ਬਰੁੱਕਲਿਨ— ਨਿਊਯਾਰਕ ਦੇ ਬਰੁੱਕਲਿਨ ਵਿਖੇ ਇਕ ਲੁਟੇਰੇ ਨੇ ਦਿਨ-ਦਿਹਾੜੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਘਟਨਾ ਦੇ ਸਮੇਂ ਜਿੱਥੇ ਸੈਂਕੜੇ ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖਦੇ ਰਹੇ ਤਾਂ ਇਕ ਔਰਤ ਨੇ ਆ ਕੇ ਉਸ ਦੀ ਮਦਦ ਕੀਤੀ ਤੇ ਖੂਨ ਨਾਲ ਲਥਪਥ ਨੌਜਵਾਨ ਦੇ ਜ਼ਖਮਾਂ ਨੂੰ ਢੱਕ ਕੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਕ ਕੰਸਟਰਕਸ਼ਨ ਕੰਪਨੀ ਵਿਚ ਕੰਮ ਕਰਨ ਵਾਲਾ 21 ਸਾਲਾ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਇਕ ਘਰ ਦੀ ਉਸਾਰੀ ਦੇ ਕੰਮ ਵਿਚ ਲੱਗਾ ਹੋਇਆ ਸੀ ਕਿ ਇਸ ਦੌਰਾਨ ਇਕ ਲਟੇਰਾ ਉੱਥੇ ਆ ਗਿਆ ਅਤੇ ਉਸ ਤੋਂ ਸੋਨੇ ਦੀ ਚੇਨ ਦੀ ਮੰਗ ਕਰਨ ਲੱਗਾ। ਅਮਨਦੀਪ ਨੇ ਆਪਣੀ ਚੇਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਲੁਟੇਰੇ ਨਾਲ ਭਿੜ ਗਿਆ। ਮਾਮਲਾ ਵਿਗੜਦਾ ਦੇਖ ਕੇ ਲੁਟੇਰੇ ਨੇ ਅਮਨਦੀਪ ਦੇ ਢਿੱਡ ਵਿਚ ਤਿੰਨ ਗੋਲੀਆਂ ਮਾਰ ਦਿੱਤੀਆਂ ਅਤੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਇਕ ਔਰਤ ਨੇ ਕਿਸੇ ਤਰ੍ਹਾਂ ਦੀ ਮੈਡੀਕਲ ਸਹਾਇਤਾ ਮਿਲਣ ਤੱਕ ਅਮਨਦੀਪ ਦੇ ਵਹਿੰਦੇ ਖੂਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਮਨਦੀਪ ਨੂੰ ਜ਼ਖਮੀ ਹਾਲਤ ਵਿਚ ਬਰੁੱਕਡੇਲ ਦੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਇਕ ਵੀਡੀਓ ਵੀ ਪੁਲਸ ਦੇ ਹੱਥ ਲੱਗੀ ਹੈ, ਜੋ ਇਕ ਰਾਹਗੀਰ ਨੇ ਬਣਾਈ ਹੈ। ਪੁਲਸ ਇਸ ਵੀਡੀਓ ਦੇ ਆਧਾਰ 'ਤੇ ਦੋਸ਼ੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ।
ਨਵੀਂ ਆਪਟੀਕਲ ਘੜੀ ਨਾਲ ਘੱਟ ਹੋ ਜਾਣਗੇ ਜ਼ਿੰਦਗੀ ਦੇ ਕੁਝ ਪਲ
NEXT STORY