ਨਵੀਂ ਦਿੱਲੀ— ਚੀਨ ਵੱਲੋਂ ਸਰਹੱਦ 'ਤੇ ਪਾਏ ਜਾ ਰਹੇ ਦਬਾਅ ਅਤੇ ਵਧਦੀਆਂ ਸਰਗਰਮੀਆਂ ਵਿਚਾਲੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਦੋ-ਟੁੱਕ ਸ਼ਬਦਾਂ 'ਚ ਕਿਹਾ ਕਿ ਚੀਨ ਬੇਸ਼ੱਕ ਤਾਕਤਵਰ ਦੇਸ਼ ਹੈ ਪਰ ਭਾਰਤ ਵੀ ਕਮਜ਼ੋਰ ਨਹੀਂ ਅਤੇ ਉਹ ਚੀਨ ਦੀ ਹਮਲਾਵਰ ਨੀਤੀ ਨਾਲ ਨਜਿੱਠਣ ਵਿਚ ਸਮਰੱਥ ਹੈ।
ਜਨਰਲ ਰਾਵਤ ਨੇ 'ਸੈਨਾ ਦਿਵਸ' ਤੋਂ ਪਹਿਲਾਂ ਅੱਜ ਇਥੇ ਸਾਲਾਨਾ ਪ੍ਰ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਇਕ ਤਾਕਤਵਰ ਦੇਸ਼ ਹੈ ਪਰ ਭਾਰਤ ਦੇ ਕੋਲ ਸਰਹੱਦ 'ਤੇ ਹਰ ਕਿਸਮ ਦੀਆਂ ਸਰਗਰਮੀਆਂ ਨਾਲ ਨਜਿੱਠਣ ਲਈ ਵਿਆਪਕ 'ਮੈਕੇਨਿਜ਼ਮ' ਹੈ ਅਤੇ ਉਸ ਦੀ ਫੌਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ 1962 ਵਰਗੇ ਨਹੀਂ ਅਤੇ ਹਰ ਖੇਤਰ ਵਿਚ ਫੌਜ ਦੀ ਤਾਕਤ ਵਧੀ ਹੈ। ਸਰਹੱਦ 'ਤੇ ਹਰ ਥਾਂ ਭਾਰਤੀ ਫੌਜੀਆਂ ਦੀ ਤਾਇਨਾਤੀ ਨੂੰ ਵੀ ਵਧਾਇਆ ਗਿਆ ਹੈ।
ਫੌਜ ਮੁਖੀ ਨੇ ਚੀਨ ਦੇ ਸਬੰਧ ਵਿਚ ਕਿਹਾ ਕਿ ਦੇਸ਼ ਦੀ ਉੱਤਰੀ ਸਰਹੱਦ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਰਹੀ ਪਰ ਹੁਣ ਇਸ 'ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਥੇ ਭਵਿੱਖ ਵਿਚ ਸਰਗਰਮੀਆਂ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ 'ਚ ਢਾਂਚਾਗਤ ਸਹੂਲਤਾਂ ਦਾ ਵਿਕਾਸ ਤੇਜ਼ ਰਫਤਾਰ ਨਾਲ ਕਰਨ ਦੀ ਲੋੜ ਹੈ। ਨਾਲ ਹੀ ਸਾਈਬਰ ਸੁਰੱਖਿਆ ਦੇ ਖੇਤਰ 'ਚ ਸਮਰੱਥਾ ਵਧਾਉਣ ਦੇ ਨਾਲ ਇਸ ਦੀਆਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।
ਡੋਕਲਾਮ ਅੜਿੱਕੇ ਬਾਰੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਚੀਨ ਡੋਕਲਾਮ ਨਾਲ ਲੱਗਦੇ ਇਲਾਕਿਆਂ 'ਚ ਸਾਲ 2000 ਤੋਂ ਪਹਿਲਾਂ ਤੋਂ ਹੀ ਸੜਕਾਂ ਬਣਾਉਂਦਾ ਆ ਰਿਹਾ ਹੈ ਪਰ ਉਸ ਦੀਆਂ ਸਰਗਰਮੀਆਂ ਕਦੇ ਭਾਰਤੀ ਸਰਹੱਦ ਦੇ ਇੰਨੀ ਨੇੜੇ ਨਹੀਂ ਆਈਆਂ ਸਨ ਅਤੇ ਨਾ ਹੀ ਭਾਰਤੀ ਹਿੱਤ ਪ੍ਰਭਾਵਿਤ ਹੋਏ ਸਨ।
ਨਸਲੀ ਵਿਰੋਧ: ਮਹਿਲਾ ਬੁੱਤ ਦੇ ਮੱਥੇ 'ਤੇ ਚਿਪਕਾਈ ਕੁਲਹਾੜੀ
NEXT STORY