ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ 'ਤੇ ਦੋ ਕਾਰਾਂ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਤੇ 5 ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਕੱਲ ਮਿਲਟਨ ਵਿਚ ਮੈਟਰਨ ਪੋਰਟਰ ਡ੍ਰਾਈਵ 'ਤੇ ਪਰਿਵਾਰ ਦੀ ਸੁਬਾਰੋ ਅਤੇ ਵੋਲਵੋ ਕਾਰ ਦੀ ਟੱਕਰ ਹੋ ਗਈ, ਜਿਸ ਵਿਚ 36 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਵੋਲਵੋ ਸੜਕ ਦੇ ਗਲਤ ਪਾਸੇ ਚੱਲ ਰਹੀ ਸੀ ਅਤੇ ਇਹ ਸੁਬਾਰੋ ਨਾਲ ਟੱਕਰਾ ਗਈ।
ਹਾਦਸੇ ਵਿਚ ਵੋਲਵੋ ਦੇ 39 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ ਅਤੇ ਨਿਰੀਖਣ ਅਤੇ ਜ਼ਰੂਰੀ ਟੈਸਟਾਂ ਲਈ ਉਸ ਨੂੰ ਸਿਡਨੀ ਦੇ ਸੈਂਟ ਜਾਰਜ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਟੈਸਟਾਂ ਦੇ ਨਤੀਜੇ ਆਉਣ ਵਿਚ ਛੇ ਤੋਂ ਅੱਠ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕ ਔਰਤ ਦੇ 36 ਸਾਲਾ ਪਤੀ ਨੂੰ ਗੰਭੀਰ ਹਾਲਤ ਵਿਚ ਲੀਵਰਪੂਲ ਹਸਪਤਾਲ ਲਿਜਾਇਆ ਗਿਆ। ਉਸ ਦੀਆਂ ਲੱਤਾਂ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਔਰਤ ਦੇ 5 ਸਾਲਾ ਬੇਟੇ ਦੇ ਸਿਰ ਦੇ ਗੰਭੀਰ ਸੱਟ ਲੱਗੀ ਸੀ ਅਤੇ ਉਸ ਨੂੰ ਰੈਂਡਵਿਕ ਵਿਚ ਬੱਚਿਆਂ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਸਿਰ ਦੀ ਸਰਜਰੀ ਕੀਤੀ ਗਈ। ਹਾਦਸੇ ਮਗਰੋਂ ਮਾਰਟਨ ਪੋਰਟਰ ਡ੍ਰਾਈਵ 'ਤੇ ਆਵਾਜਾਈ ਠੱਪ ਹੋ ਰਹੀ।
ਇਰਾਦਾ ਕਤਲ ਦਾ ਸ਼ੱਕੀ ਪੰਜਾਬੀ ਭਾਰਤ ਫਰਾਰ, ਸਕਾਟਲੈਂਡ ਨੂੰ ਹੋਵੇਗੀ ਹਵਾਲਗੀ
NEXT STORY