ਆਸਟਰੇਲੀਆ 'ਚ ਛਾਈ ਪੰਜਾਬੀ ਪਿਓ-ਪੁੱਤਰ ਦੀ ਸ਼ੈੱਫ ਜੋੜੀ, ਭੋਜਨ 'ਚ ਬਣਾਉਂਦੇ ਨੇ 'ਸਪੈਸ਼ਲ ਟਰੰਪ ਕੜ੍ਹੀ'

You Are HereInternational
Thursday, February 16, 2017-12:11 PM
ਸਿਡਨੀ— ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿੰਦੇ ਪੰਜਾਬੀ ਪਿਓ-ਪੁੱਤਰ ਦੀ ਸ਼ੈੱਫ ਜੋੜੀ ਇਸ ਸਮੇਂ ਖੂਬ ਚਰਚਾ ਖੱਟ ਰਹੀ ਹੈ। ਦੋਹਾਂ ਦੇ ਨਾਂ ਕ੍ਰਮਵਾਰ ਸੰਤੋਖ ਸਿੰਘ ਅਤੇ ਇੰਦਰਪ੍ਰੀਤ ਸਿੰਘ ਹੈ ਅਤੇ ਉਨ੍ਹਾਂ ਵਲੋਂ ਚਰਚਾ ਖੱਟਣ ਦੇ ਪਿੱਛੇ ਦੀ ਵਜ੍ਹਾ ਹੈ ਹੀ ਬਹੁਤ ਖਾਸ। ਅਸਲ 'ਚ ਦੋਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ 'ਤੇ ਆਪਣੇ ਰੈਸਟੋਰੈਂਟ ਦੇ ਮੈਨਯੂ 'ਚ ਇੱਕ ਸਪੈਸ਼ਲ ਡਿੱਸ਼ (ਪਕਵਾਨ) ਰੱਖੀ ਹੋਈ ਹੈ। ਇਸ ਡਿੱਸ਼ ਦਾ ਨਾਂ ਹੈ 'ਡੋਨਾਲਡ ਟਰੰਪ ਵੈਜੀਟੇਬਲ ਕੜ੍ਹੀ'। ਲੋਕ ਇਸ ਕੜ੍ਹੀ ਦੇ ਇੰਨੇ ਦੀਵਾਨੇ ਹੋ ਰਹੇ ਹਨ ਕਿ ਉਨ੍ਹਾਂ ਨੇ ਬਟਰ ਚਿਕਨ ਅਤੇ ਰੋਗਨ ਜੋਸ਼ ਆਦਿ ਵਰਗੇ ਦੂਜੇ ਪਕਵਾਨਾਂ ਨੂੰ ਖਾਣਾ ਛੱਡ ਦਿੱਤਾ ਹੈ। ਅਜਿਹਾ ਹੋਵੇ ਵੀ ਕਿਉਂ ਨਾ, ਡੋਨਾਲਡ ਟਰੰਪ ਇਸ ਸਮੇਂ ਪੂਰੀ ਦੁਨੀਆ 'ਚ ਆਪਣੇ ਵਿਵਾਦਗ੍ਰਸਤ ਬਿਆਨਾਂ ਅਤੇ ਫੈਸਲਿਆਂ ਕਾਰਨ ਛਾਏ ਹੋਏ ਹਨ ਅਤੇ ਆਸਟਰੇਲੀਆ-ਅਮਰੀਕਾ ਦੇ ਆਪਸੀ ਸੰਬੰਧ ਵੀ ਕਿਸੇ ਤੋਂ ਲੁਕੇ ਹੋਏ ਨਹੀਂ ਹਨ।
ਸਿਡਨੀ 'ਚ ਦੋ ਰੈਸਟੋਰੈਂਟ ਚਲਾ ਰਹੇ ਸੰਤੋਖ ਸਿੰਘ ਅਤੇ ਇੰਦਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਤਾਂ ਕਿ ਉਹ ਇਕੱਠੇ ਬੈਠ ਕੇ ਇਸ ਪਕਵਾਨ ਨੂੰ ਖਾਣ ਅਤੇ ਆਪਣੇ ਮਤਭੇਦਾਂ ਨੂੰ ਦੂਰ ਕਰ ਸਕਣ। ਆਸਟਰੇਲੀਆ ਦੇ ਰਾਸ਼ਟਰੀ ਚੈਨਲ 'ਤੇ ਰੋਜ਼ਾਨਾ ਸਵੇਰੇ ਪ੍ਰਸਾਰਿਤ ਹੋਣ ਵਾਲੇ 'ਟੂਡੇ-ਸ਼ੋਅ' 'ਚ ਉਨ੍ਹਾਂ ਦੀ ਇੰਟਰਵਿਊ ਵੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਰੈਸਟੋਰੈਂਟ 'ਚ ਗਰਮੀਆਂ ਵਾਲੇ ਮੈਨਯੂ 'ਚ ਕੁਝ ਪਕਵਾਨਾਂ ਦੇ ਨਾਂ ਪ੍ਰਸਿੱਧ ਹਸਤੀਆਂ ਦੇ ਨਾਂਵਾਂ 'ਤੇ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਦੀ ਸਿਡਨੀ ਵਿਖੇ ਸਥਿਤ ਸਰਕਾਰੀ ਰਿਹਾਇਸ਼ 'ਕਿਲੀਬਿਰੀ' 'ਚ ਵੀ ਇਸ ਕੜ੍ਹੀ ਨੂੰ ਸਪਲਾਈ ਕੀਤਾ ਗਿਆ। ਇਸ ਕੜ੍ਹੀ ਨੂੰ ਉੱਥੋਂ ਦੇ ਸਟਾਫ ਮੈਂਬਰਾਂ ਨੇ ਖਾਣ ਤੋਂ ਬਾਅਦ ਕਾਫੀ ਚੰਗੀ ਪ੍ਰਤੀਕਿਰਿਆ ਵੀ ਦਿੱਤੀ। ਹਾਲਾਂਕਿ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਅਜੇ ਤੱਕ ਇਸ ਕੜ੍ਹੀ ਨੂੰ ਨਹੀਂ ਖਾਧਾ ਹੈ ਪਰ ਉਨ੍ਹਾਂ ਤੋਂ ਪਹਿਲਾਂ ਰਹੇ ਕਈ ਪ੍ਰਧਾਨ ਮੰਤਰੀਆਂ ਉਨ੍ਹਾਂ ਦੇ ਰੈਸਟੋਰੈਂਟ 'ਚ ਭੋਜਨ ਖਾ ਚੁੱਕੇ ਹਨ।
ਸੰਤੋਖ ਦਾ ਕਹਿਣਾ ਹੈ ਕਿ ਉਹ ਜਲੰਧਰ ਜ਼ਿਲੇ ਦੇ ਡਰੋਲੀ ਖੁਰਦ ਪਿੰਡ ਦੇ ਰਹਿਣ ਵਾਲੇ ਹਨ ਅਤੇ ਸਾਲ 1985 'ਚ ਉਹ ਆਸਟਰੇਲੀਆ ਆਏ ਸਨ। ਸਾਲ 1993 'ਚ ਉਨ੍ਹਾਂ ਨੇ ਆਪਣਾ ਪਹਿਲਾ ਰੈਸਟੋਰੈਂਟ ਉੱਤਰੀ ਸਿਡਨੀ 'ਚ ਖੋਲ੍ਹਿਆ ਅਤੇ ਇਸ ਤੋਂ ਬਾਅਦ ਮਿੱਲਜ਼ ਪੁਆਇੰਟ 'ਚ ਦੂਜਾ। ਉੱਥੇ ਇਹ ਇੰਦਰਪ੍ਰੀਤ ਦਾ ਕਹਿਣਾ ਹੈ ਕਿ 'ਡੋਨਾਲਡ ਟਰੰਪ ਵੈਜੀਟੇਬਲ ਕੜ੍ਹੀ' ਨੂੰ ਗਾਹਕਾਂ ਲਈ ਬੀਤੀ 1 ਨਵੰਬਰ ਨੂੰ ਮੈਨਯੂ 'ਚ ਸ਼ਾਮਲ ਕੀਤਾ ਗਿਆ ਸੀ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.