ਹੱਥਾਂ ਦੀ ਸ਼ਾਨ ਦਾਨ ਕਰਨ ਨਾਲ ਹੈ, ਗਹਿਣਿਆਂ ਨਾਲ ਨਹੀਂ

You Are HereDharm
Friday, April 21, 2017-9:51 AM
ਇਕ ਵਾਰ ਮਹਾਨ ਕਵੀ ਮਾਘ ਆਪਣੇ ਘਰ ਵਿਚ ਬੈਠੇ ਇਕ ਰਚਨਾ ਲਿਖਣ ਵਿਚ ਰੁੱਝੇ ਹੋਏ ਸਨ। ਇਕ ਗਰੀਬ ਬ੍ਰਾਹਮਣ ਉਨ੍ਹਾਂ ਕੋਲ ਆਇਆ ਅਤੇ ਬੋਲਿਆ,''ਤੁਹਾਡੇ ਤੋਂ ਇਕ ਆਸ ਲੈ ਕੇ ਆਇਆ ਹਾਂ। ਮੇਰੀ ਇਕ ਕੰਨਿਆ ਹੈ। ਉਹ ਜਵਾਨ ਹੋ ਗਈ ਹੈ। ਉਸ ਦੇ ਵਿਆਹ ਦਾ ਇੰਤਜ਼ਾਮ ਕਰਨਾ ਹੈ ਪਰ ਮੇਰੇ ਕੋਲ ਕੁਝ ਵੀ ਨਹੀਂ ਹੈ। ਤੁਹਾਡੀ ਦਰਿਆਦਿਲੀ ਦੀ ਚਰਚਾ ਦੂਰ-ਦੂਰ ਤਕ ਹੈ। ਤੁਹਾਡੀ ਕਿਰਪਾ ਹੋ ਜਾਵੇ ਤਾਂ ਮੇਰੀ ਕੰਨਿਆ ਦੀ ਕਿਸਮਤ ਬਣ ਜਾਵੇਗੀ।''
ਮਾਘ ਖੁਦ ਬਹੁਤ ਗਰੀਬ ਸਨ। ਉਹ ਸੋਚਣ ਲੱਗੇ,''ਗਰੀਬ ਬ੍ਰਾਹਮਣ ਨੂੰ ਕੀ ਦਿੱਤਾ ਜਾਵੇ, ਦੇਣ ਲਈ ਵੀ ਤਾਂ ਕੁਝ ਨਹੀਂ ਹੈ। ਕੀ ਇਸ ਨੂੰ ਖਾਲੀ ਹੱਥ ਵਾਪਸ ਭੇਜਣਾ ਪਵੇਗਾ?''
ਇਹ ਸੋਚਦੇ-ਸੋਚਦੇ ਉਨ੍ਹਾਂ ਦੀ ਨਜ਼ਰ ਨੇੜੇ ਹੀ ਸੁੱਤੀ ਪਈ ਆਪਣੀ ਪਤਨੀ 'ਤੇ ਪਈ। ਉਸ ਦੇ ਹੱਥਾਂ ਵਿਚ ਸੋਨੇ ਦੇ ਕੰਗਣ ਚਮਕ ਰਹੇ ਸਨ। ਜਾਇਦਾਦ ਦੇ ਨਾਂ 'ਤੇ ਇਹੋ ਉਸ ਦੀ ਜਮ੍ਹਾ-ਪੂੰਜੀ ਸੀ।
ਮਾਘ ਨੇ ਸੋਚਿਆ,''ਕੀ ਪਤਾ ਮੰਗਣ 'ਤੇ ਦੇਵੇ ਜਾਂ ਨਾ ਦੇਵੇ। ਸੁੱਤੀ ਪਈ ਹੈ, ਇਹ ਚੰਗਾ ਮੌਕਾ ਹੈ, ਕਿਉਂ ਨਾ ਇਕ ਕੰਗਣ ਚੁੱਪ-ਚਾਪ ਲਾਹ ਲਿਆ ਜਾਵੇ।''
ਜਿਉਂ ਹੀ ਮਾਘ ਕੰਗਣ ਲਾਹੁਣ ਲੱਗੇ, ਪਤਨੀ ਦੀ ਅੱਖ ਖੁੱਲ੍ਹ ਗਈ ਅਤੇ ਉਹ ਪੁੱਛਣ ਲੱਗੀ,''ਤੁਸੀਂ ਮੇਰਾ ਕੰਗਣ ਕਿਉਂ ਲਾਹ ਰਹੇ ਸੀ?''
