ਮੁੰਬਈ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਹੋਏ 11,400 ਕਰੋੜ ਦੇ ਘੋਟਾਲੇ 'ਚ ਮੁੱਖ ਦੋਸ਼ੀ ਦੱਸੇ ਜਾ ਰਹੇ ਨੀਰਵ ਮੋਦੀ ਨੂੰ ਲੈ ਕੇ ਹਰ ਕਿਸੇ ਦੇ ਮਨ 'ਚ ਇਹ ਸਵਾਲ ਹੈ ਕਿ ਆਖਰ ਇਹ ਹੈ ਕੌਣ? 5 ਫਰਵਰੀ ਨੂੰ ਇਕ ਧੋਖਾਧੜੀ ਨਾਲ ਸੰਬੰਧਤ ਮਾਮਲੇ 'ਚ ਨੀਰਵ ਮੋਦੀ 'ਤੇ ਸੀ. ਬੀ. ਆਈ. ਨੇ ਐੱਫ. ਆਈ. ਆਰ. ਦਰਜ ਕੀਤੀ ਸੀ, ਜਿਸ 'ਚ 280 ਕਰੋੜ ਦਾ ਲੈਣ-ਦੇਣ ਸ਼ਾਮਲ ਹੈ। ਬੁੱਧਵਾਰ ਨੂੰ ਪੀ. ਐੱਨ. ਬੀ. ਨੇ ਜਾਣਕਾਰੀ ਦਿੱਤੀ ਕਿ ਉਸ ਨੇ ਤਕਰੀਬਨ 177 ਕਰੋੜ ਡਾਲਰ ਯਾਨੀ ਤਕਰੀਬਨ 11,400 ਕਰੋੜ ਦੇ ਫਰਜ਼ੀ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਸ ਦੇ ਬਾਅਦ ਨੀਰਵ ਮੋਦੀ ਖਿਲਾਫ ਪੀ. ਐੱਨ. ਬੀ. ਵੱਲੋਂ ਸੀ. ਬੀ. ਆਈ. 'ਚ ਦੋ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ। ਇਸ ਘੋਟਾਲੇ ਦਾ ਮੁੱਖ ਦੋਸ਼ੀ ਨੀਰਵ ਮੋਦੀ 1 ਜਨਵਰੀ ਨੂੰ ਹੀ ਦੇਸ਼ ਛੱਡ ਕੇ ਵਿਦੇਸ਼ ਭੱਜ ਚੁੱਕਾ ਹੈ, ਜਿਸ ਨੂੰ ਲੈ ਕੇ ਸਰਕਾਰ 'ਤੇ ਵਿਰੋਧੀ ਧਿਰ ਹਾਵੀ ਹੋ ਗਈ ਹੈ। ਆਓ ਜਾਣਦੇ ਹਾਂ ਇਸ ਨੀਰਵ ਮੋਦੀ ਬਾਰੇ ਜੋ ਇਸ ਘੋਟਾਲੇ ਦਾ ਮੁੱਖ ਕੇਂਦਰ ਹੈ : —
48 ਸਾਲਾ ਨੀਰਵ ਮੋਦੀ ਦਾ ਸੰਬੰਧ ਬੈਲਜੀਅਮ ਦੇ ਸ਼ਹਿਰ ਐਂਟਵਰਪ 'ਚ ਹੀਰੇ ਦਾ ਹੀ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਹੈ। ਉਹ ਕਾਰੋਬਾਰੀ ਮਾਹੌਲ 'ਚ ਹੀ ਪਲੇ-ਵਧੇ। ਉਹ ਅਕਸਰ ਕਹਿੰਦੇ ਸਨ ਕਿ ਉਹ ਇਸ ਕਾਰੋਬਾਰ ਨਾਲ ਜੁੜਨਾ ਨਹੀਂ ਚਾਹੁੰਦੇ ਸਨ। ਇਸ ਵਾਸਤੇ ਉਹ ਵਾਰਟਨ ਗਏ, ਇਕ ਸਾਲ ਫਾਈਨਾਂਸ ਦੀ ਪੜ੍ਹਾਈ ਕੀਤੀ ਅਤੇ ਫੇਲ੍ਹ ਹੋ ਗਏ ਅਤੇ ਅਖੀਰ ਉਨ੍ਹਾਂ ਨੂੰ ਹੀਰੇ ਦੇ ਕਾਰੋਬਾਰ 'ਚ ਹੀ ਉਤਰਨਾ ਪਿਆ। ਗੀਤਾਂਜਲੀ ਜੇਮਜ਼ ਦੇ ਚੇਅਰਮੈਨ ਮੇਹੁਲ ਚੌਕਸੀ ਰਿਸ਼ਤੇ 'ਚ ਉਨ੍ਹਾਂ ਦੇ ਮਾਮਾ ਹਨ, ਜਿਨ੍ਹਾਂ ਦਾ ਨਾਮ ਵੀ ਜਾਂਚ ਦੇ ਘੇਰੇ 'ਚ ਹੈ।
ਫੋਰਬਸ ਦੀ ਲਿਸਟ 'ਚ ਵੀ ਸ਼ਾਮਲ ਹੈ ਨਾਮ
ਨੀਰਵ 2.3 ਅਰਬ ਡਾਲਰ ਦੇ ਫਾਇਰਸਟਾਰ ਡਾਇਮੰਡ ਦੇ ਸੰਸਥਾਪਕ ਹਨ ਅਤੇ ਇਸ ਦਾ ਕਾਰੋਬਾਰ ਏਸ਼ੀਆ 'ਚ ਚੀਨ ਤੋਂ ਲੈ ਕੇ ਉੱਤਰੀ ਅਮਰੀਕਾ 'ਚ ਹੁਵਾਈ ਆਈਲੈਂਡ ਤਕ ਫੈਲਿਆ ਹੋਇਆ ਹੈ। ਨੀਰਵ ਮੋਦੀ ਨੇ 1999 'ਚ ਫਾਇਰਸਟਾਰ ਕੰਪਨੀ ਬਣਾਈ ਸੀ। ਇਸ ਦੇ ਬ੍ਰਾਂਡ ਦੇ ਹੀਰੇ ਪਾ ਕੇ ਹਾਲੀਵੁੱਡ ਤਕ ਦੀਆਂ ਟਾਪ ਸਟਾਰ ਰੈੱਡ ਕਾਰਪਟ 'ਤੇ ਚੱਲ ਚੁੱਕੀਆਂ ਹਨ। ਪਿਛਲੇ ਸਾਲ ਪ੍ਰਿਯੰਕਾ ਚੌਪੜਾ ਇਸ ਦੀ ਬਰਾਂਡ ਅੰਬੈਂਸਡਰ ਬਣੀ। ਇਨ੍ਹਾਂ ਸਭ ਵਿਚਕਾਰ 2013 ਤਕ ਨੀਰਵ ਅਰਬਪਤੀਆਂ ਦੀ ਫੋਰਬਸ ਲਿਸਟ 'ਚ ਜਗ੍ਹਾ ਬਣਾ ਚੁੱਕੇ ਸਨ। ਸਾਲ 2016 'ਚ ਫੋਰਬਸ ਦੀ ਅਰਬਪਤੀਆਂ ਦੀ ਲਿਸਟ 'ਚ ਨੀਰਵ ਮੋਦੀ ਦਾ ਰੈਂਕ ਦੁਨੀਆ 'ਚ 1,067ਵਾਂ ਅਤੇ ਭਾਰਤ 'ਚ 46ਵਾਂ ਸੀ। ਸਾਲ ਪਹਿਲਾਂ ਉਨ੍ਹਾਂ ਦਾ ਗਲੋਬਲ ਰੈਂਕ 1,054 ਰਿਹਾ, ਜਦੋਂ ਕਿ ਭਾਰਤ 'ਚ 82ਵਾਂ। ਇੰਨਾ ਨਾਮ ਕਮਾਉਣ ਦੇ ਬਾਅਦ ਇਕ ਫਰਜ਼ੀਵਾੜੇ ਕਾਰਨ ਉਨ੍ਹਾਂ ਦੇ ਬ੍ਰਾਂਡ ਦੀ ਚਮਕ ਹੁਣ ਫਿੱਕੀ ਹੋ ਗਈ ਹੈ।
ਬਾਲੀਵੁੱਡ ਨਾਲ ਵੀ ਡੂੰਘੇ ਸੰਬੰਧ
ਨੀਰਵ ਮੋਦੀ ਦੇ ਬਾਲੀਵੁੱਡ ਨਾਲ ਵੀ ਡੂੰਘੇ ਸੰਬੰਧ ਹਨ। ਉਨ੍ਹਾਂ ਨੇ 2014 ਵਿੱਚ ਆਪਣਾ ਪਹਿਲਾ ਵੱਡਾ ਬੂਟੀਕ ਦਿੱਲੀ ਦੀ ਡਿਫੈਂਸ ਕਲੋਨੀ 'ਚ ਅਤੇ ਅਗਲੇ ਹੀ ਸਾਲ ਮੁੰਬਈ ਦੇ ਕਾਲ਼ਾ ਘੋੜਾ ਇਲਾਕੇ ਵਿੱਚ ਇਕ ਸਟੋਰ ਖੋਲ੍ਹਿਆ ਸੀ।ਇੰਨਾ ਹੀ ਨਹੀਂ 2016 'ਚ ਨਿਊਯਾਰਕ ਦੇ ਮੈਡੀਸਨ ਸਕੁਆਇਰ ਨੇੜੇ ਖੋਲ੍ਹੇ ਗਏ ਸਟੋਰ ਦੇ ਉਦਘਾਟਨ 'ਚ ਹਾਲੀਵੁੱਡ ਅਦਾਕਾਰ ਨੋਮੀ ਵਾਟਸ, ਬਾਲੀਵੁੱਡ ਅਦਾਕਾਰ ਅਤੇ ਮਾਡਲ ਲੀਸਾ ਹਾਇਡਨ ਅਤੇ ਟਾਪ ਫੈਸ਼ਨ ਮਾਡਲ ਕੋਕੋ ਰੋਚਾ ਸ਼ਾਮਲ ਹੋਏ ਸਨ। ਭਾਰਤ ਦੇ ਇਲਾਵਾ ਉਨ੍ਹਾਂ ਦੇ ਰੂਸ, ਅਰਮੀਨੀਆ ਅਤੇ ਦੱਖਣੀ ਅਫਰੀਕਾ 'ਚ ਮੈਨੂਫੈਕਚਰਿੰਗ ਯੂਨਿਟ ਹਨ। ਫਾਇਰਸਟਾਰ ਡਾਇਮੰਡ ਕੰਪਨੀ ਦੀ ਸਥਾਪਨਾ ਨਾਲ ਨੀਰਵ ਮੋਦੀ ਨੇ ਮਜ਼ਬੂਤ ਜਗ੍ਹਾ ਬਣਾਈ ਅਤੇ ਕੰਟਰੈਕਟ ਮੈਨੂਫੈਕਚਰਿੰਗ 'ਚ ਵੀ ਕਦਮ ਰੱਖਿਆ। ਉੱਥੇ ਹੀ ਲੰਡਨ, ਸਿੰਗਾਪੁਰ, ਬੀਜਿੰਗ ਅਤੇ ਮਾਕਊ 'ਚ ਵੀ ਨੀਰਵ ਦੇ ਬੂਟੀਕ ਹਨ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ, ਜਾਣੋਂ ਅੱਜ ਦਾ ਮੁੱਲ
NEXT STORY