ਮੈਲਬੋਰਨ (ਮਨਦੀਪ ਸਿੰਘ ਸੈਣੀ)— ਉੱਤਰੀਂ ਮੈਲਬੋਰਨ ਦੀ ਡੈਰਵਿਨ ਕੌਂਸਲ ਨੇ ਇੱਕ ਇਤਹਾਸਿਕ ਫੈਸਲਾ ਕਰਦਿਆਂ 26 ਜਨਵਰੀ ਨੂੰ ਆਸਟ੍ਰੇਲੀਆ ਦਿਵਸ 'ਤੇ ਮਨਾਏ ਜਾਂਦੇ ਜਸ਼ਨਾਂ ਨੂੰ ਦਰਕਿਨਾਰ ਕਰਨ ਦਾ ਫੈਸਲਾ ਕੀਤਾ ਹੈ। ਕੌਂਸਲ ਨੇ ਆਸਟ੍ਰੇਲੀਆ ਦਿਵਸ ਵਾਲੇ ਦਿਨ ਮਨਾਏ ਜਾਂਦੇ ਨਾਗਰਿਕਤਾ ਸਮਾਗਮਾਂ ਨੂੰ ਬਦਲ ਕੇ 25 ਜਨਵਰੀ ਨੂੰ ਮਨਾਉਣ ਦਾ ਐਲਾਨ ਵੀ ਕੀਤਾ ਹੈ। ਇਸ ਤੋਂ ਪਹਿਲਾਂ ਮੈਲਬੋਰਨ ਦੀ ਯਾਰਾ ਕੌਂਸਲ ਵੀ ਇਸ ਐਲਾਨਨਾਮੇ ਅਤੇ ਆਪਣੀ ਸਹਿਮਤੀ ਦਾ ਪ੍ਰਗਟਾਵਾ ਕਰ ਚੁੱਕੀ ਹੈ।
ਬੀਤੇ ਦਿਨੀਂ ਸਬੰਧਿਤ ਕੌਂਸਲ ਵੱਲੋਂ ਇਸ ਫੈਸਲੇ 'ਤੇ ਸਹਿਮਤੀ ਬਣਾਉਣ ਲਈ ਕੌਂਸਲ ਮੈਂਬਰਾਂ ਦੀ ਰਾਏ ਸ਼ੁਮਾਰੀ ਕਰਵਾਈ ਗਈ ਸੀ ਅਤੇ ਬਹੁਗਿਣਤੀ ਮੈਂਬਰਾਂ ਨੇ ਆਸਟ੍ਰੇਲੀਆਈ ਮੂਲਵਾਸੀਆਂ ਪ੍ਰਤੀ ਸਤਿਕਾਰ ਵਿਖਾਉਂਦਿਆਂ ਇਸ ਫੈਸਲੇ ਦੇ ਹੱਕ ਵਿੱਚ ਆਪਣਾ ਮੱਤਦਾਨ ਕੀਤਾ ਸੀ। ਹਾਲਾਂਕ ਇਸ ਫੈਸਲੇ ਵਿਰੁੱਧ ਕਈ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਪਰ ਸਬੰਧਿਤ ਕੌਂਸਲਰ ਨੇ ਕਿਹਾ ਹੈ ਕਿ ਇਹ ਫੈਸਲਾ ਸਥਾਨਕ ਭਾਈਚਾਰਿਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਆਸਟ੍ਰੇਲੀਆਈ ਲੋਕਾਂ ਨੂੰ ਵੀ ਮੂਲ ਵਾਸੀਆਂ ਦੀਆਂ ਰਵਾਇਤੀ ਕਦਰਾਂ ਕੀਮਤਾਂ ਦੀ ਸੱਚਾਈ ਪਤਾ ਕਰਕੇ ਪੂਰਨ ਹਮਾਇਤ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਵੱਲੋਂ ਹਰ ਸਾਲ ਆਸਟ੍ਰੇਲੀਆ ਦਿਵਸ ਮਨਾਉਣ ਦਾ ਕੌਮੀ ਪੱਧਰ 'ਤੇ ਵਰੋਧ ਕੀਤਾ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੰਗਲੈਂਡ ਤੋਂ ਆਏ ਅੰਗਰੇਜ਼ਾਂ ਨੇ ਆਸਟ੍ਰੇਲੀਆ ਨੂੰ ਬਰਤਾਨਵੀ ਰਾਜ ਦਾ ਹਿੱਸਾ ਬਣਾਉਣ ਲਈ ਸਥਾਨਕ ਲੋਕਾਂ ਦੀ ਨਸਲਕੁਸ਼ੀ ਕੀਤੀ ਸੀ, ਸੋ ਇਸ ਦਿਨ ਨੂੰ ਸੋਗ ਦਿਵਸ ਵਜ਼ੋਂ ਮਨਾਉਣਾ ਚਾਹੀਦਾ ਹੈ । ਆਸਟ੍ਰੇਲੀਆਈ ਮੂਲ ਵਾਸੀਆਂ ਨੂੰ ਅਸਲ ਹੱਕ ਦਿਵਾਉਣ ਲਈ ਹੋਰ ਕੌਂਸਲਾਂ ਵੱਲੋਂ ਵੀ ਆਸਟ੍ਰੇਲੀਆ ਦਿਵਸ ਦਾ ਬਾਈਕਾਟ ਕਰਨ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਸਥਾਨਕ ਕੌਂਸਲਾਂ ਦੇ ਇਹ ਫੈਸਲੇ ਸੰਘੀ ਸਰਕਾਰ ਲਈ ਗਲੇ ਦੀ ਹੱਡੀ ਬਣਨਗੇ ਜਾਂ ਨਹੀ, ਇਸਦਾ ਜਵਾਬ ਸਮੇਂ ਦੇ ਗਰਭ ਵਿੱਚ ਲੁਕਿਆ ਹੋਇਆ ਹੈ। ਫਿਲਹਾਲ ਆਉਂਦੇ ਕੁਝ ਦਿਨਾਂ ਵਿੱਚ ਇਸ ਮੁੱਦੇ 'ਤੇ ਆਸਟ੍ਰੇਲੀਆਈ ਸਿਆਸਤ ਗਰਮਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕੈਨੇਡਾ 'ਚ ਬਹੁਤੇ ਆਰਜ਼ੀ ਵਿਦੇਸ਼ੀ ਕਾਮੇ ਆਪਣੀ ਇਸ ਕਮੀ ਕਾਰਨ ਹੁੰਦੇ ਹਨ ਠੱਗੀ ਦਾ ਸ਼ਿਕਾਰ
NEXT STORY