ਰੋਮ(ਕੈਂਥ)— ਅਜੋਕੇ ਸਮੇਂ ਵਿਚ ਜਿੱਥੇ ਬਹੁਤੇ ਆਵਾਜ਼ ਦੇ ਧਨੀ ਆਪਣੀ ਕਲਾ ਦਾ ਮੁੱਲ ਵੱਟਣ ਵਿਚ ਰੁੱਝੇ ਨਜ਼ਰੀ ਆ ਰਹੇ ਹਨ, ਉੱਥੇ ਹੀ ਕੋਈ ਵਿਰਲਾ ਹੀ ਹੈ ਜਿਹੜਾ ਕਿ ਮਹਾਨ ਸਿੱਖ ਧਰਮ ਦਾ ਪੂਰੀ ਦੁਨੀਆਂ ਵਿਚ ਪ੍ਰਚਾਰ ਅਤੇ ਪ੍ਰਸਾਰ ਕਰਨਾ ਆਪਣੀ ਮੁੱਢਲੀ ਜਿੰਮੇਵਾਰੀ ਸਮਝਦਾ ਹੈ। ਅਜਿਹਾ ਹੀ ਢਾਡੀ ਕਲਾ ਦਾ ਹੀਰਾ ਹੈ ਕੌਮਾਂਤਰੀ ਢਾਡੀ ਗਿਆਨੀ ਫੌਜਾ ਸਿੰਘ ਦਾ ਜੱਥਾ, ਜਿਨ੍ਹਾਂ ਵਿਚ ਸਰੰਗੀ ਮਾਸਟਰ ਜਗਜੀਤ ਸਿੰਘ, ਬੂਟਾ ਸਿੰਘ ਬੀਰ, ਸੁਖਚੈਨ ਸਿੰਘ ਕੰਗ ਆਦਿ ਸਿੰਘ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ। ਅੱਜ-ਕੱਲ ਇਹ ਜੱਥਾ ਆਪਣੀ ਵਿਸ਼ੇਸ਼ ਯੂਰਪ ਫੇਰੀ ਉੱਤੇ ਹੈ।
ਇਸ ਦੌਰਾਨ ਇਹ ਜੱਥਾ ਯੂਰਪ ਵਿਚ ਹੋ ਰਹੇ ਵੱਖ-ਵੱਖ ਮਹਾਨ ਖਾਲਸਾ ਪੰਥ ਸਾਜਨਾ ਦਿਵਸ ਸਮਾਗਮਾਂ ਵਿਚ ਹਾਜ਼ਰੀ ਭਰਨਗੇ। ਇਸ ਦੌਰਾਨ ਇਹ ਜੱਥਾ ਵਿਦੇਸ਼ਾਂ ਦੀ ਸਿੱਖ ਸੰਗਤ ਨੂੰ ਮਹਾਨ ਸਿੱਖ ਧਰਮ ਦਾ ਇਤਿਹਾਸ ਅਤੇ ਲਾਸਾਨੀ ਕੁਰਬਾਨੀਆਂ ਦਾ ਹਾਲ ਆਪਣੀ ਬੁਲੰਦ ਆਵਾਜ਼ ਵਿਚ ਸੰਗਤਾਂ ਦੇ ਸਨਮੁੱਖ ਕਰਨਗੇ। ਇਟਲੀ ਪਹੁੰਚਣ ਮੌਕੇ ਇਸ ਜੱਥੇ ਦਾ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨਯਾਕੋਮੋ (ਬਰੇਸ਼ੀਆ) ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਗਿਆਨੀ ਫੌਜਾ ਸਿੰਘ ਸਾਗਰ ਨੇ ਕਿਹਾ ਕਿ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦਾ ਸਿੱਖ ਸੱਤ ਸਮੁੰਦਰੋਂ ਪਾਰ ਆ ਕੇ ਵੀ ਆਪਣੇ ਵਿਰਸੇ ਅਤੇ ਧਰਮ ਨੂੰ ਨਹੀਂ ਭੁੱਲਿਆ। ਪਰ ਕੁਝ ਸਿੱਖ ਪਰਿਵਾਰਾਂ ਦੇ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਅਣਜਾਣ ਹੋ ਰਹੇ ਹਨ ਜਿਨ੍ਹਾਂ ਨੂੰ ਪੰਜਾਬੀ ਨਾਲ ਜੋੜਣਾ ਬਹੁਤ ਜ਼ਰੂਰੀ ਹੈ। ਵਿਦੇਸ਼ਾਂ ਵਿਚ ਵੱਸਦੇ ਸਿੱਖ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਪੰਜਾਬੀ ਜ਼ਰੂਰ ਸਿਖਾਉਣ ਤਾਂ ਹੀ ਅਸੀਂ ਵਿਦੇਸ਼ਾਂ ਵਿਚ ਮਹਾਨ ਸਿੱਖ ਧਰਮ ਨੂੰ ਅੱਗੇ ਲਿਜਾ ਸਕਦੇ ਹਾਂ।
ਇਸ ਸਨਮਾਨ ਸਮਾਰੋਹ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਅਤੇ ਨੌਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰ ਆਦਿ ਮੌਜੂਦ ਸਨ।
ਇੰਗਲੈਂਡ 'ਚ ਵੇਚੀਆਂ ਗਈਆਂ ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ, ਕੀਮਤ ਪਈ 1,75,000 ਪੌਂਡ
NEXT STORY