ਜਲੰਧਰ/ ਲਾਹੌਰ—ਪੰਜਾਬੀ ਭਾਸ਼ਾ 'ਚ ਅਜਿਹੀ ਸਿਫਤ, ਸਲਾਹ, ਮਿਠਾਸ, ਗੁਣਵੱਤਾ ਅਤੇ ਸਹਿਜ-ਸਰਲਤਾ ਹੈ ਕਿ ਇਹ ਹਰ ਬੋਲਣ ਅਤੇ ਸੁਣਨ ਵਾਲੇ ਦੇ ਦਿਲਾਂ 'ਚ ਅਲੋਕਿਕ ਰਸ ਘੋਲਦੀ ਹੈ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਇਸ ਨੂੰ ਲਿਖਣ, ਬੋਲਣ, ਪੜ੍ਹਨ ਵਾਲਿਆਂ ਨੂੰ ਜਿੰਨਾਂ ਇਸ ਜ਼ੁਬਾਨ 'ਤੇ ਮਾਣ ਹੈ, ਸ਼ਾਇਦ ਕਿਸੇ ਹੋਰ ਵਿਸ਼ੇ, ਵਸਤੂ, ਸਥਾਨ, ਸਥਿਤੀ ਜਾਂ ਕਿਸੇ ਵੀ ਸ਼ੈਅ 'ਤੇ ਨਹੀਂ ਹੋਵੇਗਾ। ਵਾਹਗੇ ਤੋਂ ਆਰ-ਪਾਰ ਵੱਸਦੇ ਲੋਕਾਂ 'ਚ ਜਿਹੜੀਆਂ ਅਪੱਣਤ ਦੀਆਂ ਕੜੀਆਂ ਅੱਜ ਵੀ ਮਜ਼ਬੂਤੀ ਨਾਲ ਰਿਸ਼ਤਿਆਂ 'ਤੇ ਪਹਿਰਾ ਦੇ ਰਹੀਆਂ ਹਨ, ਉਨ੍ਹਾਂ 'ਚ ਪੰਜਾਬੀ ਭਾਸ਼ਾ ਦਾ ਬਹੁਤ ਵੱਡਾ ਅਤੇ ਅਹਿਮ ਸਥਾਨ ਹੈ। ਇਹ ਭਾਸ਼ਾ ਗੁਰੂਆਂ, ਪੀਰਾਂ, ਫਕੀਰਾਂ, ਸੂਫੀ-ਸੰਤਾਂ ਦੀ ਭਾਸ਼ਾ ਹੈ। ਇਹ ਰਾਂਝਿਆਂ ਅਤੇ ਮਿਰਜ਼ਿਆਂ ਦੀ ਭਾਸ਼ਾ ਹੈ। ਇਹ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ਅਤੇ ਪ੍ਰੋਫੈਸਰ ਪੂਰਨ ਸਿੰਘ ਦੀ ਭਾਸ਼ਾ ਹੈ। ਸਮਾਜ 'ਚ ਰਹਿੰਦਿਆਂ-ਵਿਚਰਦਿਆਂ ਸਾਡੇ ਸਾਹਮਣੇ ਕੋਈ ਵਿਸ਼ਾ ਜਾਂ ਮਸਲਾ ਅਜਿਹਾ ਨਹੀਂ ਆਉਂਦਾ, ਜਿਸ ਦਾ ਠੀਕ, ਮੁਕੰਮਲ ਅਤੇ ਬਾ-ਅਰਥ ਪ੍ਰਗਟਾਵਾ ਇਸ ਜ਼ੁਬਾਨ 'ਚ ਨਾ ਕੀਤਾ ਜਾ ਸਕੇ। ਪੰਜਾਬੀ ਭਾਸ਼ਾ 'ਚ ਲਿਖਿਆ ਗਿਆ ਸਾਹਿਤ ਅਤੇ ਹੋਰ ਮਹਾਂ-ਕਿਰਤਾਂ ਸੰਸਾਰ ਪੱਧਰ 'ਤੇ ਬੁਲੰਦੀ ਨੂੰ ਹਾਸਲ ਕਰ ਚੁੱਕੀਆਂ ਹਨ। ਪੰਜਾਬੀ ਜ਼ੁਬਾਨ ਦੀ ਸ਼ਾਇਰੀ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਭਾਸ਼ਾ 'ਚ ਲਿਖੇ ਗਏ ਗੀਤ ਸਰਹੱਦ ਦੇ ਆਰ-ਪਾਰ ਵੱਸਦੇ ਲੋਕਾਂ ਦੇ ਦਿਲਾਂ 'ਚ ਹਮੇਸ਼ਾਂ ਧੜਕਦੇ ਰਹਿਣਗੇ ਅਤੇ ਰਸ ਘੋਲਦੇ ਰਹਿਣਗੇ। ਇਹੋ ਕਾਰਣ ਹੈ ਕਿ ਜਦੋਂ ਵੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਆਪਸ 'ਚ ਮੇਲ-ਮੁਲਾਕਾਤ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਬੋਲੀ ਜਾਂਦੀ ਪੰਜਾਬੀ ਭਾਸ਼ਾ ਹੋਰਾਂ ਦੇ ਮੁਕਾਬਲੇ ਉਨ੍ਹਾਂ ਦੇ ਰਿਸ਼ਤੇ ਨੂੰ ਇੱਕ ਨਿੱਖੜਵਾਂ ਰੂਪ ਦਿੰਦੀ ਹੈ। ਇਸ ਦੇ ਨਾਲ ਹੀ ਭਾਸ਼ਾ ਦਾ ਇਹ ਵੀ ਅਹਿਮ ਯੋਗਦਾਨ ਹੈ ਕਿ ਇਹ ਪੰਜਾਬੀਆਂ ਦੇ ਉਸ ਰਿਸ਼ਤੇ ਨੂੰ ਨਾ ਸਿਰਫ ਨਿਖਾਰਦੀ, ਉਭਾਰਦੀ ਹੈ, ਸਗੋਂ ਉਸ ਨੂੰ ਅਥਾਹ ਮਜ਼ਬੂਤੀ ਵੀ ਪ੍ਰਦਾਨ ਕਰਦੀ ਹੈ। ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬੀ ਭਾਸ਼ਾ ਉਨ੍ਹਾਂ ਦੇ ਦਿਲਾਂ 'ਚ ਧੜਕਦੀ ਹੋਵੇ। ਪੰਜਾਬ ਦੇ ਲੋਕਾਂ ਦਾ ਚਰਿਤਰ, ਖਾਣਾ-ਪੀਣਾ, ਪਹਿਰਾਵਾ ਉਨ੍ਹਾਂ ਦੀ ਬਹਾਦਰੀ ਸਭ ਦੇ ਪਿੱਛੇ ਇਸ ਭਾਸ਼ਾ ਦਾ ਬਹੁਤ ਵੱਡਾ ਕਾਰਨ ਹੈ। ਪੰਜਾਬ ਦੇ ਲੋਕਾਂ ਦੀਆਂ ਨਿੱਤ ਦਿਹਾੜੇ ਦੀਆਂ ਕਾਰਗੁਜ਼ਾਰੀਆਂ, ਉਨ੍ਹਾਂ ਦੇ ਗੁਣਾਂ, ਦੋਸ਼ਾਂ, ਚੰਗਿਆਈਆਂ, ਬੁਰਾਈਆਂ, ਲੜਣ-ਝਗੜਣ, ਹੱਸਣ-ਖੇਡਣ, ਨੱਚਣ-ਕੁੱਦਣ, ਗਾਉਣ-ਬੋਲਣ ਆਦਿ ਸਭ 'ਚੋਂ ਪੰਜਾਬੀ ਜ਼ੁਬਾਨ ਦਾ ਝਲਕਾਰਾ ਮਿਲਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਦੋਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਖੁਸ਼ੀ ਦੇ ਰੌਂਅ 'ਚ ਹੁੰਦੇ ਹਨ ਤਾਂ ਉਨ੍ਹਾਂ ਦੇ ਪ੍ਰਗਟਾਵੇ 'ਚ ਇਸ ਕਰਕੇ ਵੱਡਾ ਜੋਸ਼ ਅਤੇ ਉਤਸ਼ਾਹ ਹੁੰਦਾ ਹੈ, ਕਿਉਂਕਿ ਉਹ ਪੰਜਾਬੀ ਜ਼ੁਬਾਨ ਨੂੰ ਅਥਾਹ ਪਿਆਰ ਕਰਦੇ ਹਨ। ਪੰਜਾਬੀ ਉਨ੍ਹਾਂ ਦੀ ਹਰ ਹਰਕਤ 'ਚੋਂ ਪ੍ਰਗਟ ਹੁੰਦੀ ਹੈ।
ਇਸ ਦੇ ਦੂਜੇ ਪਾਸੇ ਜੇ ਕਦੇ ਇਸ ਪੰਜਾਬੀ ਭਾਸ਼ਾ 'ਤੇ ਕੋਈ ਉਂਗਲੀ ਉਠਾਵੇ ਜਾਂ ਇਸ ਨੂੰ ਅਪਮਾਨਤ ਕਰਨ ਦੀ ਕੋਸ਼ਿਸ਼ ਕਰੇ ਤਾਂ ਵੀ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਗੱਲ 'ਚੋਂ ਵੀ ਪੰਜਾਬੀਆਂ ਦੀ ਆਪਸੀ ਸਾਂਝ ਝਲਕਦੀ ਹੈ ਕਿ ਉਹ ਸਰਹੱਦ ਦੇ ਆਰ ਹੋਣ ਜਾਂ ਪਾਰ ਪੰਜਾਬੀ ਭਾਸ਼ਾ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦੇ। ਜ਼ਿਕਰਯੋਗ ਇਹ ਵੀ ਹੈ ਕਿ ਸਰਹੱਦ ਦੇ ਦੋਹੀ ਪਾਸੀਂ ਕਣਕ ਦੀ ਫਸਲ ਵਾਂਗ ਕਾਂਗਿਆਰੀਆਂ ਵੀ ਮੌਜੂਦ ਹਨ। ਜੇ ਪੰਜਾਬੀ ਭਾਸ਼ਾ ਨੂੰ ਚਾਹੁਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਹੈ ਤਾਂ ਕੁਝ ਲੋਕ ਜਾਣਦੇ ਹੋਏ ਜਾਂ ਨਾ ਜਾਣਦੇ ਹੋਏ ਇਸ ਦੀ ਸ਼ਾਨ ਘਟਾਉਣ ਵਰਗੀਆਂ ਹਰਕਤਾਂ ਵੀ ਕਰਦੇ ਰਹਿੰਦੇ ਹਨ। ਪਿਛਲੇ ਦਿਨੀਂ ਸਰਹੱਦ ਦੇ ਦੋਹੀ ਪਾਸੀਂ ਅਜਿਹੇ ਮਾਮਲੇ ਦੇਖਣ ਨੂੰ ਮਿਲੇ। ਸ਼ੁਰੂਆਤ ਚੜ੍ਹਦੇ ਪੰਜਾਬ ਤੋਂ ਹੋਈ, ਜਿੱਥੇ ਜਲੰਧਰ ਦੇ ਇਕ ਨਾਮੀ-ਗਰਾਮੀ ਸਕੂਲ 'ਚ ਬੱਚਿਆਂ ਨੂੰ ਇਹ ਹਿਦਾਇਤ ਕਰ ਦਿੱਤੀ ਗਈ ਕਿ ਉਹ ਜਿੰਨਾਂ ਚਿਰ ਸਕੂਲ 'ਚ ਰਹਿਣ ਪੰਜਾਬੀ ਭਾਸ਼ਾ 'ਚ ਗੱਲਬਾਤ ਨਾ ਕਰਨ। ਗੱਲ ਇੱਥੇ ਹੀ ਖਤਮ ਨਹੀਂ ਹੋਈ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਪੂਰੇ ਸੂਬੇ ਦੇ ਲੋਕਾਂ ਨੇ ਇਸ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਕੁੱਝ ਸੰਸਥਾਵਾਂ ਵੀ ਅੱਗੇ ਆ ਗਈਆਂ, ਜਿਨ੍ਹਾਂ ਨੇ ਪੰਜਾਬੀ ਭਾਸ਼ਾ 