ਮਾਘ ਬੋਲੇ,''ਗਰੀਬ ਬ੍ਰਾਹਮਣ ਦਰਵਾਜ਼ੇ 'ਤੇ ਬੈਠਾ ਹੈ। ਬੜੀ ਆਸ ਲੈ ਕੇ ਆਇਆ ਹੈ। ਉਸ ਨੇ ਆਪਣੀ ਜਵਾਨ ਪੁੱਤਰੀ ਦਾ ਵਿਆਹ ਕਰਨਾ ਹੈ। ਘਰ ਵਿਚ ਕੁਝ ਹੋਰ ਦੇਣ ਲਈ ਹੈ ਨਹੀਂ। ਤੈਨੂੰ ਇਸ ਲਈ ਨਹੀਂ ਜਗਾਇਆ ਕਿ ਕਿਤੇ ਤੂੰ ਕੰਗਣ ਦੇਣ ਤੋਂ ਮਨ੍ਹਾ ਨਾ ਕਰ ਦੇਵੇ।''
ਪਤਨੀ ਬੋਲੀ,''ਮੈਨੂੰ ਤੁਹਾਡੇ ਨਾਲ ਰਹਿੰਦਿਆਂ ਇੰਨੇ ਸਾਲ ਹੋ ਗਏ ਪਰ ਅੱਜ ਤਕ ਤੁਸੀਂ ਮੈਨੂੰ ਪਛਾਣ ਨਹੀਂ ਸਕੇ। ਤੁਸੀਂ ਤਾਂ ਇਕੋ ਕੰਗਣ ਲਿਜਾਣ ਬਾਰੇ ਸੋਚ ਰਹੇ ਸੀ ਪਰ ਤੁਸੀਂ ਮੇਰਾ ਸਭ ਕੁਝ ਲੈ ਜਾਓ ਤਾਂ ਵੀ ਮੈਂ ਪ੍ਰਸੰਨ ਹੋਵਾਂਗੀ। ਪਤਨੀ ਦੀ ਇਸ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋਵੇਗੀ ਕਿ ਉਹ ਪਤੀ ਨਾਲ ਮਨੁੱਖੀ ਕਲਿਆਣ ਦੇ ਕੰਮ ਆਉਂਦੀ ਰਹੇ।''
ਇਹ ਕਹਿ ਕੇ ਮਾਘ ਦੀ ਪਤਨੀ ਨੇ ਆਪਣੇ ਦੋਵੇਂ ਕੰਗਣ ਬਾਹਰ ਬੈਠੇ ਬ੍ਰਾਹਮਣ ਨੂੰ ਦੇ ਦਿੱਤੇ। ਮਾਘ ਤੇ ਉਨ੍ਹਾਂ ਦੀ ਪਤਨੀ ਦੀ ਦਰਿਆਦਿਲੀ ਤੋਂ ਪ੍ਰਭਾਵਿਤ ਉਸ ਬ੍ਰਾਹਮਣ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਉਹ ਉਥੋਂ ਚੱਲ ਪਿਆ। ਅਸਲ ਵਿਚ ਹੱਥਾਂ ਦੀ ਸ਼ਾਨ ਦਾਨ ਕਰਨ ਨਾਲ ਹੈ, ਗਹਿਣਿਆਂ ਨਾਲ ਨਹੀਂ।
!-- -->