ਚੰਡੀਗੜ੍ਹ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਨੂੰ ਖਾਲਿਸਤਾਨੀ ਸਮਰਥਕ ਦੱਸੇ ਜਾਣ 'ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਕੈਪਟਨ ਦੇ ਵਿਵਾਦਤ ਬਿਆਨ ਬਾਰੇ ਬੋਲਦੇ ਹੋਏ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦਾ ਸੰਬੰਧ ਹੈ ਅਤੇ ਇਸ ਥਾਂ ਨਾਲ ਉਨ੍ਹਾਂ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਉਹ ਇਕ ਸਿੱਖ ਹਨ ਅਤੇ ਇਸ ਨਾਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਉਹ ਜ਼ਰੂਰ ਜਾਣਗੇ। ਖਾਸ ਤੌਰ 'ਤੇ ਉਸ ਸਮੇਂ ਜਦੋਂ ਸਮਾਂ ਵਿਸਾਖੀ ਦੇ ਆਸ-ਪਾਸ ਦਾ ਹੈ ਤਾਂ ਇਹ ਮੌਕਾ ਉਨ੍ਹਾਂ ਲਈ ਹੋਰ ਵੀ ਖਾਸ ਬਣ ਜਾਂਦਾ ਹੈ।
ਇਕ ਅਖਬਾਰ ਨੂੰ ਈਮੇਲ ਰਾਹੀਂ ਦਿੱਤੀ ਇੰਟਰਵਿਊ ਵਿਚ ਸੱਜਣ ਨੇ ਕਿਹਾ ਕਿ ਉਨ੍ਹਾਂ ਦਾ ਇਹ ਦੌਰਾ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਈ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਵਧਾਉਣ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਕੈਨੇਡਾ ਦੀ ਸੇਵਾ ਕੀਤੀ ਹੈ। ਕੈਨੇਡਾ ਦੀ ਫੌਜ, ਵੈਨਕੂਵਰ ਪੁਲਸ ਵਿਭਾਗ, ਵੈਨਕੂਵਰ ਤੋਂ ਐੱਮ. ਪੀ. ਅਤੇ ਹੁਣ ਕੈਨੇਡਾ ਦਾ ਰੱਖਿਆ ਮੰਤਰੀ ਬਣ ਕੇ ਉਹ ਦੇਸ਼ ਦੇ ਲੋਕਾਂ ਦੀ ਸੇਵਾ ਹੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਕੈਨੇਡਾ ਅਤੇ ਕੈਨੇਡਾ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇਣ ਵਿਚ ਲੱਗਾ ਹੋਇਆ ਹੈ ਪਰ ਪੰਜਾਬ ਨਾਲ ਵੀ ਉਨ੍ਹਾਂ ਦਾ ਇਕ ਨਾਅਤਾ ਹੈ। ਸੱਜਣ, ਕੈਨੇਡਾ ਦੇ ਰੱਖਿਆ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਹਨ ਅਤੇ ਪੰਜਾਬ ਦੇ ਇਸ ਪੁੱਤਰ ਦਾ ਸੁਆਗਤ ਕਰਨ ਲਈ ਪੰਜਾਬ ਵਾਸੀ ਅੱਖਾਂ ਵਿਛਾ ਕੇ ਇੰਤਜ਼ਾਰ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਦੇ ਬਿਆਨ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਸੱਜਣ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕਰਨਗੇ।
ਸੋਸ਼ਲ ਮੀਡੀਆ 'ਤੇ ਬਿਹਤਰ ਪ੍ਰੋਫਾਈਲ ਤਸਵੀਰ ਨੂੰ ਚੁਣਨ 'ਚ ਅਜਨਬੀ ਲੋਕ ਕਰ ਸਕਦੇ ਨੇ ਤੁਹਾਡੀ ਮਦਦ
NEXT STORY