ਗੋਲਡ ਕੋਸਟ (ਏਜੰਸੀ)— ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿਚ ਇਕ ਟਰੈਕਟਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਅੱਗ ਲੱਗਣ ਦੀ ਇਹ ਘਟਨਾ ਗੋਲਡ ਕੋਸਟ ਦੇ ਹਿੰਟਰਲੈਂਡ ਟਾਊਨ ਵਿਚ ਸਥਿਤ ਵਿਰਾਸਤੀ ਇਮਾਰਤ ਸ਼ੈੱਡ 'ਚ ਵਾਪਰੀ। ਇਸ ਅੱਗ 'ਚ ਬਜ਼ੁਰਗ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਜਦੋਂ ਕਿਸੇ ਨੇ ਟਰੈਕਟਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ।
ਇਕ ਚਸ਼ਮਦੀਦ ਗਵਾਹ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਉਸ ਨੇ ਦੇਖਿਆ ਕਿ ਅੱਗ ਨੇ ਨੇੜੇ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਸ਼ੈੱਡ ਹੇਠਾਂ ਦੀ ਘਾਹ ਵੀ ਸੜ ਗਈ। ਮੌਕੇ 'ਤੇ ਫਾਇਰ ਫਾਈਟਰ ਪੁੱਜੇ ਪਰ ਉੱਥੇ ਪਾਣੀ ਦੀ ਕੋਈ ਸਪਲਾਈ ਨਾ ਹੋਣ ਕਾਰਨ ਉਨ੍ਹਾਂ ਨੇ ਤੁਰੰਤ ਪਾਣੀ ਦੇ ਟੈਂਕਰ ਬੁਲਾਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਸ਼ੈੱਡ ਦੇ ਹੇਠਾਂ ਹੋਰ ਵੀ ਕਈ ਵਾਹਨ ਸਨ, ਜਿਨ੍ਹਾਂ 'ਚ ਬੱਸਾਂ, ਕਾਰਾਂ ਅਤੇ ਹੋਰ ਟਰੱਕ ਖੜ੍ਹੇ ਸਨ, ਜੋ ਕਿ ਅੱਗ ਦੀ ਲਪੇਟ 'ਚ ਆ ਗਏ। ਵਾਹਨਾਂ 'ਚ ਕਾਫੀ ਫਿਊਲ ਭਰਿਆ ਹੋਇਆ ਸੀ, ਜਿਸ ਕਾਰਨ ਅੱਗ ਫੈਲ ਗਈ। ਫਾਇਰ ਫਾਈਟਰ ਅੱਗ ਬੁਝਾਉਣ 'ਚ ਸਫਲ ਰਹੇ ਅਤੇ ਸ਼ੈੱਡ ਨਾਲ ਲੱਗਦੇ ਇਕ ਘਰ ਨੂੰ ਅੱਗ ਤੋਂ ਬਚਾਉਣ 'ਚ ਸਫਲ ਰਹੇ। ਅੱਗ 'ਚ ਬਜ਼ੁਰਗ ਵਿਅਕਤੀ ਦੀਆਂ ਲੱਤਾਂ ਅਤੇ ਬਾਹਾਂ ਝੁਲਸ ਗਈਆਂ। ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।
ਕੈਨੇਡਾ 'ਚ ਪਤਨੀ ਦੇ ਕਤਲ ਦੇ ਦੋਸ਼ 'ਚ ਇਕ ਹੋਰ ਪੰਜਾਬੀ ਨੂੰ ਸਜ਼ਾ
NEXT STORY