'ਝੂਲੇਲਾਲ' ਦੀ ਦਰਗਾਹ ਹੋਈ ਲਹੂ-ਲੁਹਾਣ, ਇਰਾਕ 'ਚ ਵੀ ਧਮਾਕਾ, ਕਈ ਲੋਕਾਂ ਦੀ ਮੌਤ

You Are HereInternational
Saturday, February 18, 2017-3:01 PM

ਕਰਾਚੀ/ਬਗਦਾਦ— ਦੁਨੀਆ ਲਈ ਅੱਤਵਾਦ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ 'ਤੇ ਹੋ ਰਹੀ ਦੋਹਰੀ ਨੀਤੀ ਕਾਰਨ ਹਮਲਿਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਵੀਰਵਾਰ ਸ਼ਾਮ ਨੂੰ ਦੋ ਦੇਸ਼ਾਂ 'ਚ ਵੱਡੇ ਅੱਤਵਾਦੀ ਹਮਲੇ ਹੋਏ। ਇਕ ਹਮਲਾ ਪਾਕਿਸਤਾਨ 'ਚ ਅਤੇ ਦੂਜਾ ਹਮਲਾ ਇਰਾਕ 'ਚ ਹੋਇਆ, ਜਿਨ੍ਹਾਂ 'ਚ ਕਈ ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੀ ਜਿਸ ਦਰਗਾਹ 'ਚ ਇਹ ਹਮਲਾ ਹੋਇਆ, ਉਹ ਅਸਲ 'ਚ ਦੁਨੀਆ ਭਰ 'ਚ ਮਸ਼ਹੂਰ ਦਮਾਦਮ ਮਸਤ ਕਲੰਦਰ ਵਾਲੇ ਸੂਫੀ ਬਾਬਾ ਮਤਲਬ ਕਿ ਲਾਲ ਸ਼ਾਹਬਾਜ ਕਲੰਦਰ ਦੀ ਦਰਗਾਹ ਹੈ। ਮੰਨਿਆ ਜਾਂਦਾ ਹੈ ਕਿ ਮਹਾਨ ਸੂਫੀ ਕਵੀ ਅਮੀਰ ਖੁਸਰੋ ਨੇ ਸ਼ਾਹਬਾਜ ਕਲੰਦਰ ਦੇ ਸਨਮਾਨ 'ਚ 'ਦਮਾਦਮ ਮਸਤ ਕਲੰਦਰ' ਦਾ ਗੀਤ ਲਿਖਿਆ। ਬਾਅਦ 'ਚ ਬਾਬਾ ਬੁੱਲੇ ਸ਼ਾਹ ਨੇ ਇਸ ਗੀਤ 'ਚ ਕੁਝ ਬਦਲਾਅ ਕੀਤੇ ਅਤੇ ਇਨ੍ਹਾਂ ਨੂੰ 'ਝੂਲੇਲਾਲ ਕਲੰਦਰ' ਕਿਹਾ।'

ਪਾਕਿਸਤਾਨ ਦੇ ਸਿੰਧ ਸੂਬੇ ਦੇ ਸਹਵਾਨ ਕਸਬੇ ਵਿਚ ਸਥਿਤ ਲਾਲ ਸ਼ਾਹਬਾਜ ਕਲੰਦਰ ਦਰਗਾਹ 'ਚ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ-ਘੱਟ 100 ਵਿਅਕਤੀਆਂ ਦੀ ਮੌਤ ਹੋ ਗਈ ਤੇ 250 ਤੋਂ ਵੱਧ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਕੱਟੜਵਾਦ ਨੂੰ ਵਾਧਾ ਦੇਣ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਵਿਚ ਇਕ ਹਫਤੇ ਅੰਦਰ ਇਹ ਪੰਜਵਾਂ ਅੱਤਵਾਦੀ ਹਮਲਾ ਹੈ।

ਸਥਾਨਕ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ 100 ਲਾਸ਼ਾਂ ਲਿਆਂਦੀਆਂ ਗਈਆਂ ਹਨ ਅਤੇ 250 ਤੋਂ ਵਧ ਜ਼ਖਮੀ ਲੋਕਾਂ ਨੂੰ ਭਰਤੀ ਕਰਕੇ ਇਲਾਜ ਕੀਤਾ ਜਾ ਰਿਹਾ ਹੈ। ਵੀਰਵਾਰ ਸ਼ਾਮ ਨੂੰ ਇਹ ਹਮਲਾ ਹੋਇਆ। ਇਸ ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ. ਐੱਸ. ਨੇ ਲਈ ਹੈ। ਹਮਲੇ ਤੋਂ ਬਾਅਦ ਹਸਪਤਾਲ ਦੇ ਇਲਾਕੇ 'ਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਲਿਆਕਤ ਮੈਡੀਕਲ ਕੰਪਲੈਕਸ ਅਤੇ ਉਪ ਜ਼ਿਲਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਦਰਗਾਹ 'ਚ ਗੋਲਡਨ ਗੇਟ ਤੋਂ ਦਾਖਲ ਹੋਇਆ ਅਤੇ ਇਕ ਗ੍ਰਨੇਡ ਸੁੱਟ ਕੇ ਖੁਦ ਨੂੰ ਉਡਾ ਲਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਦਰਗਾਹ 'ਚ ਇਕ ਸੂਫੀ ਰਸਮ ਨਿਭਾਈ ਜਾ ਰਹੀ ਸੀ।

