ਮੈਲਬੌਰਨ (ਭਾਸ਼ਾ)— ਸਮੁੰਦਰੀ ਰਸਤਿਓਂ ਪੂਰੀ ਦੁਨੀਆ ਦਾ ਚੱਕਰ ਲਾਉਣ ਦੇ ਚੁਣੌਤੀਪੂਰਨ ਮੁਹਿੰਮ 'ਤੇ ਨਿਕਲੀਆਂ ਭਾਰਤੀ ਜਲ ਸੈਨਾ ਦੀ ਮਹਿਲਾ ਕਰੂ ਮੈਂਬਰ ਪੱਛਮੀ ਆਸਟ੍ਰੇਲੀਆ ਤੋਂ ਐਤਵਾਰ ਨੂੰ ਅੱਗੇ ਦੀ ਯਾਤਰਾ ਲਈ ਰਵਾਨਾ ਹੋ ਗਈਆਂ ਹਨ। ਇਹ ਮਹਿਲਾ ਕਰੂ ਮੈਂਬਰ ਨਿਊਜ਼ੀਲੈਂਡ ਦੀ ਯਾਤਰਾ ਲਈ ਪੱਛਮੀ ਆਸਟ੍ਰੇਲੀਆ ਦੇ ਬੰਦਰਗਾਹ ਸ਼ਹਿਰ ਫਰੀਮੈਂਟਲ ਤੋਂ ਰਵਾਨਾ ਹੋਈਆਂ। ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਿਚ ਇੰਡੀਅਨ ਨੇਵਲ ਸੇਲਿੰਗ ਵੈਸਲ (ਆਈ. ਐੱਨ. ਐੱਸ. ਵੀ.) ਤਾਰਿਣੀ 'ਤੇ ਰਵਾਨਾ ਹੋਈਆਂ ਕਰੂ ਮੈਂਬਰਾਂ ਨੇ ਗੋਆ ਤੋਂ 10 ਸਤੰਬਰ ਨੂੰ ਆਪਣੀ ਪਹਿਲੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਸ ਯਾਤਰਾ ਦੇ ਤਕਰੀਬਨ 8 ਮਹੀਨਿਆਂ ਵਿਚ ਪੂਰੀ ਹੋਣ ਦੀ ਸੰਭਾਵਨਾ ਹੈ। ਭਾਰਤ ਜਲ ਸੈਨਾ ਦੇ ਬੁਲਾਰੇ ਕੈਪਟਨ ਡੀ. ਕੇ. ਸ਼ਰਮਾ ਨੇ ਕਿਹਾ, ''ਆਈ. ਐੱਨ. ਐੱਸ. ਵੀ. ਤਾਰਿਣੀ ਨਿਊਜ਼ੀਲੈਂਡ ਦੀ ਯਾਤਰਾ ਲਈ ਅੱਜ ਸਵੇਰੇ ਆਸਟ੍ਰੇਲੀਆ ਦੇ ਫਰੀਮੈਂਟਲ ਤੋਂ ਰਵਾਨਾ ਹੋਇਆ।''
ਦੱਸਣਯੋਗ ਹੈ ਕਿ ਆਈ. ਐੱਨ. ਐੱਸ. ਵੀ. ਤਾਰਿਣੀ ਬੀਤੇ ਦਿਨੀਂ ਫਰੀਮੈਂਟਲ ਬੰਦਰਗਾਹ ਪਹੁੰਚਿਆ ਸੀ, ਜੋ ਕਿ ਆਸਟ੍ਰੇਲੀਆ ਵਿਚ ਉਸ ਦਾ ਪਹਿਲਾ ਪੜਾਅ ਹੈ। 55 ਫੁੱਟ ਦੇ ਇਸ ਜਹਾਜ਼ ਨੂੰ ਭਾਰਤ 'ਚ ਹੀ ਬਣਾਇਆ ਗਿਆ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਵਿਚ ਇਸ ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ।
ਦੱਸਣਯੋਗ ਹੈ ਕਿ ਇਨ੍ਹਾਂ ਮਹਿਲਾ ਕਰੂ ਮੈਂਬਰਾਂ ਦੇ ਪੱਛਮੀ ਆਸਟ੍ਰੇਲੀਆ ਪਹੁੰਚਣ 'ਤੇ ਆਸਟ੍ਰੇਲੀਆ ਦੀ ਮਹਿਲਾ ਮਾਮਲਿਆਂ ਦੀ ਮੰਤਰੀ ਸਿਮੋਨ ਮੈਕਗੁਰਕ ਨੇ ਪ੍ਰਸ਼ੰਸਾ ਕੀਤੀ ਸੀ ਅਤੇ ਉਨ੍ਹਾਂ ਨੂੰ ਬਹਾਦਰ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਸੋਚ ਵੀ ਨਹੀਂ ਸਕਦੀ ਕਿ ਸਮੁੰਦਰੀ ਰਸਤਿਓਂ ਪੂਰੀ ਦੁਨੀਆ ਘੁੰਮਣ ਵਿਚ ਕਿੰਨੀ ਬਹਾਦਰੀ, ਤਾਕਤ ਅਤੇ ਇੱਛਾ ਸ਼ਕਤੀ ਦੀ ਲੋੜ ਹੈ। ਮੈਂ ਇਨ੍ਹਾਂ ਮਹਿਲਾ ਕਰੂ ਮੈਂਬਰਾਂ ਦੀ ਪ੍ਰਸ਼ੰਸਾ ਕਰਦੀ ਹਾਂ ਅਤੇ ਅੱਗੇ ਦੀ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।
ਪ੍ਰਮਾਣੂ ਊਰਜਾ ਤਕਨਾਲੋਜੀ 'ਚ ਅਮਰੀਕਾ ਦਾ ਸਹਿਯੋਗ ਚਾਹੁੰਦੈ ਚੀਨ
NEXT STORY