ਨਵੀਂ ਦਿੱਲੀ— ਸਰਕਾਰ ਨੇ ਅਗਲੇ ਸਾਲ ਅਪ੍ਰੈਲ-ਮਈ ਤਕ ਦੇਸ਼ ਭਰ 'ਚ ਡਾਕਘਰ ਪੇਮੈਂਟ ਬੈਂਕ ਦੀਆਂ 650 ਬਰਾਂਚਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦਾ ਮੁੱਖ ਮਕਸਦ ਦੇਸ਼ ਭਰ 'ਚ ਵਿੱਤੀ ਸੇਵਾਵਾਂ ਦੀਆਂ ਸਹੂਲਤਾਂ, ਖਾਸ ਕਰਕੇ ਪੇਂਡੂ ਇਲਾਕਿਆਂ 'ਚ ਬੈਂਕਿੰਗ ਸੇਵਾਵਾਂ ਮੁਹੱਈਆ ਕਰਾਉਣਾ ਹੈ। ਜਾਣਕਾਰੀ ਮੁਤਾਬਕ, ਡਾਕਘਰ ਪੇਮੈਂਟ ਬੈਂਕ ਦੀਆਂ ਇਨ੍ਹਾਂ ਬਰਾਂਚਾਂ 'ਚ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਨਾਲ ਕਈ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇਨ੍ਹਾਂ ਬਰਾਂਚਾਂ ਦੇ ਸ਼ੁਰੂ ਹੋਣ ਨਾਲ ਪੇਂਡੂ ਇਲਾਕਿਆਂ ਨੂੰ ਕਈ ਫਾਇਦੇ ਹੋਣਗੇ।
ਸੰਚਾਰ ਮੰਤਰੀ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਗਲੇ ਸਾਲ ਅਪ੍ਰੈਲ-ਮਈ ਤਕ ਡਾਕਘਰ ਪੇਮੈਂਟ ਬੈਂਕ ਦੀਆਂ ਬਰਾਂਚਾਂ 650 ਜ਼ਿਲ੍ਹਿਆਂ 'ਚ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਇਨ੍ਹਾਂ ਸਾਰੀਆਂ ਬਰਾਂਚਾਂ ਨੂੰ ਪੇਂਡੂ ਡਾਕਖਾਨਿਆਂ ਨਾਲ ਜੋੜਿਆ ਜਾਵੇਗਾ। ਇਹ ਦੇਸ਼ 'ਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਬੈਂਕਿੰਗ ਨੈੱਟਵਰਕ ਹੋਵੇਗਾ। ਮੌਜੂਦਾ ਸਮੇਂ ਦੇਸ਼ ਭਰ 'ਚ 1.54 ਲੱਖ ਡਾਕਘਰ ਹਨ, ਜਿਨ੍ਹਾਂ 'ਚੋਂ 1.39 ਲੱਖ ਪੇਂਡੂ ਇਲਾਕਿਆਂ 'ਚ ਹਨ। ਦੱਸਣਯੋਗ ਹੈ ਕਿ ਡਾਕਘਰ ਪੇਮੈਂਟ ਬੈਂਕ 25 ਹਜ਼ਾਰ ਰੁਪਏ ਤਕ ਦੀ ਜਮ੍ਹਾ 'ਤੇ 4.5 ਫੀਸਦੀ ਦੀ ਦਰ ਨਾਲ ਵਿਆਜ ਦਿੰਦਾ ਹੈ। ਜਦੋਂ ਕਿ 25 ਹਜ਼ਾਰ ਤੋਂ 50 ਹਜ਼ਾਰ ਰੁਪਏ ਦੀ ਰਾਸ਼ੀ 'ਤੇ 5 ਫੀਸਦੀ ਅਤੇ 50 ਹਜ਼ਾਰ ਰੁਪਏ ਤੋਂ ਇਕ ਲੱਖ ਰੁਪਏ ਦੀ ਜਮ੍ਹਾ ਰਾਸ਼ੀ 'ਤੇ 5.5 ਫੀਸਦੀ ਵਿਆਜ ਮਿਲਦਾ ਹੈ।
ਡਾਕਘਰ ਵਿਭਾਗ ਨੂੰ 2015 'ਚ ਹੋਰ 10 ਕੰਪਨੀਆਂ ਦੇ ਨਾਲ ਰਿਜ਼ਰਵ ਬੈਂਕ ਨੇ ਪੇਮੈਂਟ ਬੈਂਕ ਦਾ ਲਾਈਸੈਂਸ ਦਿੱਤਾ ਸੀ। ਪ੍ਰਾਈਵੇਟ ਸੈਕਟਰ 'ਚ ਏਅਰਟੈੱਲ ਪੇਮੈਂਟ ਬੈਂਕ ਇਸੇ ਸਾਲ ਜਨਵਰੀ 'ਚ ਸ਼ੁਰੂ ਹੋ ਚੁੱਕਾ ਹੈ। ਪੇ. ਟੀ. ਐੱਮ. ਨੇ ਵੀ ਆਪਣਾ ਪੇਮੈਂਟ ਬੈਂਕ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਬੈਂਕਾਂ ਨੂੰ ਇਕ ਲੱਖ ਰੁਪਏ ਤਕ ਦੀ ਜਮ੍ਹਾ ਪੂੰਜੀ ਸਵੀਕਾਰ ਕਰਨ ਦੀ ਮਨਜ਼ੂਰੀ ਹੈ। ਪੇਮੈਂਟ ਬੈਂਕਾਂ ਦਾ ਕੰਮਕਾਜ ਆਮ ਬੈਂਕਾਂ ਨਾਲੋਂ ਥੋੜ੍ਹਾ ਵੱਖਰੇ ਢੰਗ ਨਾਲ ਹੁੰਦਾ ਹੈ। ਇਹ ਸਿਰਫ ਜਮ੍ਹਾ ਰਾਸ਼ੀ ਅਤੇ ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਵਿਦੇਸ਼ੀ ਕਰੰਸੀ ਸਵੀਕਾਰ ਕਰ ਸਕਦੇ ਹਨ। ਇਸ ਦੇ ਇਲਾਵਾ ਇਨ੍ਹਾਂ ਨੂੰ ਇੰਟਰਨੈੱਟ ਬੈਂਕਿੰਗ ਅਤੇ ਕੁਝ ਖਾਸ ਸੇਵਾਵਾਂ ਪ੍ਰਦਾਨ ਕਰਨ ਦਾ ਅਧਿਕਾਰ ਹੁੰਦਾ ਹੈ।
ਟੋਰੇਂਟ ਫਾਰਮਾ ਦਾ ਮੁਨਾਫਾ 1.4 ਫੀਸਦੀ ਘਟਿਆ ਅਤੇ ਆਮਦਨ ਸਥਿਰ
NEXT STORY