ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਗਾਹਕਾਂ ਨੂੰ ਇਕ ਵਾਰ ਫਿਰ ਜ਼ੋਰ ਦਾ ਝਟਕਾ ਦਿੱਤਾ ਹੈ। ਐੱਸ. ਬੀ. ਆਈ. ਨੇ ਇਕ ਪਾਸੇ ਲੋਨ ਸਸਤਾ ਕਰਕੇ ਜਿੱਥੇ ਥੋੜ੍ਹੀ ਜਿਹੀ ਰਾਹਤ ਦਿੱਤੀ ਹੈ, ਉੱਥੇ ਹੀ, ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਦਿੱਤੇ ਜਾਣ ਵਾਲੇ ਵਿਆਜ 'ਚ 25 ਆਧਾਰ ਅੰਕ ਦੀ ਕਟੌਤੀ ਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਯਾਨੀ 3 ਅਕਤੂਬਰ ਨੂੰ ਵੀ ਬੈਂਕ ਵੱਲੋਂ ਐੱਫ. ਡੀ. ਦੇ ਵਿਆਜ 'ਚ ਇੰਨੀ ਹੀ ਕਟੌਤੀ ਕੀਤੀ ਗਈ ਸੀ। ਉਦੋਂ ਇਕ ਸਾਲ ਦੀ ਐੱਫ. ਡੀ. 'ਤੇ ਵਿਆਜ ਦਰ 6.75 ਫੀਸਦੀ ਤੋਂ ਘਟਾ ਕੇ 6.50 ਫੀਸਦੀ ਕੀਤੀ ਗਈ ਸੀ। ਹੁਣ ਬੈਂਕ ਵੱਲੋਂ ਇਕ ਵਾਰ ਹੋਰ ਕਟੌਤੀ ਕੀਤੇ ਜਾਣ ਨਾਲ ਤੁਹਾਡੀ ਬਚਤ 'ਤੇ ਮਾਰ ਪਵੇਗੀ, ਯਾਨੀ ਐੱਫ. ਡੀ. 'ਤੇ ਜ਼ਿਆਦਾ ਕਮਾਈ ਨਹੀਂ ਹੋਣ ਵਾਲੀ।
ਹੁਣ ਕਿੰਨਾ ਮਿਲੇਗਾ ਐੱਫ. ਡੀ. 'ਤੇ ਵਿਆਜ
ਭਾਰਤੀ ਸਟੇਟ ਬੈਂਕ 'ਚ ਹੁਣ ਇਕ ਸਾਲ ਦੀ ਐੱਫ. ਡੀ. 'ਤੇ ਸਿਰਫ 6.25 ਫੀਸਦੀ ਵਿਆਜ ਹੀ ਮਿਲੇਗਾ, ਜਦੋਂ ਕਿ ਪਹਿਲਾਂ ਇਹ 6.50 ਫੀਸਦੀ ਸੀ। ਉੱਥੇ ਹੀ, ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਨੂੰ 7 ਫੀਸਦੀ ਦੀ ਬਜਾਏ ਹੁਣ 6.75 ਫੀਸਦੀ ਵਿਆਜ ਮਿਲੇਗਾ। ਐੱਸ. ਬੀ. ਆਈ. ਵੱਲੋਂ ਕੀਤੀ ਗਈ ਕਟੌਤੀ ਤੋਂ ਸਾਫ ਹੈ ਕਿ ਆਉਣ ਵਾਲੇ ਸਮੇਂ 'ਚ ਐੱਫ. ਡੀ. 'ਤੇ ਵਿਆਜ ਹੋਰ ਘਟੇਗਾ। ਭਾਰਤੀ ਸਟੇਟ ਬੈਂਕ ਤੋਂ ਬਾਅਦ ਹੋਰ ਬੈਂਕ ਵੀ ਇਸੇ ਤਰ੍ਹਾਂ ਦੀ ਕਟੌਤੀ ਕਰ ਸਕਦੇ ਹਨ। ਉੱਥੇ ਹੀ, 2 ਸਾਲ ਤੋਂ 10 ਸਾਲ ਦੇ ਫਿਕਸਡ ਡਿਪਾਜ਼ਿਟ 'ਤੇ ਹੁਣ 6 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.25 ਫੀਸਦੀ ਮਿਲ ਰਿਹਾ ਸੀ। ਸੀਨੀਅਰ ਸਿਟੀਜ਼ਨਸ ਨੂੰ ਇਸ ਮਿਆਦ ਦੀ ਐੱਫ. ਡੀ. 'ਤੇ 6.50 ਫੀਸਦੀ ਵਿਆਜ ਮਿਲੇਗਾ। ਨਵੀਂ ਦਰ ਨਵੰਬਰ ਤੋਂ ਲਾਗੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2014 'ਚ ਭਾਰਤੀ ਸਟੇਟ ਬੈਂਕ ਇਕ ਸਾਲ ਦੀ ਐੱਫ. ਡੀ. 'ਤੇ 8 ਫੀਸਦੀ ਤੋਂ ਵੱਧ ਵਿਆਜ ਦੇ ਰਿਹਾ ਸੀ, ਜੋ ਹੌਲੀ-ਹੌਲੀ ਘਟਾ ਕੇ 6.25 ਫੀਸਦੀ ਤਕ ਲਿਆਂਦਾ ਗਿਆ ਹੈ।
KPIT ਟੇਕ ਦਾ ਮੁਨਾਫਾ 9 ਫੀਸਦੀ ਵਧਿਆ, ਆਮਦਨ 5 ਫੀਸਦੀ ਵਧੀ
NEXT STORY