ਸਾਡੀ ਅੰਦਰੂਨੀ ਸੁਰੱਖਿਆ ਲਈ ਮਾਓਵਾਦ ਅੱਜ ਅੱਤਵਾਦ ਤੋਂ ਵੀ ਵੱਡਾ ਖਤਰਾ ਬਣ ਚੁੱਕਾ ਹੈ, ਜਿਸ ਕਾਰਨ 20 ਸਾਲਾਂ ਵਿਚ ਦੇਸ਼ ਅੰਦਰ 12,000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਇਸ 'ਤੇ ਕਾਬੂ ਪਾਉਣ ਵਿਚ ਸਾਡੀਆਂ ਸਰਕਾਰਾਂ ਨਾਕਾਮ ਰਹੀਆਂ ਹਨ।
ਦੱਸਿਆ ਜਾਂਦਾ ਹੈ ਕਿ ਮਾਓਵਾਦੀਆਂ ਨੇ ਆਪਣੇ ਸੰਪਰਕ ਇੰਨੇ ਵਧਾ ਲਏ ਹਨ ਕਿ ਇਨ੍ਹਾਂ ਨੂੰ ਜਰਮਨੀ, ਤੁਰਕੀ ਤੇ ਫਿਲਪੀਨਜ਼ ਸਮੇਤ 27 ਦੇਸ਼ਾਂ ਦੇ ਨਕਸਲੀ ਸੰਗਠਨਾਂ ਦਾ ਸਮਰਥਨ ਮਿਲ ਰਿਹਾ ਹੈ।
* 23 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਰਾਏਪੁਰ 'ਚ ਮਾਓਵਾਦੀਆਂ ਨੇ 'ਕੋਹਕੋਡੀ' ਪਿੰਡ ਵਿਚ ਇਕ 20 ਸਾਲਾ ਮੁਟਿਆਰ ਨੂੰ ਉਸ ਦੇ ਘਰ 'ਚੋਂ ਧੂਹ ਕੇ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਮਾਰ ਦੇਣ ਤੋਂ ਬਾਅਦ ਉਸ ਦੀ ਲਾਸ਼ ਇਕ ਰੁੱਖ ਨਾਲ ਲਟਕਾ ਦਿੱਤੀ ਕਿਉਂਕਿ ਉਸ ਨੇ ਆਪਣੇ ਮੋਬਾਇਲ 'ਤੇ ਰਿੰਗਟੋਨ 'ਬਸਤਰ ਪੁਲਸ ਕੀ ਜੈ' ਲਾਈ ਹੋਈ ਸੀ।
* 28 ਅਪ੍ਰੈਲ ਨੂੰ 'ਦਾਂਤੇਵਾੜਾ' ਜ਼ਿਲੇ ਵਿਚ ਮਾਓਵਾਦੀਆਂ ਨੇ ਇਕ ਕਿਸਾਨ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ।
* 02 ਮਈ ਨੂੰ ਛੱਤੀਸਗੜ੍ਹ ਦੇ 'ਗਰੀਆਬੰਦ' ਜ਼ਿਲੇ ਵਿਚ ਗਸ਼ਤ 'ਤੇ ਨਿਕਲੇ ਪੁਲਸ ਦੇ ਜਵਾਨਾਂ 'ਤੇ ਹੋਏ ਹਮਲੇ 'ਚ 2 ਜਵਾਨ ਸ਼ਹੀਦ ਹੋ ਗਏ।
* 06 ਮਈ ਨੂੰ ਮਾਓਵਾਦੀਆਂ ਨੇ ਛੱਤੀਸਗੜ੍ਹ ਦੇ 'ਰਾਜਨੰਦਗਾਓਂ' ਜ਼ਿਲੇ ਦੇ 'ਸੜਕ ਬਨਜਾਰੀ' ਪਿੰਡ ਵਿਚ ਗੋਲੀਬਾਰੀ ਕਰ ਕੇ ਇਕ ਕਾਂਸਟੇਬਲ ਦੀ ਹੱਤਿਆ ਕਰ ਦਿੱਤੀ।
* 16 ਮਈ ਨੂੰ ਬੀਜਾਪੁਰ ਜ਼ਿਲੇ 'ਚ ਪੁਲ ਬਣਾਉਣ ਦੇ ਕੰਮ ਵਿਚ ਲੱਗੀਆਂ 4 ਗੱਡੀਆਂ ਨੂੰ ਅੱਗ ਲਾਉਣ ਤੋਂ ਇਲਾਵਾ ਇਕ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ।
