ਬਟਾਲਾ— ