ਮੈਲਬੋਰਨ(ਮਨਦੀਪ ਸਿੰਘ ਸੈਣੀ)— ਪਿਛਲੇ ਕੁੱਝ ਦਿਨਾਂ ਤੋਂ ਪੰਜਾਬੀ ਭਾਈਚਾਰੇ ਵਿਚ ਰੇਡੀਓ, ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਤੇ ਆਸਟ੍ਰੇਲੀਆ ਵਿਚ ਪੰਜ ਦਰਿਆਵਾਂ ਦੀ ਧਰਤੀ 'ਪੰਜਾਬ' ਲੱਭ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਪਰ ਇਸ 'ਪੰਜਾਬ' ਬਾਰੇ ਆਸਟ੍ਰੇਲੀਆ ਦੇ ਅੰਗਰੇਜ਼ ਇਤਿਹਾਸਕਾਰ ਲਿਨ ਕੀਨਾ ਅਤੇ ਕ੍ਰਿਸ ਜਾਰਡਨ ਨੇ ਅਹਿਮ ਖੁਲਾਸੇ ਕੀਤੇ ਹਨ। ਮੈਲਬੋਰਨ ਦੇ ਰੇਡੀਓ 'ਹਾਂਜੀ' ਨਾਲ ਕੀਤੀ ਵਿਸ਼ੇਸ਼ ਇੰਟਰਵਿਊ ਦੌਰਾਨ ਲਿਨ ਅਤੇ ਕ੍ਰਿਸ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਵਿਚ ਸਿੱਖਾਂ ਦੀ ਪਹਿਲੀ ਆਮਦ, ਨੌਕਰੀ ਪੇਸ਼ਾ, ਰਹਿਣ ਸਹਿਣ ਤੇ ਉਸ ਸਮੇਂ ਦੌਰਾਨ ਆਈਆਂ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਕੇ ਕਿਤਾਬੀ ਰੂਪ ਵਿਚ ਮੁਹੱਈਆ ਕਰਵਾ ਚੁੱਕੇ ਹਨ ਤੇ ਉਹ ਸਾਲ 1985 ਤੋਂ ਸਿੱਖ ਭਾਈਚਾਰੇ ਨਾਲ ਜੁੜੇ ਅਨੇਕਾਂ ਤੱਥਾਂ, ਖੋਜ ਪੜਤਾਲਾਂ ਨੂੰ ਉਜਾਗਰ ਕਰਨ ਵਿਚ ਲਗਾਤਾਰ ਯਤਨਸ਼ੀਲ ਹਨ।
ਉਨ੍ਹਾਂ ਨੇ ਆਸਟ੍ਰੇਲੀਆਈ ਪੰਜਾਬ ਦਾ ਪੰਜ ਦਰਿਆਵਾਂ ਨਾਲ ਸੰਬੰਧ ਹੋਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਜਿਹੜੇ ਪੰਜ ਦਰਿਆਵਾਂ ਲੋਗਨ, ਐਲਬਰਟ, ਪਿੰਮਪੈਂਬਾ, ਨੇਰੰਗ ਅਤੇ ਕੂਮਰਾ ਦਾ ਪੰਜਾਬ ਦੀ ਹੱਦ ਵਿਚ ਵਗਣ ਦਾ ਦਾਅਵਾ ਕੀਤਾ ਗਿਆ ਹੈ, ਉਹ ਦਰਿਆ ਬ੍ਰਿਸਬੇਨ ਦੇ ਗੋਲਡਕੋਸਟ ਸ਼ਹਿਰ ਦੇ ਨੇੜੇ ਵਹਿੰਦੇ ਹਨ। ਗੋਲਡ ਕੋਸਟ ਤੋਂ ਪੰਜਾਬ ਦੀ ਦੂਰੀ ਤਕਰੀਬਨ 2200 ਕਿਲੋਮੀਟਰ ਬਣਦੀ ਹੈ ਤੇ ਸਿਰਫ ਨਿਕੋਲਸਨ ਨਦੀ, ਗ੍ਰੋਗਰੀ ਨਦੀ ਤੇ ਕੁਝ ਹੋਰ ਸਹਾਇਕ ਨਦੀਆਂ ਪੰਜਾਬ ਨੇੜੇ ਵਹਿੰਦੀਆਂ ਹਨ।
ਉਨ੍ਹਾਂ ਇਸ ਕਸਬੇ ਦਾ ਨਾਮ ਪੰਜਾਬ ਰੱਖੇ ਜਾਣ ਬਾਰੇ ਦੱਸਿਆ ਕਿ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਰਹਿਣ ਵਾਲੇ ਸਖਸ਼ ਸਿਡਨੀ ਵਾਟਸਨ ਇੱਥੇ ਆ ਕੇ ਰਹਿਣ ਲੱਗੇ ਸਨ। ਵਾਟਸਨ ਦਾ ਜਨਮ ਕੋਲਕਾਤਾ ਵਿਚ ਸੰਨ 1816 ਵਿਚ ਹੋਇਆ ਸੀ ਤੇ ਉਨ੍ਹਾਂ ਦੇ ਪਿਤਾ ਪੱਛਮੀ ਬੰਗਾਲ ਰੈਂਜੀਮੈਂਟ ਵਿਚ ਕੰਮ ਕਰਦੇ ਸਨ। ਸਿਡਨੀ ਵਾਟਸਨ ਸੰਨ 1834 ਵਿਚ ਆਸਟ੍ਰੇਲੀਆ ਆਏ ਤੇ ਉਨ੍ਹਾਂ ਨੇ ਵਿਕਟੋਰੀਆ ਸੂਬੇ ਵਿਚ 'ਵੁਲਵਾ' ਇਲਾਕਾ ਵਸਾਇਆ। ਕੁਝ ਸਾਲਾਂ ਬਾਅਦ ਵਾਟਸਨ ਅਤੇ ਉਸ ਦਾ ਪਰਿਵਾਰ ਕੁਈਂਜ਼ਲੈਂਡ ਸੂਬੇ ਦੇ ਉੱਤਰ-ਪੱਛਮ ਵੱਲ ਚਲੇ ਗਏ ਤੇ ਉਨ੍ਹਾ ਗ੍ਰੇਗਰੀ ਨਦੀ ਕੋਲ ਪੈਂਦੇ ਇਲਾਕੇ ਨੂੰ 'ਪੰਜਾਬ' ਦਾ ਨਾਂ ਦਿੱਤਾ । 'ਪੰਜਾਬ' ਦਾ ਨਾਮ ਵਾਟਸਨ ਨੇ ਆਪਣੇ ਭਾਰਤ ਰਹਿੰਦੇ ਪਰਿਵਾਰ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਸੀ। ਨਦੀ ਦੇ ਕੋਲ ਹੋਣ ਕਰਕੇ ਇਹ ਸਥਾਨ ਹਰਿਆ ਭਰਿਆ ਸੀ ਤੇ ਪਸ਼ੂਆਂ ਦੀ ਚਾਰਗਾਹ ਵਜ਼ੋਂ ਵਿਕਸਿਤ ਹੋਇਆ। ਵਾਟਸਨ ਪਰਿਵਾਰ ਨੇ ਅਨੇਕਾਂ ਮੂਲ ਨਿਵਾਸੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਤੇ ਕਈ ਮੂਲ ਨਿਵਾਸੀਆਂ ਨੇ ਸ਼ੌਕ ਵਜ਼ੋਂ ਆਪਣੇ ਨਾਮ ਨਾਲ 'ਪੰਜਾਬ' ਤਖੱਲਸ ਵਜ਼ੋਂ ਜੋੜ ਲਿਆ।
ਭਾਰਤੀ ਨਾਵਾਂ ਨਾਲ ਸੰਬੰਧ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੇ ਸਮੇਂ ਵਿਚ ਅੰਗਰੇਜ਼ ਅਫਸਰ ਜੋ ਕਿ ਵੱਖ-ਵੱਖ ਰੈਜ਼ੀਮੈਂਟਾਂ ਵਿਚ ਤਾਇਨਾਤ ਸਨ, ਉਨ੍ਹਾਂ ਨੇ ਆਸਟ੍ਰੇਲੀਆ ਆ ਕੇ ਕਈ ਸ਼ਹਿਰਾਂ, ਕਸਬਿਆਂ ਦੇ ਨਾਮ ਭਾਰਤੀ ਨਾਵਾਂ ਦੀ ਤਰਜ਼ 'ਤੇ ਰੱਖੇ। ਮੈਲਬੋਰਨ ਸ਼ਹਿਰ ਦੇ ਟਰੈਵਨਕੋਰ ਇਲਾਕੇ ਦੀਆਂ ਕੁਝ ਸੜਕਾਂ ਕਸ਼ਮੀਰ, ਲਖਨਊ, ਬੜੌਦਾ, ਮੈਂਗਲੋਰ, ਪਦਮਾ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਤੇ ਇਹ ਸੜਕਾਂ ਆਸਟ੍ਰੇਲੀਆ ਵਿਚ ਭਾਰਤੀ ਸ਼ਹਿਰਾਂ ਦੀ ਯਾਦ ਦੁਆਉਂਦੀਆਂ ਹਨ।
ਹਾਫਿਜ਼ ਸਈਦ ਵਿਰੁੱਧ ਕਾਰਵਾਈ ਕਰਨ 'ਤੇ ਪਾਕਿ ਚੁੱਪ
NEXT STORY