ਲੰਡਨ,(ਰਾਜਵੀਰ ਸਮਰਾ )— ਸਲੋਹ 'ਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਭਾਰਤ ਦੇ ਅਮੀਰ ਵਿਰਸੇ ਨਾਲ ਸੰਬੰਧਤ ਲੋਹੜੀ ਤਿਓਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਰੂਹੀ ਢਿੱਲੋਂ ਤੇ ਕੰਵਰ ਢਿੱਲੋਂ ਦੀ ਅਗਵਾਈ ਹੇਠ ਆਯੋਜਿਤ ਉਕਤ ਲੋਹੜੀ ਤਿਓਹਾਰ ਸਮਾਗਮ ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ । ਰਵਾਇਤੀ ਤਿਓਹਾਰ ਲੋਹੜੀ ਮੌਕੇ ਧੂਣਾ ਬਾਲਿਆ ਗਿਆ ਤੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਪੰਜਾਬੀ ਜੋੜੇ ਆਪਣੇ ਨਵਜਨਮੇ ਪੁੱਤਰਾਂ ਅਤੇ ਧੀਆਂ ਦੀ ਲੋਹੜੀ ਖੁਸ਼ੀ ਨਾਲ ਮਨਾਉਣ ਲਈ ਪਹੁੰਚੇ।
ਲੋਹੜੀ ਨੂੰ ਸਮਰਪਿਤ ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਬਿੱਟੂ ਖੰਗੂੜਾ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੇ ਪੁੱਤ ਜੰਮਣ ਦੀ ਖੁਸ਼ੀ 'ਚ ਲੋਹੜੀ ਮਨਾਉਂਦੇ ਹਨ, ਉੱਥੇ ਉਹ ਧੀਆਂ ਦੇ ਜੰਮਣ ਦੀ ਖੁਸ਼ੀ 'ਚ ਲੋਹੜੀ ਤਿਓਹਾਰ ਮਨਾਉਣ ਕਿਉਂਕਿ ਧੀਆਂ-ਪੁੱਤਰਾਂ ਤੋਂ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਹਨ। ਉਨ੍ਹਾਂ ਲੋਹੜੀ ਤਿਓਹਾਰ ਦੇ ਇਤਿਹਾਸ ਬਾਰੇ ਵੀ ਹਾਜਰੀਨ ਨੂੰ ਜਾਣੂ ਕਰਵਾਇਆ। ਇਸ ਮੌਕੇ ਬਰਤਾਨੀਆ ਦੇ ਮਸ਼ਹੂਰ ਹੜਿੱਪਾ ਡਾਂਸ ਗਰੁੱਪ ਦੀਆਂ ਮੁਟਿਆਰਾਂ ਨੇ ਵੀ ਪੰਜਾਬੀ ਲੋਕ ਨਾਚ ਗਿੱਧਾ ਦੀ ਸਫਲ ਪੇਸ਼ਕਾਰੀ ਕਰਕੇ ਹਾਜਰੀਨ ਦਾ ਖੂਬ ਮਨੋਰੰਜਨ ਕੀਤਾ।
ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮੱਲ੍ਹੀ ਚਾਹਲ ,ਸੰਦੀਪ ਚੀਮਾ ਨੇ ਵੀ ਪੰਜਾਬੀ ਗੀਤਾਂ ਰਾਹੀਂ ਭਰਵੀਂ ਹਾਜਰੀ ਲਗਵਾਈ। ਪੰਜਾਬੀ ਲੋਕ ਬੋਲੀਆਂ ਦਾ ਮੁਕਾਬਲਾ ਸਮਾਗਮ ਦਾ ਕੇਂਦਰ ਬਿੰਦੂ ਰਿਹਾ,ਜਿਸ 'ਚ ਸਾਊਥਾਲ ਅਤੇ ਸਲੋਹ ਦੀਆਂ ਮੁਟਿਆਰਾਂ ਨੇ ਹਿੱਸਾ ਲਿਆ ਅਤੇ ਮਿਸਜ਼ ਬੇਦੀ ਦੀ ਅਗਵਾਈ ਵਾਲੀ ਟੀਮ ਜੇਤੂ ਰਹੀ। ਲੋਹੜੀ ਤਿਓਹਾਰ ਸਮਾਗਮ ਮੌਕੇ ਲੋਕਾਂ ਦੇ ਖਾਣ ਲਈ ਗੁੜ ,ਰਿਓੜੀਆਂ ,ਮੂੰਗਫਲੀ ਲੱਡੂ ਤੇ ਤਿਲ ਆਦਿ ਵੀ ਵੰਡੇ ਗਏ। ਸਮਾਗਮ ਪ੍ਰਬੰਧਕ ਰੂਹੀ ਢਿੱਲੋਂ ਨੇ ਸਮਾਗਮ 'ਚ ਪਹੁੰਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਤਿਓਹਾਰਾਂ 'ਚ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਪਹੁੰਚਣਾ ਬੜੀ ਸ਼ਾਨ ਅਤੇ ਫਖ਼ਰ ਵਾਲੀ ਗੱਲ ਹੈ ਕਿਉਂਕਿ ਮੇਲੇ ਤੇ ਸਮਾਗਮ ਆਪਣਿਆਂ ਦੀ ਹਾਜ਼ਰੀ ਨਾਲ ਹੀ ਚੰਗੇ ਲਗਦੇ ਹਨ।
ਟਰੂਡੋ ਦਾਵੋਸ 'ਚ ਮੱਧ-ਵਰਗ ਦੇ ਹਿੱਤਾਂ ਦੀ ਕਰਨਗੇ ਪੈਰਵੀ
NEXT STORY