ਨਵਾਂਸ਼ਹਿਰ— ਜ਼ਿਲਾ ਖਪਤਕਾਰ ਫੋਰਮ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਦੇ ਬਿੱਲ 'ਚ ਖਪਤਕਾਰ ਨੂੰ ਪਾਏ ਗਏ 10,602 ਰੁਪਏ ਦੇ ਸੰਡਰੀ ਚਾਰਜ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਪਾਵਰਕਾਮ ਨੂੰ 2000 ਰੁਪਏ ਹਰਜਾਨਾ ਅਤੇ 1000 ਰੁਪਏ ਅਦਾਲਤੀ ਖਰਚ ਵਜੋਂ ਖਪਤਕਾਰ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੈ ਮਾਮਲਾ
ਨਵਾਂਸ਼ਹਿਰ ਦੇ ਪਿੰਡ ਘਟਾਰੋਂ ਨਿਵਾਸੀ ਸੁੱਚਾ ਰਾਮ ਨੇ ਜ਼ਿਲਾ ਖਪਤਕਾਰ ਫੋਰਮ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਘਰ ਲੱਗੇ ਬਿਜਲੀ ਦੇ ਮੀਟਰ ਦੇ ਬਿੱਲਾਂ ਦਾ ਭੁਗਤਾਨ ਉਹ ਨਿਯਮਿਤ ਤੌਰ 'ਤੇ ਕਰਦਾ ਆ ਰਿਹਾ ਹੈ। ਵਿਭਾਗ ਵੱਲੋਂ ਅਗਸਤ, 2016 'ਚ 13,900 ਰੁਪਏ ਦਾ ਬਿੱਲ ਜਾਰੀ ਕੀਤਾ ਗਿਆ, ਜਿਸ 'ਚ 10,602 ਰੁਪਏ ਸੰਡਰੀ ਚਾਰਜ ਦੇ ਪਾਏ ਗਏ ਸਨ। ਉਕਤ ਸੰਡਰੀ ਚਾਰਜ ਅਪ੍ਰੈਲ, 2012 ਤੋਂ ਦਸੰਬਰ, 2013 ਨਾਲ ਸੰਬੰਧਤ ਦੱਸੇ ਗਏ ਜੋ ਕਿ ਨਾਜਾਇਜ਼ ਹਨ। ਉਸ ਨੇ ਆਪਣਾ ਬਿੱਲ ਠੀਕ ਕਰਵਾਉਣ ਲਈ ਅਧਿਕਾਰੀਆਂ ਕੋਲ ਕਈ ਵਾਰ ਪਹੁੰਚ ਕੀਤੀ ਪਰ ਉਸ ਦਾ ਬਿੱਲ ਠੀਕ ਨਹੀਂ ਕੀਤਾ ਗਿਆ। ਵਿਭਾਗ ਵੱਲੋਂ ਕਿਹਾ ਗਿਆ ਕਿ ਜੇਕਰ ਬਿੱਲ ਦਾ ਭੁਗਤਾਨ ਨਹੀਂ ਹੋਇਆ ਤਾਂ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ । ਉਸ ਨੇ ਬਿਜਲੀ ਬਿੱਲ 'ਚ ਪਾਏ ਗਏ ਨਾਜਾਇਜ਼ ਸੰਡਰੀ ਚਾਰਜ ਨੂੰ ਹਟਾ ਕੇ ਬਿਜਲੀ ਬਿੱਲ ਦਰੁਸਤ ਕਰਵਾਉਣ ਅਤੇ ਇਸ ਸਬੰਧੀ ਹੋਈ ਮਾਨਸਿਕ ਪ੍ਰੇਸ਼ਾਨੀ ਕਾਰਨ ਹਰਜਾਨਾ ਅਤੇ ਅਦਾਲਤੀ ਖਰਚ ਦਿਵਾਉਣ ਦੀ ਮੰਗ ਕੀਤੀ ਸੀ।
ਇਹ ਕਿਹਾ ਫੋਰਮ ਨੇ
ਉਕਤ ਸ਼ਿਕਾਇਤ ਦਾ ਨੋਟਿਸ ਹੋਣ 'ਤੇ ਪਾਵਰਕਾਮ ਨੇ ਵੀ ਆਪਣਾ ਪੱਖ ਫੋਰਮ ਸਾਹਮਣੇ ਰੱਖਿਆ। ਫੋਰਮ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਜਿਊਰੀ ਮੈਂਬਰ ਕੰਵਲਜੀਤ ਸਿੰਘ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਪਾਵਰਕਾਮ ਨੂੰ ਬਿੱਲ 'ਚ ਪਾਏ ਗਏ ਸੰਡਰੀ ਚਾਰਜ ਨੂੰ ਵੱਖ ਕਰਨ ਅਤੇ 2000 ਰੁਪਏ ਹਰਜਾਨਾ ਅਤੇ 1000 ਰੁਪਏ ਅਦਾਲਤੀ ਖਰਚ 30 ਦਿਨਾਂ ਦੇ ਅੰਦਰ ਦੇਣ ਦੇ ਹੁਕਮ ਦਿੱਤੇ।
ਜੀ. ਐੱਸ. ਟੀ. ਦੇ ਚੱਕਰ 'ਚ ਰੁਕੀ ਖੰਡ ਦੀ ਸਪਲਾਈ
NEXT STORY