ਟੋਰਾਂਟੋ— ਕੈਨੇਡਾ ਤੋਂ ਮੈਕਸੀਕੋ ਵਿਖੇ ਛੁੱਟੀਆਂ ਕੱਟਣ ਗਿਆ 34 ਸਾਲਾ ਪੰਜਾਬੀ ਨੌਜਵਾਨ ਸ਼ਾਨ ਰਮਤਾ ਲਾਪਤਾ ਹੋ ਗਿਆ ਹੈ। ਸ਼ਾਨ ਅਗਸਤ ਦੇ ਆਖਰੀ ਹਫਤੇ ਮੈਕਸੀਕੋ ਗਿਆ ਸੀ। ਸ਼ਾਨ ਉੱਘੇ ਪੰਜਾਬੀ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਦੋਹਤਾ ਹੈ ਅਤੇ ਇਕ ਬੌਡੀ ਬਿਲਡਰ ਹੈ। ਇੱਥੇ ਜ਼ਿਕਰਯੋਗ ਹੈ ਕਿ ਹਜ਼ਾਰਾ ਸਿੰਘ ਰਮਤਾ ਧਾਰਮਿਕ ਅਤੇ ਹਾਸ-ਰਾਸ ਗੀਤਾਂ ਰਾਹੀਂ ਪੰਜਾਬੀ ਸੰਗੀਤ ਪ੍ਰੇਮੀਆਂ ਵਿਚ ਕਾਫੀ ਮਕਬੂਲ ਹੋਇਆ ਸੀ। ਰਮਤਾ ਪਰਿਵਾਰ ਨੇ ਸ਼ਾਨ ਦੀ ਖੋਜ ਲਈ ਦਿਨ-ਰਾਤ ਇਕ ਕਰ ਦਿੱਤਾ ਹੈ ਪਰ ਅਜੇ ਤੱਕ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੇ ਮੈਕਸੀਕੋ ਤੋਂ ਕੈਨੇਡਾ ਤੱਕ ਦੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਹੈ ਪਰ ਮੈਕਸੀਕੋ ਦਾ ਗੁੰਝਲਦਾਰ ਕਾਨੂੰਨੀ ਸਿਸਟਮ ਸ਼ਾਨ ਦੀ ਖੋਜ ਦੇ ਕੰਮ ਵਿਚ ਰੁਕਾਵਟ ਬਣ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਾਨ ਨੇ 3 ਸਤੰਬਰ ਨੂੰ ਬਰੈਂਪਟਨ ਵਾਪਸੀ ਕਰਨੀ ਸੀ ਪਰ ਇਸ ਤੋਂ ਪਹਿਲਾਂ 31 ਅਗਸਤ ਤੋਂ ਉਸ ਦਾ ਪਰਿਵਾਰ ਨਾਲ (ਟੈਲੀਫੋਨ) ਸੰਪਰਕ ਟੁੱਟ ਗਿਆ। ਕਈ ਦਿਨਾਂ ਤੱਕ ਸ਼ਾਨ ਦੀ ਕੋਈ ਜਾਣਕਾਰੀ ਨਾ ਮਿਲਣ ਤੋਂ ਬਾਅਦ ਰਮਤਾ ਪਰਿਵਾਰ ਨੇ ਸ਼ਾਨ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਮੈਕਸੀਕਨ ਪੇਸੋ (ਲਗਭੱਗ 72000 ਕੈਨੇਡੀਅਨ ਡਾਲਰ ਅਤੇ ਕਰੀਬ 36 ਲੱਖ ਭਾਰਤੀ ਰੁਪਏ) ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਮੈਕਸੀਕੋ ਵਿਚ ਇਹ ਇਸ਼ਤਿਹਾਰ ਦੇ ਕੇ ਲੋਕਾਂ ਦਾ ਧਿਆਨ ਖਿੱਚਿਆ ਜਾ ਰਿਹਾ ਹੈ ਪਰ ਅਜੇ ਤੱਕ ਸ਼ਾਨ ਦੀ ਕੋਈ ਉੱਘ-ਸੁੱਘ ਨਹੀਂ ਮਿਲ ਸਕੀ ਹੈ।
ਸ਼ਾਨ ਦੀ ਭੈਣ ਸਰਿਤਾ ਬਸੁਤਾ ਨੇ ਦੱਸਿਆ ਕਿ ਉਹ ਖੁਦ ਆਪਣ ਭਰਾ ਦੀ ਤਲਾਸ਼ ਮੈਕਸੀਕੋ ਗਈ ਪਰ ਉੱਥੋਂ ਦੀ ਕਾਨੂੰਨ ਵਿਵਸਥਾ ਇੰਨੀਂ ਲਚਰ ਹੈ ਕਿ ਉੱਥੇ ਕਿਸੇ ਦਾ ਧਿਆਨ ਗੁਆਚਿਆਂ ਦੀ ਭਾਲ ਕਰਨ ਪਾਸੇ ਨਹੀਂ ਹੈ। ਉਸ ਨੇ ਦੱਸਿਆ ਕਿ ਮੈਕਸੀਕੋ ਵਿਚ ਲੋਕ ਆਪਣੇ ਗੁਆਚੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਲਈ ਥਾਂ-ਥਾਂ ਭਟਕ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ ਬੀਤੇ 9 ਸਾਲਾਂ 'ਚ ਮੈਕਸੀਕੋ ਤੋਂ 28000 ਲੋਕ ਲਾਪਤਾ ਹੋ ਚੁੱਕੇ ਹਨ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸ਼ਾਨ ਦੇ ਅੰਕਲ ਗੌਰਡ ਰਮਤਾ ਨੇ ਦੱਸਿਆ ਕਿ ਉਹ ਪੁਨਤਾ ਕਾਨਾ ਤੋਂ ਹੁੰਦਾ ਹੋਇਆ ਮੈਕਸੀਕੋ ਆਪਣੇ ਬਿਜ਼ਨੈੱਸ ਦੇ ਕੰਮ ਲਈ ਗਿਆ ਸੀ। ਉਸ ਦੀ ਪਤਨੀ ਵੈਨਕੂਵਰ ਵਿਚ ਹੀ ਹੈ। ਮੈਕਸੀਕੋ ਵਿਖੇ ਸਥਿਤ ਕੈਨੇਡੀਅਨ ਅੰਬੈਸੀ ਨੇ ਰਮਤਾ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ ਹੈ ਪਰ ਗੁਆਚਿਆਂ ਦੀ ਭਾਲ ਦੇ ਮਾਮਲੇ ਵਿਚ ਅੰਬੈਸੀ ਦੇ ਵੀ ਹੱਥ ਖੜ੍ਹੇ ਹਨ।
ਇਰਾਕੀ ਫੌਜ ਨੇ ਮੋਸੁਲ ਦੇ 30 ਪਿੰਡਾਂ 'ਤੇ ਕੀਤਾ ਕਬਜ਼ਾ
NEXT STORY