ਲਾਲ ਸ਼ਾਹਬਾਜ ਕਲੰਦਰ ਦਰਗਾਹ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 100 ਲੋਕ ਮਰ ਚੁੱਕੇ ਹਨ ਅਤੇ ਮੌਤ ਦਾ ਅੰਕੜਾ ਵਧਣ ਦਾ ਖਦਸ਼ਾ ਹੈ। ਹਸਪਤਾਲ 'ਚ ਮੌਜੂਦ ਲੋਕਾਂ ਨੇ ਦੱਸਿਆ ਕਿ ਦਰਗਾਹ 'ਚ 2 ਦਰਵਾਜ਼ੇ ਹਨ ਅਤੇ ਸਿਰਫ ਇਕ ਹੀ ਦਰਵਾਜ਼ੇ 'ਤੇ 'ਮੈਟਲ ਡਿਟੈਕਟਰ' ਲਗਾਇਆ ਗਿਆ ਸੀ, ਜੋ ਕਿ ਖਰਾਬ ਸੀ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਪੁਲਸ ਦੇਰੀ ਨਾਲ ਪਹੁੰਚੀ, ਜਿਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਘਟਨਾ ਵਾਲੀ ਥਾਂ ਤੋਂ 40-50 ਕਿ.ਮੀ. ਦੂਰ ਹਨ ਮੈਡੀਕਲ ਕੰਪਲੈਕਸ

ਪੁਲਸ ਮੁਤਾਬਕ ਇਹ ਧਮਾਕਾ ਸੂਫੀ ਰਸਮ 'ਧਮਾਲ' ਦੌਰਾਨ ਹੋਇਆ। ਧਮਾਕੇ ਵੇਲੇ ਦਰਗਾਹ ਅੰਦਰ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ। ਘਟਨਾ ਵਾਲੀ ਥਾਂ ਤੋਂ ਹਸਪਤਾਲਾਂ ਦੀ ਦੂਰੀ ਬਹੁਤ ਜ਼ਿਆਦਾ ਹੈ। ਸਭ ਤੋਂ ਨੇੜਲਾ ਮੈਡੀਕਲ ਕੰਪਲੈਕਸ 40 ਤੋਂ 50 ਕਿਲੋਮੀਟਰ ਦੀ ਦੂਰੀ 'ਤੇ ਹੈ।

ਸਿੰਧ ਸੂਬੇ ਦੇ ਮੁੱਖ ਮੰਤਰੀ ਵਲੋਂ ਤੁਰੰਤ ਬਚਾਅ ਮੁਹਿੰਮ ਚਲਾਉਣ ਦਾ ਹੁਕਮ

ਸਿੰਧ ਸੂਬੇ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਤੁਰੰਤ ਬਚਾਅ ਮੁਹਿੰਮ ਚਲਾਉਣ ਦਾ ਹੁਕਮ ਦਿੱਤਾ ਅਤੇ ਸਰਕਾਰ ਨੇ ਹੈਦਰਾਬਾਦ ਅਤੇ ਜਮਸ਼ਰੂ ਜ਼ਿਲਿਆਂ ਦੇ ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਕਰ ਦਿੱਤੀ ਹੈ। ਯਾਦ ਰਹੇ ਕਿ ਲਾਲ ਸ਼ਾਹਬਾਜ ਕਲੰਦਰ ਸੂਫੀ ਦਾਰਸ਼ਿਕ ਸ਼ਾਇਰ ਸਨ।

ਬਗਦਾਦ 'ਚ ਕਾਰ ਬੰਬ ਧਮਾਕਾ, 51 ਮਰੇ

ਉੱਥੇ ਹੀ ਇਰਾਕ ਦੀ ਰਾਜਧਾਨੀ ਬਗਦਾਦ ਦੇ ਦੱਖਣੀ ਇਲਾਕੇ ਵਿਚ ਵੀਰਵਾਰ ਸ਼ਾਮ ਨੂੰ ਬਾਜ਼ਾਰ 'ਚ ਹੋਏ ਕਾਰ ਬੰੰਬ ਧਮਾਕੇ ਵਿਚ ਘੱਟੋ-ਘੱਟ 51 ਵਿਅਕਤੀਆਂ ਦੀ ਮੌਤ ਹੋ ਗਈ । ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਮੋਬਾਈਲ ਫੋਨ ਦੀ ਫੁਟੇਜ 'ਚ ਬੁਰੀ ਤਰ੍ਹਾਂ ਨੁਕਸਾਨੀਆਂ ਲਾਸ਼ਾਂ ਅਤੇ ਵਾਰਦਾਤ ਵਾਲੀ ਥਾਂ 'ਤੇ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ। ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ਾਮ 4.15 ਵਜੇ ਹੋਇਆ। 3 ਦਿਨਾਂ ਅੰਦਰ ਇਰਾਕ ਵਿਚ ਇਹ ਤੀਜਾ ਅਜਿਹਾ ਹਮਲਾ ਹੈ। ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿਚ 51 ਵਿਅਕਤੀ ਮਾਰੇ ਗਏ ਅਤੇ 52 ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾ ਇੰਨਾ ਭਿਆਨਕ ਸੀ ਕਿ ਹਾਲਾਤ ਨਾਲ ਨਜਿੱਠਣ ਲਈ ਐਮਰਜੈਂਸੀ ਸੇਵਾਵਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

Popular News

!-- -->