* ਹੁਣ 20 ਮਈ ਨੂੰ ਛੱਤੀਸਗੜ੍ਹ ਦੇ ਮਾਓਵਾਦ ਤੋਂ ਪ੍ਰਭਾਵਿਤ ਦਾਂਤੇਵਾੜਾ ਜ਼ਿਲੇ ਵਿਚ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ 50 ਕਿਲੋ ਦਾ ਆਈ. ਈ. ਡੀ. ਧਮਾਕਾ ਕਰ ਕੇ ਪੁਲਸ ਦੀ ਗੱਡੀ ਉਡਾ ਦਿੱਤੀ, ਜਿਸ ਨਾਲ ਉਸ 'ਚ ਸਵਾਰ 7 ਜਵਾਨ ਸ਼ਹੀਦ ਹੋ ਗਏ।
ਮਾਓਵਾਦੀਆਂ ਨੇ ਪੁਲਸ ਟੁਕੜੀ ਦੇ 6 ਹਥਿਆਰ ਵੀ ਲੁੱਟ ਲਏ, ਜਿਨ੍ਹਾਂ 'ਚ 2 ਏ. ਕੇ.-47 ਰਾਈਫਲਾਂ, 2 ਇੰਸਾਸ ਰਾਈਫਲਾਂ ਤੇ 2 ਐੱਸ. ਐੱਲ. ਆਰ. ਸ਼ਾਮਿਲ ਹਨ। ਇਹ ਹਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਛੱਤੀਸਗੜ੍ਹ ਜ਼ਿਲੇ ਵਿਚ 'ਸਰਗੁਜਾ' ਦੌਰੇ ਤੋਂ ਪਹਿਲਾਂ ਕੀਤਾ ਗਿਆ।
ਪੁਲਸ ਦੀ ਗੱਡੀ ਜਦੋਂ 'ਕਿਰੰਦੁਲ' ਤੋਂ 'ਚੋਲਨਾਰ' ਪਿੰਡ ਦਰਮਿਆਨ ਇਕ ਨਾਲੇ ਨੇੜੇ ਪਹੁੰਚੀ ਤਾਂ ਮਾਓਵਾਦੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ, ਜਿਸ ਨਾਲ ਪੁਲਸ ਦੀ ਗੱਡੀ ਕਈ ਫੁੱਟ ਉੱਪਰ ਉੱਛਲ ਗਈ ਅਤੇ ਘਟਨਾ ਵਾਲੀ ਥਾਂ 'ਤੇ ਇਕ ਵੱਡਾ ਟੋਇਆ ਵੀ ਪੈ ਗਿਆ।
ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀਤੀ 23 ਅਪ੍ਰੈਲ ਨੂੰ ਇਹ ਦਾਅਵਾ ਕੀਤਾ ਸੀ ਕਿ ਦੇਸ਼ 'ਚ ਮਾਓਵਾਦ ਪਸਤ ਹੋ ਰਿਹਾ ਹੈ ਪਰ ਮਾਓਵਾਦੀਆਂ ਨੇ ਹੌਸਲਾ ਨਹੀਂ ਛੱਡਿਆ ਹੈ ਅਤੇ ਉਹ ਲਗਾਤਾਰ ਹਿੰਸਾ ਕਰ ਰਹੇ ਹਨ, ਜੋ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ।
ਉਨ੍ਹਾਂ ਨੇ ਬਦਲੇ ਹੋਏ ਹਾਲਾਤ ਵਿਚ ਆਪਣੀ ਰਣਨੀਤੀ ਜ਼ਰੂਰ ਬਦਲ ਦਿੱਤੀ ਹੈ ਤੇ ਆਹਮੋ-ਸਾਹਮਣੇ ਦੀ ਲੜਾਈ ਦੀ ਬਜਾਏ ਹਿੰਸਾ ਲਈ ਆਈ. ਈ. ਡੀ. ਦਾ ਇਸਤੇਮਾਲ ਜ਼ਿਆਦਾ ਕਰਨ ਲੱਗੇ ਹਨ। ਸ਼੍ਰੀ ਰਾਜਨਾਥ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ''ਉਕਤ ਘਟਨਾ ਵਿਚ ਵੀ ਮਾਓਵਾਦੀਆਂ ਨੇ ਆਈ. ਈ. ਡੀ. ਦਾ ਹੀ ਇਸਤੇਮਾਲ ਕੀਤਾ।''
