ਬੀਜਿੰਗ (ਬਿਊਰੋ)— ਇਹ ਗੱਲ ਪੂਰੀ ਤਰ੍ਹਾਂ ਠੀਕ ਹੈ ਕਿ ਲਾਈਵ ਰਿਕਾਡਿੰਗ ਦੌਰਾਨ ਕਈ ਗਲਤੀਆਂ ਹੋ ਜਾਂਦੀਆਂ ਹਨ। ਇਸ ਦੌਰਾਨ ਕਈ ਵਾਰੀ ਅਜਿਹੇ ਦ੍ਰਿਸ਼ ਕੈਦ ਹੋ ਜਾਂਦੇ ਹਨ, ਜੋ ਕਾਫੀ ਦਿਲਚਸਪ ਹੁੰਦੇ ਹਨ। ਅਜਿਹਾ ਹੀ ਇਕ ਦਿਲਚਸਪ ਦ੍ਰਿਸ਼ ਚੀਨ ਦੀ ਇਕ ਰਿਪੋਟਰ ਦਾ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਚੀਨ ਦੀ ਇਕ ਮਹਿਲਾ ਰਿਪੋਟਰ ਕੈਮਰੇ ਸਾਹਮਣੇ ਅਜੀਬ ਢੰਗ ਨਾਲ ਅੱਖਾਂ ਘੁੰਮਾਉਣ ਲੱਗਦੀ ਹੈ। ਉਸ ਦੀ ਇਸ ਹਰਕਤ ਨੂੰ ਦੇਖ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਹ ਮਹਿਲਾ ਰਿਪੋਟਰ ਬੀਜਿੰਗ ਵਿਚ ਹੋ ਰਹੀ 13 ਵੀਂ ਸਾਲਾਨਾ ਰਾਸ਼ਟਰੀ ਪੀਪਲਜ਼ ਕਾਂਗਰਸ ਸੰਮੇਲਨ ਵਿਚ ਗਈ ਹੋਈ ਸੀ। ਉੱਥੇ ਉਸ ਨੇ ਆਪਣੀ ਇਕ ਸਾਥੀ ਪੱਤਰਕਾਰ ਦੇ ਲੰਬੇ ਸਵਾਲ 'ਤੇ ਅਵਿਸ਼ਵਾਸੀ ਪ੍ਰਤੀਕਰਮ ਦਿੱਤਾ। ਰਿਪੋਰਟ ਮੁਤਾਬਕ ਚੀਨ ਦੀ ਬਿਜਨੈਸ ਰਿਪੋਟਰ ਲਿਯਾਂਗ ਜ਼ਿਆਨਜੀ ਨੇ ਨੈਸ਼ਨਲ ਟੀ. ਵੀ. 'ਤੇ ਇਸ ਅਜੀਬ ਢੰਗ ਨਾਲ ਅੱਖਾਂ ਘੁੰਮਾਈਆਂ ਕਿ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲਿਯਾਂਗ ਰਿਪੋਟਰ ਝਾਂਗ ਹੂਜੁਨ ਦੇ ਨੇੜੇ ਖੜ੍ਹੀ ਸੀ। ਜਿਵੇਂ ਹੀ ਉਸ ਨੇ ਰਾਜ ਸੰਪੱਤੀ ਪ੍ਰਮੁੱਖ ਜਿਆਓ ਯੇਕਿੰਗ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਲਿਯਾਂਗ ਝਾਂਗ ਵੱਲ ਸਿਰ ਹਿਲਾ ਕੇ ਦੇਖਣ ਲੱਗੀ ਅਤੇ ਉਸ ਨੇ ਹਲਕਾ ਜਿਹਾ ਇਸ਼ਾਰਾ ਵੀ ਕੀਤਾ। ਇਸ ਮਗਰੋਂ ਝਾਂਗ ਨੇ ਇਕ ਹੋਰ ਸਵਾਲ ਪੁੱਛਿਆ, ਜਿਸ ਮਗਰੋਂ ਲਿਯਾਂਗ ਨੇ ਫਿਰ ਉਸ ਵੱਲ ਘੂਰ ਕੇ ਦੇਖਿਆ ਅਤੇ ਅੱਖਾਂ ਨੂੰ ਘੁੰਮਾਉਣ ਲੱਗੀ। ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਰਿਪੋਟਰ ਦੇ ਇਸ਼ਾਰਿਆਂ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ ਹੈ।
ਸਿਡਨੀ ਸਥਿਤ ਸ਼ਾਪਿੰਗ ਸੈਂਟਰ 'ਚ ਹਾਦਸੇ ਦੀ ਸ਼ਿਕਾਰ ਹੋਈ ਕਾਰ, ਵਾਲ-ਵਾਲ ਬਚੀ ਔਰਤ
NEXT STORY