ਗੁਰਦੁਆਰਾ ਸ਼ੇਰਗਾਹ ਸਾਹਿਬ

You Are HereDharm
Monday, March 20, 2017-8:01 AM

ਪਿਆਰੇ ਪਾਠਕੋ! ਆਓ ਇਸ ਵਾਰੀ ਸ੍ਰੀ ਪਾਉਂਟਾ ਸਾਹਿਬ ਜੀ ਦੀ ਧਰਤੀ 'ਤੇ ਸਥਿਤ ਗੁਰਦੁਆਰਾ ਸ਼ੇਰਗਾਹ ਸਾਹਿਬ ਬਾਰੇ ਜਾਣਕਾਰੀ ਹਾਸਲ ਕਰੀਏ। ਸ਼੍ਰੀਨਗਰ-ਗੜਵਾਲ ਰਿਆਸਤ ਦੇ ਰਾਜੇ ਫਤਿਹ ਸ਼ਾਹ ਨੇ ਰਿਆਸਤ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਦੱਬ ਲਿਆ ਸੀ ਭਾਵ ਇਸ 'ਤੇ ਕਬਜ਼ਾ ਕਰ ਲਿਆ ਸੀ। ਉਸ ਨੇ ਜਦੋਂ ਦੇਖਿਆ ਕਿ ਰਾਜਾ ਮੇਦਨੀ ਪ੍ਰਕਾਸ਼ ਨੇ ਇਸ ਤਰ੍ਹਾਂ ਇਲਾਕੇ ਨੂੰ ਦੱਬਣ 'ਤੇ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀਂ ਕੀਤੀ ਤਾਂ ਰਾਜਾ ਫਤਿਹ ਸ਼ਾਹ ਨੇ ਚੰਗਾ ਮੌਕਾ ਜਾਣ ਕੇ ਨਾਹਨ ਰਿਆਸਤ 'ਤੇ ਹਮਲਾ ਕਰਨ ਦਾ ਵਿਚਾਰ ਬਣਾਇਆ। ਦੇਹਰਾਦੂਨ ਵਿਖੇ ਰਹਿ ਰਹੇ ਗੁਰੂ ਹਰਿਰਾਇ ਸਾਹਿਬ ਦੇ ਪੰਥ 'ਚੋਂ ਛੇਕੇ ਹੋਏ ਸਪੁੱਤਰ ਬਾਬਾ ਰਾਮ ਰਾਇ ਨੇ ਰਾਜਾ ਫਤਿਹ ਸ਼ਾਹ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਹ ਉਸ ਦੀ ਜ਼ਰੂਰ ਮਦਦ ਕਰਨਗੇ। ਰਾਜਾ ਮੇਦਨੀ ਪ੍ਰਕਾਸ਼ ਨੂੰ ਵੀ ਇਸ ਗੱਲ ਦਾ ਤੌਖਲਾ ਸੀ ਕਿ ਰਾਜਾ ਫਤਿਹ ਸ਼ਾਹ ਉਸ 'ਤੇ ਹਮਲਾ ਕਰ ਸਕਦਾ ਹੈ। ਇਸੇ ਲਈ ਉਹ ਕਾਲਪੀ ਰਿਸ਼ੀ ਜੀ ਦੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਰਿਆਸਤ 'ਚ ਲੈ ਕੇ ਆਇਆ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਹਨ ਰਿਆਸਤ 'ਚ ਆ ਟਿਕੇ ਅਤੇ ਇਥੇ ਨਗਰ ਵਸਾ ਲਿਆ ਤਾਂ ਇਥੇ ਤਾਂ ਰੌਣਕਾਂ ਲੱਗਣੀਆਂ ਹੀ ਸਨ, ਬਲਕਿ ਚਾਰੇ ਪਾਸੇ ਇਸ ਨਗਰ ਦੀ ਮਹਿਮਾ ਹੋਣ ਲੱਗ ਪਈ। ਰਾਜਾ ਫਤਿਹ ਸ਼ਾਹ ਨੇ ਹਮਲੇ ਦੀ ਯੋਜਨਾ ਬਣਾ ਕੇ ਦੇਹਰਾਦੂਨ ਵਿਖੇ ਜਾ ਕੇ ਬਾਬਾ ਰਾਮ ਰਾਇ ਜੀ ਨਾਲ ਵਿਚਾਰ-ਵਟਾਂਦਰਾ ਕੀਤਾ। ਬਾਬਾ ਰਾਮ ਰਾਇ ਨੇ ਰਾਜਾ ਫਤਿਹ ਸ਼ਾਹ ਨੂੰ ਬਦਲੇ ਹੋਏ ਹਾਲਾਤ ਵਿਚ ਨਾ ਸਿਰਫ ਕੋਈ ਵੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ, ਬਲਕਿ ਉਸ ਨੂੰ ਇਹ ਵੀ ਸਮਝਾਇਆ ਕਿ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਘਰ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਦੇ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਜਦੋਂ ਰਿਆਸਤ ਨਾਹਨ ਵਿਚ ਆ ਟਿਕੇ ਹਨ, ਅਜਿਹੇ 'ਚ ਨਾਹਨ ਰਿਆਸਤ 'ਤੇ ਹਮਲਾ ਕਰਨਾ ਵੱਡੀ ਮੂਰਖਤਾ ਹੋਵੇਗੀ। ਬਾਬਾ ਰਾਮ ਰਾਇ ਨੇ ਫਤਿਹ ਸ਼ਾਹ ਨੂੰ ਇਹ ਵੀ ਸਮਝਾਇਆ ਕਿ ਹਮਲਾ ਕਰਨ ਦੀ ਗੱਲ ਛੱਡ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੌਤਾ ਕਰ ਲਵੇ। ਇਸੇ 'ਚ ਉਸ ਦੀ ਭਲਾਈ ਹੈ। ਇਸ ਸਮਝੌਤੇ 'ਚ ਬਾਬਾ ਰਾਮ ਰਾਇ ਨੇ ਆਪਣੀਆਂ ਸੇਵਾਵਾਂ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਮਲੇ ਦੀ ਗੱਲ ਦੁਬਾਰਾ ਸੋਚੀ ਤਾਂ ਉਸ ਦੀ ਖੈਰ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਜਿਸ 'ਤੇ ਪੈ ਜਾਂਦੀ ਹੈ, ਉਸ ਦਾ ਲੋਕ-ਪ੍ਰਲੋਕ ਤਾਂ ਸੰਵਰਦਾ ਹੀ ਹੈ ਬਲਕਿ ਉਸਦੀਆਂ ਸੱਤੇ ਖੈਰਾਂ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਰਾਜਾ ਫਤਿਹ ਸ਼ਾਹ ਨੇ ਬਾਬਾ ਰਾਮ ਰਾਇ ਦੀ ਇਹ ਸਲਾਹ ਮੰਨ ਲਈ ਅਤੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸੁਲਾਹ-ਸਫਾਈ ਕਰਨ ਲਈ ਆਪਣਾ ਹੱਥ ਅੱਗੇ ਵਧਾਇਆ। ਉਸ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਰਾਜਾ ਮੇਦਨੀ ਪ੍ਰਕਾਸ਼ ਦੀ ਰਿਆਸਤ ਨਾਹਨ ਦਾ ਜੋ ਇਲਾਕਾ ਦੱਬਿਆ ਸੀ, ਜਿਸ 'ਤੇ ਉਸ ਨੇ ਕਬਜ਼ਾ ਕਰਕੇ ਆਪਣੀ ਰਿਆਸਤ 'ਚ ਮਿਲਾਇਆ ਸੀ, ਉਹ ਸਾਰਾ ਇਲਾਕਾ ਬਿਨਾਂ ਕਿਸੇ ਸ਼ਰਤ ਦੇ ਰਾਜਾ ਮੇਦਨੀ ਪ੍ਰਕਾਸ਼ ਨੂੰ ਵਾਪਸ ਕਰ ਦਿੱਤਾ। ਫੇਰ ਉਸ ਨੇ ਆਪਣੇ ਵਿਸ਼ੇਸ਼ ਏਲਚੀ ਭੇਜ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਮਿੱਤਰਤਾ ਕਰਨ ਦਾ ਸੱਦਾ ਦਿੱਤਾ। ਰਾਜਾ ਮੇਦਨੀ ਪ੍ਰਕਾਸ਼ ਨੇ ਖੁਸ਼ੀ ਨਾਲ ਰਾਜਾ ਫਤਿਹ ਸ਼ਾਹ ਦਾ ਸੱਦਾ ਪ੍ਰਵਾਨ ਕਰ ਲਿਆ ਤੇ ਆਪਣੀ ਰਿਆਸਤ ਵਿਚ ਆਉਣ ਲਈ ਕਹਿ ਦਿੱਤਾ। ਰਾਜਾ ਫਤਿਹ ਸ਼ਾਹ ਬਕਾਇਦਾ ਨਾਹਨ ਵਿਖੇ ਗਿਆ ਤੇ ਪਿਛਲੀਆਂ ਗ਼ਲਤੀਆਂ ਲਈ ਮੁਆਫੀ ਮੰਗਦੇ ਹੋਏ ਅੱਗੋਂ ਲਈ ਦੋਸਤ ਬਣੇ ਰਹਿਣ ਦਾ ਪ੍ਰਣ ਕੀਤਾ। ਉਹ ਪਾਉਂਟਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਲਈ ਵੀ ਆਇਆ। ਗੁਰੂ ਜੀ ਦਾ ਰੱਬੀ ਨੂਰ ਅਤੇ ਚਿਹਰੇ 'ਤੇ ਚਮਕ ਦਾ ਜਲਾਲ ਦੇਖ ਕੇ ਰਾਜਾ ਫਤਿਹ ਸ਼ਾਹ ਨਿਹਾਲ ਹੋ ਗਿਆ ਅਤੇ ਗੁਰੂ ਚਰਨਾਂ 'ਤੇ ਡਿਗ ਪਿਆ।
ਦਿਨ ਬਹੁਤ ਹੀ ਖੁਸ਼ੀਆਂ ਤੇ ਖੁਸ਼ਹਾਲੀ ਨਾਲ ਬੀਤ ਰਹੇ ਸਨ। ਨਾਹਨ ਰਿਆਸਤ ਦੇ ਲੋਕ ਵਧ-ਫੁੱਲ ਰਹੇ ਸਨ, ਕਿਸੇ ਨੂੰ ਕੋਈ ਦੁੱਖ-ਤਕਲੀਫ ਨਹੀਂ ਸੀ। ਲੋਕ ਗੁਰੂ ਘਰ ਦੇ ਪ੍ਰੇਮੀ ਬਣ ਰਹੇ ਸਨ। ਇਸੇ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨਾਲ ਕਿ ਸਾਰੀ ਰਿਆਸਤ ਵਿਚ ਹੀ ਹਲਚਲ ਮਚ ਗਈ। ਇਸ ਇਲਾਕੇ 'ਚ ਇਕ ਆਦਮਖੋਰ ਸ਼ੇਰ ਆ ਗਿਆ, ਜੋ ਲੋਕਾਂ ਦੇ ਜਾਨਵਰਾਂ ਨੂੰ ਮਾਰ ਦਿੰਦਾ ਜਾਂ ਇਨਸਾਨਾਂ ਦਾ ਵੀ ਨੁਕਸਾਨ ਕਰ ਜਾਂਦਾ। ਜਦੋਂ ਇਸ ਸ਼ੇਰ ਕਾਰਨ ਕਾਫੀ ਜਾਨੀ ਨੁਕਸਾਨ ਹੋ ਗਿਆ ਤਾਂ ਲੋਕੀਂ ਇਕੱਠੇ ਹੋ ਕੇ ਰਾਜਾ ਮੇਦਨੀ ਪ੍ਰਕਾਸ਼ ਕੋਲ ਪਹੁੰਚੇ ਅਤੇ ਦੱਸਿਆ ਕਿ ਇਕ ਆਦਮਖੋਰ ²ਸ਼ੇਰ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਰਾਜਾ ਇਹ ਸੁਣ ਕੇ ਕਾਫੀ ਚਿੰਤਾ 'ਚ ਪੈ ਗਿਆ। ਉਸ ਨੇ ਆਪਣੀਆਂ ਫੌਜਾਂ ਨੂੰ ਹੁਕਮ ਕੀਤਾ ਕਿ ਇਸ ਸ਼ੇਰ ਦਾ ਖਾਤਮਾ ਕਰ ਦਿਓ। ਕੋਈ ਵੀ ਉਸ ਸ਼ੇਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ ਹੋ ਰਿਹਾ। ਵੱਡੇ-ਵੱਡੇ ਸੂਰਮੇ ਤੇ ਫੌਜਦਾਰ ਟਾਲਾ ਵੱਟ ਗਏ।
ਅਖੀਰ ਲੋਕੀਂ ਰਾਜਾ ਮੇਦਨੀ ਪ੍ਰਕਾਸ਼ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਾਉਂਟਾ ਸਾਹਿਬ ਆ ਪੁੱਜੇ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਇਸ ਆਦਮਖੋਰ ਸ਼ੇਰ ਕੋਲੋਂ ਛੁਟਕਾਰਾ ਦਿਵਾਇਆ ਜਾਵੇ। ਕੁਦਰਤੀ ਹੀ ਸ਼੍ਰੀਨਗਰ-ਗੜਵਾਲ ਦਾ ਰਾਜਾ ਫਤਿਹ ਸ਼ਾਹ ਵੀ ਉਥੇ ਗੁਰੂ ਜੀ ਕੋਲ ਆਇਆ ਹੋਇਆ ਸੀ। ਗੁਰੂ ਜੀ ਨੇ ਸਾਰਿਆਂ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਰਾਜਿਆਂ ਵੱਲ ਦੇਖਿਆ ਤੇ ਕਿਹਾ ਕਿ ਰਾਜਿਆਂ ਦਾ ਫਰਜ਼ ਹੁੰਦਾ ਹੈ ਕਿ ਉਹ ਪਰਜਾ ਦੀ ਰੱਖਿਆ ਕਰਨ, ਇਸ ਲਈ ਇਸ ਸ਼ੇਰ ਤੋਂ ਜਨਤਾ ਨੂੰ ਛੁਟਕਾਰਾ ਦਿਵਾਉਣਾ ਵੀ ਉਨ੍ਹਾਂ 'ਤੇ ਰਾਜ ਕਰਨ ਵਾਲੇ ਰਾਜਾ ਦਾ ਹੀ ਫਰਜ਼ ਹੈ।
ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਆਦਮਖੋਰ ਸ਼ੇਰ ਦਾ ਨਾਂ ਸਾਹਮਣੇ ਆਉਂਦਿਆਂ ਹੀ ਰਾਜੇ ਵੀ ਆਪਣਾ ਸਿਰ ਝੁਕਾ ਕੇ ਬੈਠ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਉਹ ਖੁਦ ਇਸ ਸ਼ੇਰ ਦਾ ਸ਼ਿਕਾਰ ਕਰਨਗੇ। ਗੁਰੂ ਜੀ ਪਿੰਡ ਨਿਹਾਲਗੜ੍ਹ ਦੇ ਨੇੜੇ ਉਸ ਥਾਂ ਪਹੁੰਚੇ, ਜਿਥੇ ਸ਼ੇਰ ਬਾਰੇ ਪਤਾ ਲੱਗਾ ਸੀ। ਗੁਰੂ ਜੀ ਘੋੜੇ ਤੋਂ ਉਤਰ ਗਏ ਅਤੇ ਪੈਦਲ ਹੀ ਅੱਗੇ ਵਧੇ ਤਾਂ ਉਨ੍ਹਾਂ ਦਾ ਸਾਹਮਣਾ ਸ਼ੇਰ ਨਾਲ ਹੋ ਗਿਆ। ਗੁਰੂ ਜੀ ਇਕੱਲੇ ਹੀ ਅੱਗੇ ਵਧੇ ਅਤੇ ਇਕ ਬਹੇੜੇ ਦੇ ਰੁੱਖ ਕੋਲ ਖਲੋ ਕੇ ਇਸ ਸ਼ੇਰ ਨੂੰ ਮਾਰਨ ਦੀ ਵਿਉਂਤ ਬਣਾਉਣ ਲੱਗੇ। ਕੁਝ ਸੋਚ ਕੇ ਗੁਰੂ ਜੀ ਨੇ ਸ਼ੇਰ 'ਤੇ ਤਲਵਾਰ ਨਾਲ ਹਮਲਾ ਕਰਨਾ ਹੀ ਠੀਕ ਸਮਝਿਆ। ਗੁਰੂ ਜੀ ਨੂੰ ਦੇਖ ਕੇ ਸ਼ੇਰ ਨੇ ਇਕਦਮ ਗੁਰੂ ਜੀ 'ਤੇ ਹਮਲਾ ਕਰ ਦਿੱਤਾ। ਗੁਰੂ ਜੀ ਪਹਿਲੋਂ ਹੀ ਤਿਆਰ ਸਨ। ਉਨ੍ਹਾਂ ਸ਼ੇਰ ਦੇ ਹਮਲੇ ਨੂੰ ਆਪਣੀ ਢਾਲ 'ਤੇ ਰੋਕ ਲਿਆ ਅਤੇ ਤਲਵਾਰ ਨਾਲ ਸ਼ੇਰ 'ਤੇ ਅਜਿਹਾ ਤੇਜ਼ ਵਾਰ ਕੀਤਾ ਕਿ ਪੇਟ ਕੋਲੋਂ ²ਸ਼ੇਰ ਦੇ ਦੋ ਟੋਟੇ ਹੋ ਗਏ। ਇਹ ਥਾਂ ਪਾਉਂਟਾ ਸਾਹਿਬ ਤੋਂ ਲੱਗਭਗ 5 ਕਿਲੋਮੀਟਰ ਦੂਰੀ 'ਤੇ ਭੰਗਾਣੀ ਸਾਹਿਬ ਵੱਲ ਨੂੰ ਜਾਂਦੇ ਰਸਤੇ 'ਤੇ ਸਥਿਤ ਹੈ। ਜਿਸ ਬਹੇੜੇ ਦੇ ਰੁੱਖ ਕੋਲ ਖਲੋ ਕੇ ਗੁਰੂ ਜੀ ਨੇ ਸ਼ੇਰ ਨੂੰ ਮਾਰਨ ਦੀ ਵਿਉਂਤ ਬਣਾਈ, ਇਹ ਰੁੱਖ ਅਜੇ ਵੀ ਕਾਇਮ ਹੈ। ਇਸ ਦਾ ਤਣਾ ਛੱਤ ਦੇ ਵਿਚਕਾਰੋਂ ਉਪਰ ਕੱਢਿਆ ਹੋਇਆ ਹੈ, ਜਿਥੋਂ ਇਹ ਰੁੱਖ ਕਾਫੀ ਦੂਰ ਤੱਕ ਫੈਲਿਆ ਹੋਇਆ ਹੈ। ਜੋ ਲੋਕੀਂ ਪਾਉਂਟਾ ਸਾਹਿਬ ਵਿਖੇ ਜਾਂਦੇ ਹਨ, ਉਹ ਇਸ ਅਸਥਾਨ ਦੇ ਦਰਸ਼ਨ ਕਰਨਾ ਨਹੀਂ ਭੁੱਲਦੇ। ਇਥੇ ਗੁਰਦੁਆਰਾ ਸ਼ੇਰਗਾਹ ਸਾਹਿਬ ਬਣਿਆ ਹੋਇਆ ਹੈ।
—ਗੁਰਪ੍ਰੀਤ ਸਿੰਘ ਨਿਆਮੀਆਂ

Popular News

!-- -->