ਸਮਾਰਟ ਫੋਨ ਕੰਪਨੀ ਸੈਮਸੰਗ ਦੇ ਮੁਖੀ ਗ੍ਰਿਫਤਾਰ, ਲੱਗੇ ਇਹ ਦੋਸ਼

You Are HereBusiness
Friday, February 17, 2017-12:11 PM

ਸਿਓਲ— ਦੁਨੀਆ ਦੀ ਸਭ ਤੋਂ ਵੱਡੀ ਸਮਾਰਟ ਫੋਨ ਅਤੇ ਮੈਮੋਰੀ ਚਿਪ ਬਣਾਉਣ ਵਾਲੀ ਕੰਪਨੀ ਸੈਮਸੰਗ ਗਰੁੱਪ ਦੇ ਮੁਖੀ ਜੇ ਵਾਈ. ਲੀ ਨੂੰ ਸ਼ੁੱਕਰਵਾਰ ਸਵੇਰੇ ਦੱਖਣੀ ਕੋਰੀਆ 'ਚ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੈਮਸੰਗ ਦੇ ਮੁਖੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗਿਊਨ ਹੇਈ ਨੂੰ 38 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਖਬਰਾਂ ਮੁਤਾਬਕ ਸੈਮਸੰਗ ਮੁਖੀ ਨੇ 2 ਕੰਪਨੀਆਂ ਦੇ ਰਲੇਵੇਂ ਨੂੰ ਲੈ ਕੇ ਰਾਸ਼ਟਰਪਤੀ ਕੋਲੋਂ ਸਮਰਥਨ ਮੰਗਿਆ ਸੀ ਅਤੇ ਉਨ੍ਹਾਂ ਨੂੰ ਇਸ ਕੰਮ ਵਾਸਤੇ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਦਸੰਬਰ 'ਚ ਰਾਸ਼ਟਰਪਤੀ ਖਿਲਾਫ ਚਲਾਏ ਗਏ ਮਹਾਦੋਸ਼ ਨਾਲ ਵੀ ਇਹ ਮਾਮਲਾ ਜੁੜਿਆ ਹੈ।

ਸੈਮਸੰਗ ਦੇ ਸ਼ੇਅਰਾਂ 'ਚ ਗਿਰਾਵਟ ਦਾ ਮਾਹੌਲ

ਲੀ ਦੀ ਗ੍ਰਿਫਤਾਰੀ ਤੋਂ ਬਾਅਦ ਸੈਮਸੰਗ ਦੇ ਸ਼ੇਅਰਾਂ 'ਚ ਗਿਰਾਵਟ ਦਾ ਮਾਹੌਲ ਹੈ। ਗਰੁੱਪ ਦੀ ਕੰਪਨੀ ਸੈਮਸੰਗ ਇਲੈਕਟ੍ਰਾਨਿਕਸ ਲਿਮਟਿਡ ਦੇ ਸ਼ੇਅਰਾਂ 'ਚ 1.4 ਫੀਸਦੀ ਦੀ ਗਿਰਾਵਟ ਆਈ ਹੈ। ਉੱਥੇ ਹੀ, ਸੈਮਸੰਗ ਗਰੁੱਪ ਦੀ ਹੋਲਡਿੰਗ ਕੰਪਨੀ ਸੀ. ਐਂਡ ਟੀ. ਕਾਰਪ. ਦੇ ਸ਼ੇਅਰਾਂ 'ਚ ਵੀ 2.8 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

ਤਿੰਨ ਮਹੀਨਿਆਂ 'ਚ ਹੋਵੇਗਾ ਫੈਸਲਾ

ਵਕੀਲ ਨੇ ਸੈਮਸੰਗ ਮੁਖੀ ਖਿਲਾਫ ਮੁਕੱਦਮੇ ਦੀ ਸ਼ੁਰੂਆਤ ਲਈ 10 ਦਿਨ ਦਾ ਸਮਾਂ ਮੰਗਿਆ ਹੈ। ਮੁਕੱਦਮੇ ਦੀ ਸ਼ੁਰੂਆਤ ਤੋਂ ਬਾਅਦ ਅਦਾਲਤ ਨੂੰ ਤਿੰਨ ਮਹੀਨਿਆਂ ਅੰਦਰ ਫੈਸਲਾ ਸੁਣਾਉਣਾ ਹੋਵੇਗਾ। ਸੈਮਸੰਗ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਲੀ ਨੂੰ ਗ੍ਰਿਫਤਾਰ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਜਾਵੇਗੀ ਜਾਂ ਫਿਰ ਜ਼ਮਾਨਤ ਦੀ ਮੰਗ ਕੀਤੀ ਜਾਵੇਗੀ, ਇਸ 'ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਲੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੰਪਨੀ ਨੇ ਕਿਹਾ ਹੈ, ''ਅਸੀਂ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਵਿੱਖ 'ਚ ਅਦਾਲਤੀ ਕਾਰਵਾਈ ਦੌਰਾਨ ਪੂਰਾ ਸੱਚ ਨਿਕਲ ਸਾਹਮਣੇ ਆਵੇ।''

ਸਿਓਲ ਕੇਂਦਰੀ ਜ਼ਿਲਾ ਅਦਾਲਤ ਨੇ ਹੀ ਪਿਛਲੇ ਮਹੀਨੇ ਲੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ ਅਤੇ ਹੋਰ ਸਬੂਤ ਪੇਸ਼ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਮੁਕੱਦਮਾ ਪੱਖ ਦੇ ਵਕੀਲਾਂ ਨੇ ਅਦਾਲਤ ਸਾਹਮਣੇ ਰਿਸ਼ਵਤ ਲੈਣ ਸਮੇਤ ਕਈ ਹੋਰ ਸਬੂਤ ਵੀ ਪੇਸ਼ ਕੀਤੇ ਸਨ। ਇਸ ਤੋਂ ਬਾਅਦ ਅਦਾਲਤ ਨੇ ਲੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਇਜ਼ਾਜਤ ਦਿੱਤੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.