ਵਿਨੀਪੈੱਗ— ਬਹੁਤ ਸਾਰੇ ਦੇਸ਼ਾਂ 'ਚ 'ਹੈਲੋਵੀਨ' ਮਨਾਉਣ ਦੀ ਪਰੰਪਰਾ ਹੈ। ਇਸ ਦਿਨ ਲੋਕ ਮ੍ਰਿਤਕਾਂ ਵਾਂਗ ਤਿਆਰ ਹੁੰਦੇ ਹਨ, ਜੋ ਦੇਖਣ 'ਚ ਭਿਆਨਕ ਲੱਗਦੇ ਹਨ। 31 ਅਕਤੂਬਰ ਨੂੰ ਹੁਣ ਇਹ ਦਿਨ ਮਨਾਇਆ ਜਾ ਰਿਹਾ ਹੈ, ਜਿਸ ਲਈ ਤਿਆਰੀਆਂ ਹੋ ਰਹੀਆਂ ਹਨ। ਸਕੂਲਾਂ 'ਚ ਵੀ ਇਸ ਨੂੰ ਮਨਾਇਆ ਜਾਂਦਾ ਹੈ। ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੇ ਇਕ ਸਕੂਲ ਨੇ ਫੈਸਲਾ ਕੀਤਾ ਹੈ ਕਿ ਉਹ ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਬਾਪ ਦੀ ਅਪੀਲ ਨੂੰ ਮੰਨਦੇ ਹੋਏ ਸਕੂਲ 'ਚ 'ਹੈਲੋਵੀਨ' ਨੂੰ ਵੱਖਰੇ ਢੰਗ ਨਾਲ ਮਨਾਉਣਗੇ, ਜੋ ਡਰਾਵਨਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਪਿਆਂ ਨੇ ਇਹ ਅਪੀਲ ਕੀਤੀ ਸੀ ਕਿ ਸਕੂਲਾਂ 'ਚ ਹੈਲੋਵੀਨ ਦੇ ਰੂਪ 'ਚ ਤਿਆਰ ਹੋ ਕੇ ਵਿਦਿਆਰਥੀ ਆਉਂਦੇ ਹਨ, ਜਿਸ ਕਾਰਨ ਛੋਟੇ ਬੱਚੇ ਡਰ ਜਾਂਦੇ ਹਨ। ਬਹੁਤ ਸਾਰੇ ਲੋਕ ਤਾਂ ਆਪਣੇ ਬੱਚਿਆਂ ਨੂੰ ਅਜਿਹੇ ਫੰਕਸ਼ਨਾਂ 'ਤੇ ਸਕੂਲ ਨਹੀਂ ਭੇਜਦੇ ਕਿਉਂਕਿ ਬੱਚੇ ਘਬਰਾ ਜਾਂਦੇ ਹਨ। ਅਧਿਆਪਕਾਂ ਨੇ ਕਿਹਾ ਕਿ ਹੈਲੋਵੀਨ ਲਈ ਪਹਿਰਾਵੇ ਅਤੇ ਲੁੱਕ ਪ੍ਰਤੀ ਉਨ੍ਹਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਲਈ ਯੋਜਨਾ ਕੀਤੀ ਗਈ ਹੈ ਕਿ ਇਸ ਦਿਨ ਬੱਚਿਆਂ ਨੂੰ ਟਾਈ ਅਤੇ ਸਕਾਰਫ ਪਾ ਕੇ ਆਉਣ ਲਈ ਕਿਹਾ ਜਾਵੇਗਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਨੂੰ ਸੰਤਰੀ ਅਤੇ ਕਾਲੇ ਰੰਗ ਦੇ ਕੱਪੜੇ ਪਾ ਕੇ ਆਉਣ ਲਈ ਕਿਹਾ ਜਾਵੇ ਪਰ ਫਿਰ ਇਸ ਸੁਝਾਅ ਨੂੰ ਛੱਡ ਦਿੱਤਾ ਗਿਆ। ਇਸ ਤੋਂ ਪਹਿਲਾਂ ਇਕ ਸਕੂਲ ਨੇ ਬੱਚਿਆਂ ਦੇ ਡਰ ਨੂੰ ਦੇਖਦਿਆਂ ਹੀ ਇਸ ਦਿਨ ਨੂੰ ਮਨਾਉਣਾ ਬੰਦ ਕਰ ਦਿੱਤਾ ਸੀ ਅਤੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਸੀ। ਇਸ ਲਈ ਵਿਨੀਪੈੱਗ ਦਾ ਇਹ ਸਕੂਲ ਇਸ ਪਰੰਪਰਾ ਨੂੰ ਮਨਾਵੇਗਾ ਪਰ ਇਸ ਤਰ੍ਹਾਂ ਕਿ ਬੱਚੇ ਡਰਨ ਨਾ ਸਗੋਂ ਖੁਸ਼ ਹੋਣ।
ਸ਼੍ਰੀਲੰਕਾ ਦੀ ਜਲ ਸੈਨਾ ਨੇ 8 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫਤਾਰ
NEXT STORY