'ਤੇ ਹੋਏ ਇਸ ਹਮਲੇ ਨੂੰ ਆਪਣੇ 'ਤੇ ਹੋਇਆ ਹਮਲਾ ਸਮਝਿਆ ਅਤੇ ਇਸ ਦਾ ਡਟਵਾਂ ਵਿਰੋਧ ਕੀਤਾ। ਇਸ ਸਾਰੇ ਮਾਮਲੇ ਨੇ ਇਹ ਦਰਸਾਅ ਦਿੱਤਾ ਕਿ ਚੜ੍ਹਦੇ ਪੰਜਾਬ ਦੇ ਲੋਕ ਆਪਣੀ ਮਾਤ ਭਾਸ਼ਾ ਨੂੰ ਜਾਨ ਨਾਲੋਂ ਵੀ ਵਧ ਪਿਆਰ ਕਰਦੇ ਹਨ। ਸਿਰਫ ਜਲੰਧਰ ਸ਼ਹਿਰ 'ਚ ਹੀ ਨਹੀਂ ਸਗੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਕੂਲ ਦੀ ਇਸ ਹਰਕਤ ਵਿਰੁੱਧ ਰੋਸ ਮਾਰਚ ਕੱਢੇ ਗਏ ਅਤੇ ਇਹ ਆਵਾਜ਼ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚ ਗਈ। ਇਹ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਦੀ ਇਕਜੁੱਟਤਾ ਅਤੇ ਜਿੱਤ ਵਰਗੀ ਮਿਸਾਲ ਸੀ।
ਕੁਝ ਇਸੇ ਤਰ੍ਹਾਂ ਦੀ ਘਟਨਾ ਲਹਿੰਦੇ ਪੰਜਾਬ ਦੇ ਜ਼ਿਲਾ ਸਾਹੀਵਾਲ 'ਚ ਸਥਿਤ ਇਕ ਸਕੂਲ 'ਚ ਵਾਪਰੀ। ਸਕੂਲ ਦੇ ਪ੍ਰਬੰਧਕਾਂ ਨੇ ਇਕ ਨੋਟਿਸ ਜਾਰੀ ਕਰਕੇ ਸਕੂਲ 'ਚ ਪੰਜਾਬੀ ਭਾਸ਼ਾ ਬੋਲਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸਕੂਲ ਵੱਲੋਂ ਪੰਜਾਬੀ ਨੂੰ ਗਲਤ ਅਤੇ ਗਾਲੀ-ਗਲੋਚ ਵਰਗੀ ਭਾਸ਼ਾ ਦੱਸਿਆ। ਇਸ ਮਾਮਲੇ ਨੂੰ ਲੈ ਕੇ ਲਹਿੰਦੇ ਪੰਜਾਬ ਦੇ ਪੰਜਾਬੀ ਪ੍ਰੇਮੀ ਲੋਕ ਇਕ ਦਮ ਭੜਕ ਪਏ ਅਤੇ ਉਨ੍ਹਾਂ ਨੇ ਸਕੂਲ ਦੇ ਖਿਲਾਫ ਪੰਜਾਬ ਮਾਂ ਬੋਲੀ ਨੂੰ ਅਪਮਾਨਤ ਕਰਨ ਦੇ ਦੋਸ਼ ਲਾਉਂਦਿਆਂ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਇਸ ਘਟਨਾ ਚੱਕਰ ਨੂੰ ਮਦਭਾਗਾ ਦੱਸਿਆ। ਸਕੂਲ ਵੱਲੋਂ ਜਾਰੀ ਕੀਤਾ ਗਿਆ ਨੋਟਿਸ ਲਹਿੰਦੇ ਪੰਜਾਬ ਦੇ ਨਾਲ-ਨਾਲ ਪੂਰੇ ਪਾਕਿਸਤਾਨ 'ਚ ਫੈਲ ਗਿਆ ਸੀ। ਪੰਜਾਬੀ ਭਾਸ਼ਾ ਦੇ ਆਸ਼ਿਕਾਂ ਨੇ ਸਕੂਲ ਦੇ ਵਿਰੁੱਧ ਸ਼ਿਕੰਜਾ ਕੱਸ ਦਿੱਤਾ, ਹਾਲਾਂਕਿ ਸਕੂਲ ਦੀ ਪ੍ਰਬੰਧ ਕਮੇਟੀ ਵੱਲੋਂ ਇਸ ਸੰਬੰਧ 'ਚ ਸਫਾਈ ਵੀ ਪੇਸ਼ ਕੀਤੀ ਗਈ ਪਰ ਪੰਜਾਬੀ ਭਾਸ਼ਾ ਦੇ ਚਾਹੁਣ ਵਾਲੇ ਇਸ ਨਾਲ ਸਤੁੰਸ਼ਟ ਨਹੀਂ ਹੋਏ। ਇਸ ਦੌਰਾਨ ਪੰਜਾਬੀ ਲੇਖਕਾਂ ਅਤੇ ਚਾਹਵਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਸਕੂਲ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਨ੍ਹਾਂ 'ਚ ਅਹਿਮਦ ਰਜ਼ਾ ਪ੍ਰੋ. ਜ਼ਾਮੀਲ ਪਾਲ, ਕਾਸਿਫ ਹੁਸੈਨ, ਰਾਣਾ ਮਜ਼ੀਦ, ਜ਼ਾਹਿਰ ਭੱਟੀ, ਤਾਰਿਕ ਜ਼ਟਾਲਾ, ਇਕਬਾਲ ਕੈਸਰ ਅਤੇ ਕਵੀ ਸਾਬਰ ਅਲੀ ਸਾਬਰ ਸ਼ਾਮਲ ਹਨ। ਇਸ ਦੌਰਾਨ ਪੰਜਾਬੀ ਪ੍ਰਚਾਰ ਅਤੇ ਪਾਕਿਸਤਾਨ ਪੰਜਾਬੀ ਅੱਧਵੀ ਬੋਰਡ ਸੰਸਥਾ ਵੱਲੋਂ ਲਾਹੌਰ ਹਾਈ ਕੋਰਟ 'ਚ ਕੇਸ ਵੀ ਦਾਇਰ ਕਰ ਦਿੱਤਾ ਗਿਆ। ਹਾਈ ਕੋਰਟ ਨੇ ਇਸ ਮਾਮਲੇ 'ਚ ਸਕੂਲ ਦੇ ਹੈੱਡਮਾਸਟਰ ਅਤੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ 27 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਸਪੱਸ਼ਟ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਪ੍ਰਤੀ ਲਹਿੰਦੇ ਅਤੇ ਚੜ੍ਹਦੇ ਪੰਜਾਬ 'ਚ ਇਕੋਂ ਜਿੰਨਾਂ ਪਿਆਰ ਅਤੇ ਸਤਿਕਾਰ ਹੈ ਅਤੇ ਪੰਜਾਬੀ ਭਾਸ਼ਾ ਦੀ ਸੰਭਾਲ ਅਤੇ ਵਿਕਾਸ ਲਈ ਪੰਜਾਬ ਦੇ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਪੇਸ਼ਕਸ਼: ਜੁਗਿੰਦਰ ਸੰਧੂ
094174-02327
ਪੰਜਾਬੀ ਨੌਜਵਾਨ ਅਮ੍ਰਿਤ ਕਾਹਲੋਂ ਨੇ ਜਿੱਤੀ 'ਆਸਟਰੀਅਨ ਕਰਾਟਾ ਚੈਂਪੀਅਨਸ਼ਿਪ'
NEXT STORY