ ਮਿਲਣ ਵਾਲਾ ਵਿਆਜ ਟੈਕਸ ਯੋਗ ਹੋਵੇਗਾ।
ਕੀ ਹੈ ਫਾਇਦਾ?
ਗੋਲਡ ਬਾਂਡ ਦੀ ਮਿਆਦ 8 ਸਾਲ ਹੈ ਪਰ ਜ਼ਰੂਰਤ ਪੈਣ 'ਤੇ ਪੰਜਵੇ ਸਾਲ 'ਚ ਇਸ ਨੂੰ ਵੇਚ ਸਕਦੇ ਹੋ। ਗੋਲਡ ਬਾਂਡ ਬਾਂਡ ਨੂੰ ਸ਼ੇਅਰ ਬਾਜ਼ਾਰ 'ਚ ਵੇਚਣ ਦੀ ਸੁਵਿਧਾ ਹੈ। ਨਿਵੇਸ਼ਕਾਂ ਦੀ ਖਰੀਦ-ਵਿਕਰੀ ਦੀ ਸੁਵਿਧਾ ਲਈ ਸਰਕਾਰ ਗੋਲਡ ਬਾਂਡ ਜਾਰੀ ਕਰਨ ਦੇ ਬਾਅਦ ਉਸ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਵਾਉਂਦੀ ਹੈ। ਮਿਆਦ ਪੂਰੀ ਹੋਣ 'ਤੇ ਇਸ ਨੂੰ ਵੇਚਣ 'ਤੇ ਸੋਨੇ ਦੇ ਉਸ ਸਮੇਂ ਦੇ ਮੁੱਲ ਦੇ ਬਰਾਬਰ ਰਾਸ਼ੀ ਦੇ ਨਾਲ 2.50 ਫੀਸਦੀ ਸਾਲਾਨਾ ਵਿਆਜ ਵੀ ਮਿਲਦਾ ਹੈ। ਸਰਕਾਰ ਨੇ ਸਾਲ 2015 'ਚ ਪਹਿਲੀ ਵਾਰ ਇਸ ਨੂੰ ਜਾਰੀ ਕੀਤਾ ਸੀ। ਇਸ 'ਚ ਨਿਵੇਸ਼ ਇਕ ਵਿੱਤੀ ਸਾਲ 'ਚ 500 ਗ੍ਰਾਮ ਸੋਨੇ ਦੇ ਮੁੱਲ ਦੇ ਬਰਾਬਰ ਕੀਤਾ ਜਾ ਸਕਦਾ ਹੈ। ਸ਼ੇਅਰ ਬਾਜ਼ਾਰ ਲਈ ਡੀਮੈਟ ਖਾਤਾ ਜ਼ਰੂਰੀ ਹੁੰਦਾ ਹੈ ਪਰ ਸਰਕਾਰ ਨੇ ਗੋਲਡ ਬਾਂਡ 'ਚ ਨਿਵੇਸ਼ ਦੀ ਸੁਵਿਧਾ ਲਈ ਇਸ ਨੂੰ ਡੀਮੈਟ ਖਾਤੇ ਦੇ ਬਗੈਰ ਦਸਤਾਵੇਜ਼ ਦੇ ਰੂਪ 'ਚ ਖਰੀਦਣ ਦਾ ਵੀ ਬਦਲ ਦਿੱਤਾ ਹੈ।
ਬਿਨਾਨੀ ਸੀਮੈਂਟ ਨੂੰ ਅਲਟ੍ਰਾਟੈਕ ਨੇ ਦਿੱਤਾ 7,990 ਕਰੋੜ ਦਾ ਨਵਾਂ ਆਫਰ
NEXT STORY