ਇਸ ਸਬੰਧ 'ਚ ਮੀਡੀਆ ਦੀਆਂ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਮਾਓਵਾਦੀਆਂ ਵਲੋਂ ਆਈ. ਈ. ਡੀ. ਧਮਾਕਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਅਤੇ ਮਾਓਵਾਦੀ ਗਿਰੋਹ ਖੂਨ-ਖਰਾਬਾ ਕਰਨ ਲਈ ਜ਼ਿਆਦਾ ਖਤਰਨਾਕ ਆਈ. ਈ. ਡੀ. ਵਿਸਫੋਟਕਾਂ ਦਾ ਇਸਤੇਮਾਲ ਕਰ ਰਹੇ ਹਨ। ਰਿਪੋਰਟ ਅਨੁਸਾਰ ਮਾਓਵਾਦੀਆਂ ਵਲੋਂ ਉੱਚ ਤੀਬਰਤਾ ਵਾਲੇ ਵਿਸਫੋਟਕਾਂ ਦੀ ਵਰਤੋਂ ਕਰਨਾ ਚਿੰਤਾਜਨਕ ਹੈ।
ਇਹੋ ਨਹੀਂ, ਮਾਓਵਾਦੀਆਂ ਨੇ ਅਤੀਤ 'ਚ ਵਰਤੇ ਜਾਂਦੇ ਰਵਾਇਤੀ ਤੀਰਾਂ ਦੀ ਬਜਾਏ 'ਰੈਂਬੋ ਤੀਰ' ਹਾਸਿਲ ਕਰ ਲਏ ਹਨ। ਇਨ੍ਹਾਂ ਦੀ ਨੋਕ 'ਤੇ ਵਿਸਫੋਟਕ ਬੰਨ੍ਹੇ ਹੁੰਦੇ ਹਨ, ਜੋ ਟਾਰਗੈੱਟ ਨਾਲ ਟਕਰਾਉਣ ਤੋਂ ਬਾਅਦ ਕਾਫੀ ਅੱਗ ਤੇ ਧੂੰਆਂ ਪੈਦਾ ਕਰਦੇ ਹਨ।
ਇਨ੍ਹਾਂ ਦੀ ਵਰਤੋਂ ਉਹ ਸਾਡੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਵਾਸਤੇ ਸੁਰੱਖਿਆ ਬਲਾਂ ਦੇ ਜਵਾਨਾਂ 'ਤੇ ਘਾਤਕ ਵਾਰ ਕਰਨ ਅਤੇ ਉਨ੍ਹਾਂ ਦੇ ਹਥਿਆਰ ਲੁੱਟਣ 'ਚ ਆਸਾਨੀ ਹੋ ਜਾਂਦੀ ਹੈ।
ਰਿਪੋਰਟ ਅਨੁਸਾਰ ਮਾਓਵਾਦੀਆਂ ਨੇ ਦੇਸੀ ਮੋਰਟਾਰ ਤੇ ਰਾਕੇਟ ਵੀ ਵਿਕਸਿਤ ਕੀਤੇ ਹਨ। ਮਾਓਵਾਦੀਆਂ ਨੇ ਗੋਹੇ ਅੰਦਰ ਕੱਚੇ ਬੰਬ ਲੁਕਾਉਣ ਦਾ ਸਮਾਰਟ ਤਰੀਕਾ ਸ਼ੁਰੂ ਕੀਤਾ ਹੈ ਤਾਂ ਕਿ ਸੁਰੱਖਿਆ ਬਲਾਂ ਦੇ ਸਨਿਫਰ ਡੌਗ ਇਨ੍ਹਾਂ ਦੀ ਪਛਾਣ ਨਾ ਕਰ ਸਕਣ।
ਉਕਤ ਹਾਲਾਤ ਨੂੰ ਦੇਖਦਿਆਂ ਮਾਓਵਾਦੀਆਂ ਵਿਰੁੱਧ ਕਾਰਵਾਈ ਤੇਜ਼ ਕਰਨ ਦੀ ਲੋੜ ਹੋਰ ਵੀ ਵਧ ਗਈ ਹੈ ਤੇ ਇਨ੍ਹਾਂ ਵਿਰੁੱਧ ਉਸੇ ਤਰ੍ਹਾਂ ਤੇਜ਼ ਫੌਜੀ ਕਾਰਵਾਈ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਰ ਕੇ 6 ਮਹੀਨਿਆਂ 'ਚ ਹੀ ਆਪਣੇ ਦੇਸ਼ 'ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।
ਇਸ ਮਾਮਲੇ 'ਚ ਚੰਦਨ ਸਮੱਗਲਰ ਵੀਰੱਪਨ ਦੇ ਮਾਮਲੇ ਵਰਗੀ ਲਾਪਰਵਾਹੀ ਕਾਫੀ ਮਹਿੰਗੀ ਪੈ ਸਕਦੀ ਹੈ, ਜਿਸ ਨੂੰ ਫੜਨ ਲਈ ਸਾਂਝੀ ਟਾਸਕ ਫੋਰਸ ਤਾਂ 1991 'ਚ ਕਾਇਮ ਕੀਤੀ ਗਈ ਪਰ ਉਸ ਨੂੰ ਮਾਰਿਆ 15 ਸਾਲਾਂ ਬਾਅਦ 2004 'ਚ ਹੀ ਜਾ ਸਕਿਆ ਸੀ।
—ਵਿਜੇ ਕੁਮਾਰ
ਨਾਕਸ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਚੱਕਾ ਜਾਮ
NEXT STORY