ਨਵੀਂ ਦਿੱਲੀ— ਅਮਰੀਕਾ ਨੇ 5 ਮਹੀਨਿਆਂ ਬਾਅਦ ਮੁੜ ਐੱਚ-1ਬੀ ਵਰਕ ਵੀਜ਼ਾ ਦੀ ਤੇਜ਼ ਪ੍ਰੋਸੈਸਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਰਵਿਸ ਨੂੰ ਬਹੁਤ ਸਾਰੀਆਂ ਅਰਜ਼ੀਆਂ ਮਿਲਣ ਦੇ ਮੱਦੇਨਜ਼ਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਐੱਚ-1ਬੀ ਵਰਕ ਵੀਜ਼ਾ ਅਮਰੀਕਾ 'ਚ ਨੌਕਰੀ ਦੇ ਚਾਹਵਾਨ ਆਈ. ਟੀ. ਪੇਸ਼ੇਵਰਾਂ 'ਚ ਬਹੁਤ ਪ੍ਰਸਿੱਧ ਹੈ। ਇਸ ਵੀਜ਼ੇ ਤਹਿਤ ਅਮਰੀਕੀ ਕੰਪਨੀਆਂ ਵਿਦੇਸ਼ੀ ਵਰਕਰਾਂ ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਆਪਣੇ ਇੱਥੇ ਨੌਕਰੀ ਲਈ ਸੱਦ ਦੀਆਂ ਹਨ ਜੋ ਕਿਸੇ ਖਾਸ ਕੰਮ ਜਾਂ ਤਕਨੀਕੀ ਕੰਮ 'ਚ ਮਾਹਰ ਹੋਣ। ਤਕਨੀਕੀ ਕੰਪਨੀਆਂ ਇਸ 'ਤੇ ਬਹੁਤ ਹੱਦ ਤਕ ਨਿਰਭਰ ਹਨ ਅਤੇ ਹਰ ਸਾਲ ਹਜ਼ਾਰਾਂ ਪੇਸ਼ੇਵਰ ਲੋਕਾਂ ਨੂੰ ਨੌਕਰੀ ਦਿੰਦੀਆਂ ਹਨ।
ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਅਪ੍ਰੈਲ ਮਹੀਨੇ 'ਚ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਇਸ ਤਹਿਤ ਮਿਲਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਸੀ। ਅਮਰੀਕੀ ਨਾਗਰਿਕਤਾ ਅਤੇ ਪ੍ਰਵਾਸ ਸਰਵਿਸ ਵਿਭਾਗ ਮੁਤਾਬਕ, ਉਸ ਨੇ ਵਿੱਤੀ ਸਾਲ 2018 ਦੇ ਕੋਟੇ ਲਈ ਐੱਚ-1ਬੀ ਵੀਜ਼ਾ ਦੀ ਪ੍ਰੀਮੀਅਮ ਪ੍ਰੋਸੈਸਿੰਗ ਸੋਮਵਾਰ ਤੋਂ ਸ਼ੁਰੂ ਕਰ ਦਿੱਤੀ ਹੈ। ਵਿੱਤੀ ਸਾਲ 2018 ਲਈ 65,000 ਦਾ ਕੋਟਾ ਤੈਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰੀਮੀਅਮ ਦੀ ਪ੍ਰਕਿਰਿਆ ਨੂੰ ਉਨ੍ਹਾਂ ਸਾਲਾਨਾ 20,000 ਵਧੀਕ ਪਟੀਸ਼ਨਾਂ ਲਈ ਵੀ ਦੁਬਾਰਾ ਸ਼ੁਰੂ ਕੀਤਾ ਗਿਆ ਹੈ, ਜੋ ਅਮਰੀਕਾ ਦੇ ਉੱਚ ਵਿਦਿਅਕ ਡਿਗਰੀ ਵਾਲੇ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਅਲੱਗ ਰੱਖਿਆ ਗਿਆ ਹੈ।
ਪ੍ਰੀਮੀਅਮ ਪ੍ਰੋਸੈਸਿੰਗ ਉਹ ਪ੍ਰਕਿਰਿਆ ਹੈ, ਜਿਸ ਤਹਿਤ 15 ਦਿਨਾਂ ਅੰਦਰ ਵੀਜ਼ਾ ਮਿਲ ਜਾਂਦਾ ਹੈ। ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਅਪ੍ਰੈਲ ਤਕ ਅਪਲਾਈ ਕੀਤਾ ਸੀ। ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਵਿਭਾਗ ਮੁਤਾਬਕ, ਇਹ ਸਰਵਿਸ ਸਿਰਫ ਪਹਿਲਾਂ ਤੋਂ ਅਪਲਾਈ ਕੀਤੇ ਗਏ ਵੀਜ਼ਾ ਲਈ ਹੈ ਨਾ ਕਿ ਨਵੇਂ ਅਪਲਾਈ ਕਰਤਾਵਾਂ ਲਈ। ਉਸ ਨੇ ਕਿਹਾ ਕਿ ਵਿਭਾਗ ਨੂੰ ਅਪ੍ਰੈਲ 'ਚ ਜੋ ਅਰਜ਼ੀਆਂ ਮਿਲੀਆਂ ਹਨ, ਉਹ 2018 ਦਾ ਕੋਟਾ ਪੂਰਾ ਕਰਨ ਲਈ ਬਹੁਤ ਹਨ। ਇਹ ਇਕ ਚੰਗੀ ਗੱਲ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਨੇ ਯੋਗ ਉਮੀਦਵਾਰਾਂ ਲਈ ਦਰਵਾਜ਼ੇ ਖੋਲ੍ਹੇ ਰੱਖੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਆਪਣੇ ਦੇਸ਼ 'ਚੋਂ ਉਨ੍ਹਾਂ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਰਿਹਾ ਹੈ ਜਿਹੜੇ ਗੈ-ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਹਨ, ਨਾਲ ਹੀ ਵੀਜ਼ਾ ਨਿਯਮ ਸਖਤ ਕਰ ਰਿਹਾ ਹੈ।
ਬੈਂਕ ਦੀ ਗਲਤੀ ਨਾਲ ਗੁੰਮ ਹੋਇਆ ਕਿਸਾਨ ਦਾ ਚੈੱਕ, ਫੋਰਨ ਨੇ ਲਗਾਇਆ ਹਰਜ਼ਾਨਾ
NEXT STORY