ਸ਼ਿੰਦਰੋ, ਮਿੰਧਰੋ, ਚੰਨੋਂ ਨੀ ਸੁਣ,
ਕਮਾਈ ਦੀ ਕੋਈ ਜੁਗਤ ਲੜਾਈਏ,
ਸਹਿਯੋਗ ਨਾਲ ਹੀ ਗੱਲ ਹੈ ਬਣਨੀ,
'ਕੱਠੇ ਹੋ ਇਕ ਗੈਂਗ ਬਣਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਗੈਂਗਸਟਰਾਂ ਨੂੰ ਨਫ਼ਰਤ ਕਰਦੀ,
ਦੁਨੀਆ ਇਨਾਂ ਤਾਂਈਂ ਨਾ ਜ਼ਰਦੀ,
ਮਾਤ-ਭਾਸ਼ਾ ਦੇ ਨਾਂ 'ਠੱਗੀਏ,
ਕੋਈ ਇਹੋ ਜਿਹਾ ਰੌਲ਼ਾ ਪਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਗਰਮ ਚਾਹ, ਮੱਠੀ ਨਾਲੇ ਸਮੋਸਾ,
ਬਹੁਤਾ ਵੀ ਨਾ ਕਰਨਾ ਸ਼ੋਸ਼ਾ,
ਮੈਂਬਰਸ਼ਿੱਪ ਦੀ ਰਸੀਦ ਬਣਾ ਕੇ,
ਬਹੁਤਾ 'ਤੇ ਕਿਸੇ 'ਤੇ ਭਾਰ ਨਾ ਪਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਬਲਗਮ ਸਾਰੀ ਦੂਰ ਭਜਾਉਣੀ,
ਗਰਮ ਚਾਹ ਦੇ ਨਾਲ ਮੱਠੀ ਆਉਂਣੀ,
ਲੋਹੇ ਨੂੰ ਹੈ ਲੋਹਾ ਕੱਟਦਾ
ਇਹੀਓ ਗੱਲ ਸਭ ਨੂੰ ਸਮਝਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਕੰਮ ਚਲਾਊ ਸਕੱਤਰ ਬਣਾਉਣਾ,
ਇਸ ਨੇ ਵੀ ਕੁੱਝ ਆਖ ਸੁਣਾਉਣਾ,
ਖੜ ਜਾਂ ਬਹਿ ਕੇ ਕੋਈ ਨਾ ਕਰਨੀ,
ਲੰਮੇ ਪੈ ਕੇ ਹਾਲ ਸੁਣਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਕਵਿਤਾ, ਗੀਤ ਜਾਂ ਕੋਈ ਛੰਦ,
ਵਿਚ ਚਾੜ੍ਹਾਂਗੇ ਈਦ ਦਾ ਚੰਦ,
ਡੰਡੀ ਦੀ ਥਾਂ ਕਾਮਾ ਪਾ ਕੇ,
ਕਾਮੇ ਦੀ ਥਾਂ ਡੰਡੀ ਪਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਫਿਰ ਸੁਣਾਂਗੇ ਵਾਰਸ ਦੀ ਹੀਰ,
ਵਾਹ-ਵਾਹ ਕਹਿ ਕੇ ਰਿੰਨਣੀ ਖੀਰ,
ਭਾਵੇਂ ਕੋਈ ਜੋੜ੍ਹ ਨਾ ਬਣਨਾਠ
ਦਹੀਂ ਭੱਲਾ ਵੀ ਨਾਲ ਮੰਗਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਲਾਹ ਦੇਣੇ ਸਭ ਕਾਮੇ ਡੰਡੀਆਂ,
ਫੇਰ ਲੱਗਣੀਆਂ ਰੁੱਤਾਂ ਠੰਡੀਆਂ,
ਅੱਧਕ, ਬਿੰਦੀਆਂ, ਟਿੱਪੀਆਂ ਲਾਹ ਕੇ,
ਸ਼ਬਦਾਂ ਦੇ ਅਰਥ ਨਵੇਂ ਅਰਥ ਬਣਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਪਰਸ਼ੋਤਮ ਆਖੂ ਦੇਵਾ ਓ ਦੇਵਾ,
ਕੰਮ ਦੂਜਾ ਤੇ ਨਾਂ ਦੀ ਸੇਵਾ,
ਹੋ ਜਾਏ ਸਾਡੀ ਬਹਿਜਾ-ਬਹਿਜਾ,
ਐਸੀ ਸਕੀਮ ਦੇ ਸਿਰੋਪਾਓ ਪਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਸਰੋਏ ਖਰੇ ਜਦ ਬੋਲ ਸੁਣਾਉਣੇ,
ਸੰਗਤਾਂ ਨੇ ਹੈ ਬੁਰੇ ਮਨਾਉਣੇ,
ਵਰਣਾਂ ਦੇ ਨਾਲ ਟਿੱਚਰਾਂ ਕਰਕੇ,
ਪਹਾੜਿਆਂ ਦੇ ਨਾਲ ਨੱਚੀਏ-ਗਾਈਏ।
ਸ਼ਿੰਦਰੋ, ਮਿੰਧਰੋ, ਚੰਨੋ ਨੀ ਸੁਣ.......।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348
ਥਾਣੇ ਤੋਂ ਸਿਰਫ ਤਿੰਨ ਮਿੰਟ ਦੀ ਦੂਰੀ 'ਤੇ ਬੇਕਾਬੂ ਕਾਰ ਨੇ ਮਚਾਈ ਭਗਦੜ
NEXT STORY