ਐਬਟਸਫੋਰਡ— ਡਾਕਟਰਾਂ ਅਤੇ ਹਸਪਤਾਲ ਸਟਾਫ ਦੀ ਅਣਗਹਿਲੀ ਕਾਰਨ ਮਾਰੀ ਗਈ ਐਬਟਸਫੋਰਡ ਦੀ 3 ਸਾਲਾ ਬੱਚੀ ਨਿਮਰਤ ਕੌਰ ਦਾ ਅੰਤਮ ਸੰਸਕਾਰ ਐਤਵਾਰ ਨੂੰ ਫਰੇਜ਼ਰ ਰਿਵਰ ਵਿਖੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਤਕਰੀਬਨ 200 ਲੋਕ ਪੀੜਤ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਪਹੁੰਚੇ। ਫੁੱਲਾਂ ਵਰਗੀ ਬੱਚੀ ਨੂੰ ਕਫਨ ਵਿਚ ਦੇਖ ਕੇ ਹਰ ਦਿਲ ਵਲੂੰਧਰਿਆ ਗਿਆ ਅਤੇ ਹਰ ਅੱਖ ਰੋ ਪਈ। ਪਰਿਵਾਰ ਦੇ ਇਕ ਮਿੱਤਰ ਗੈਰੀ ਟਿਵਾਣਾ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਇੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਬੱਚੀ ਨਾਲ ਜੋ ਵੀ ਹੋਇਆ, ਉਹ ਬੇਹੱਦ ਮੰਦਭਾਗਾ ਸੀ।
ਜ਼ਿਕਰਯੋਗ ਹੈ ਕਿ ਐਬਟਸਫੋਰਡ ਰਹਿੰਦੇ ਨਿਮਰਤ ਦੇ ਪਰਿਵਾਰ ਦੀ ਜ਼ਿੰਦਗੀ ਵਿਚ ਉਸ ਸਮੇਂ ਭੂਚਾਲ ਆ ਗਿਆ ਸੀ, ਜਦੋਂ ਥੋੜ੍ਹਾ ਜਿਹਾ ਬੀਮਾਰ ਹੋਣ ਤੋਂ ਬਾਅਦ ਉਹ ਅਚਾਨਕ ਇਸ ਦੁਨੀਆ ਤੋਂ ਚਲੀ ਗਈ। 6 ਫਰਵਰੀ ਨੂੰ ਨਿਮਰਤ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਬੱਚੀ ਨੂੰ ਟੇਲੇਨੋਲ ਦਵਾਈ ਦੇ ਕੇ ਤੋਰ ਦਿੱਤਾ ਅਤੇ ਕਿਹਾ ਕਿ ਉਹ ਬਿਲਕੁਲ ਠੀਕ ਹੈ। ਉਸ ਰਾਤ ਨੂੰ ਨਿਮਰਤ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਨੂੰ ਉਲਟੀਆਂ ਵੀ ਲੱਗ ਗਈਆਂ। ਸਵੇਰੇ ਜਦੋਂ ਨਿਮਰਤ ਦੇ ਮਾਤਾ-ਪਿਤਾ ਉਸ ਨੂੰ ਫਿਰ ਹਸਪਤਾਲ ਲੈ ਕੇ ਗਏ ਤਾਂ ਇਕ ਘੰਟੇ ਤੱਕ ਕੋਈ ਵੀ ਡਾਕਟਰ ਉਸ ਨੂੰ ਦੇਖਣ ਨਹੀਂ ਆਇਆ। ਘੰਟੇ ਬਾਅਦ ਵੀ ਡਾਕਟਰ ਨੇ ਆ ਕੇ ਕਿਹਾ ਕਿ ਉਸ ਦੀ ਸ਼ਿਫਟ ਖਤਮ ਹੋ ਗਈ ਹੈ ਅਤੇ ਅਗਲਾ ਡਾਕਟਰ ਹੀ ਬੱਚੀ ਦਾ ਇਲਾਜ ਕਰੇਗਾ। ਅਗਲੇ ਡਾਕਟਰ ਨੇ ਆ ਕੇ ਬੱਚੀ ਨੂੰ ਚੈੱਕ ਕੀਤਾ ਅਤੇ ਐਕਸ-ਰੇਅ ਅਤੇ ਕੁਝ ਖੂਨ ਟੈਸਟ ਕਰਵਾਏ। ਇਸ ਸਭ ਵਿਚ ਇੰਨਾਂ ਸਮਾਂ ਲੱਗਾ ਕਿ ਬੱਚੀ ਇਲਾਜ ਮਿਲਣ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਨਿਮਰਤ ਦੀ ਮਾਤਾ ਦਾ ਬਲਰਾਜ ਗਿੱਲ ਦਾ ਕਹਿਣਾ ਹੈ ਕਿ ਉਸ ਦੀ ਬੱਚੀ ਨੂੰ ਜੇਕਰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਉਹ ਬਚ ਸਕਦੀ ਸੀ।
ਅਮਰੀਕਾ ਤੋਂ ਭੱਜੇ 22 ਪਰਵਾਸੀ ਸਰਹੱਦ ਪਾਰ ਕਰਕੇ ਕੈਨੇਡਾ ਪੁੱਜੇ, ਪੁਲਸ ਨੇ ਕੀਤੇ ਗ੍ਰਿਫਤਾਰ
NEXT STORY