ਸੁਲਤਾਨਪੁਰ ਲੋਧੀ (ਅਸ਼ਵਨੀ)—ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ 3 ਚੀਜ਼ਾਂ ਦਾ ਸਰਕਾਰੀ ਹੋਣਾ ਬਹੁਤ ਜ਼ਰੂਰੀ ਹੈ, ਇਹ 3 ਚੀਜ਼ਾਂ ਸਰਕਾਰੀ ਵਿਦਿਆ, ਸਰਕਾਰੀ ਸਿਹਤ ਸਹੂਲਤਾਂ ਤੇ ਸਰਕਾਰੀ ਟਰਾਂਸਪੋਰਟ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫੂਲੇ ਭਾਰਤੀ ਲੋਕ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਮੱਤੇਵਾਲ ਨੇ ਕੀਤਾ। ਉਨ੍ਹਾਂ ਪ੍ਰੈੱਸ ਦੇ ਨਾਂ ਆਪਣੇ ਬਿਆਨ 'ਚ ਕੇਂਦਰ ਤੇ ਸੂਬਾ ਸਰਕਾਰਾਂ 'ਤੇ ਦੋਸ਼ ਲਾਇਆ ਕਿ ਉਹ ਜਨਤਾ ਨੂੰ ਇਨ੍ਹਾਂ ਸਹੂਲਤਾਂ ਨੂੰ ਸਰਕਾਰੀ ਪੱਧਰ 'ਤੇ ਦੇਣ ਦੀ ਥਾਂ ਇਨ੍ਹਾਂ ਦਾ ਨਿੱਜੀਕਰਨ ਕਰ ਕੇ ਪੂੰਜੀ ਪਤੀ ਘਰਾਣਿਆਂ ਦੀਆਂ ਤਿਜੌਰੀਆਂ ਭਰਨ ਦੀਆਂ ਨੀਤੀਆਂ 'ਤੇ ਕੰਮ ਕਰਦੀ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਸੰਖਿਆ ਦਾ ਵੱਡਾ ਹਿੱਸਾ ਪੱਛੜੇ, ਗਰੀਬ ਤੇ ਮੱਧ ਵਰਗਾਂ ਨਾਲ ਸਬੰਧ ਰੱਖਦਾ ਹੈ ਤੇ ਇਨ੍ਹਾਂ ਵਰਗਾਂ ਲਈ ਸਸਤੀ ਤੇ ਮਿਆਰੀ ਸਿੱਖਿਆ, ਸਿਹਤ ਤੇ ਟਰਾਂਸਪੋਰਟ ਸੁਵਿਧਾਵਾਂ ਦਾ ਹੋਣਾ ਬਹੁਤ ਹੀ ਮਹੱਤਵਪੂਰਨ ਹੈ ਪਰ ਸਰਕਾਰਾਂ ਇਸ ਤੋਂ ਭੱਜਦੀਆਂ ਨਜ਼ਰ ਆ ਰਹੀਆਂ ਹਨ। ਮੱਤੇਵਾਲ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਦੇ 97 ਫੀਸਦੀ ਬੱਚੇ ਸਕੂਲਾਂ 'ਚ ਦਾਖਲਾ ਲੈਂਦੇ ਹਨ, ਜਿਨ੍ਹਾਂ ਦੀ ਸੰਖਿਆ 12ਵੀਂ ਤਕ ਪੁੱਜਦੇ-ਪੁੱਜਦੇ ਸਿਰਫ 36 ਫੀਸਦੀ ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ 97 ਫੀਸਦੀ ਦਾ ਇਹ ਅੰਕੜਾ ਉਚੇਰੀਆਂ ਜਮਾਤਾਂ ਤਕ ਪੁੱਜਦੇ 20 ਫੀਸਦੀ ਰਹਿ ਜਾਂਦਾ ਹੈ। ਮੱਤੇਵਾਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਦੀਆਂ ਨੀਤੀਆਂ ਸਰਕਾਰੀ ਸਕੂਲਾਂ ਨੂੰ ਢਾਹ ਲਾ ਰਹੀਆਂ ਹਨ। ਉਨ੍ਹਾਂ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਦਾ ਹਵਾਲਾ ਦਿੰਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਵਿਧਾਨ ਸਭਾ 'ਚ ਕਾਨੂੰਨ ਪਾਸ ਕਰ ਕੇ ਸਰਕਾਰੀ ਖਜ਼ਾਨੇ ਤੋਂ ਤਨਖਾਹ ਲੈਣ ਵਾਲੇ ਸਾਰੇ ਅਧਿਕਾਰੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਬੱਚਿਆਂ, ਆਪਣੇ ਖੇਤਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਦਾ ਪ੍ਰਬੰਧ ਕਰੇ। ਮੱਤੇਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਵਾਧੇ ਲਈ ਗੰਭੀਰ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਟਰਾਂਸਪੋਰਟ ਦੇ ਪ੍ਰਬੰਧ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਂ ਕਿ ਗਿਣਤੀ ਦਾ ਹਵਾਲਾ ਦੇ ਕੇ ਸਰਕਾਰੀ ਸਕੂਲਾਂ ਦਾ ਰਲੇਵਾਂ ਜਾਂ ਸਕੂਲ ਨੂੰ ਬੰਦ ਕਰਨਾ ਚਾਹੀਦਾ ਹੈ।
ਸ਼ਾਹਕੋਟ 'ਚ ਪੱਕੇ ਡੇਰੇ ਲਾਉਣਗੇ ਬਾਦਲ!
NEXT STORY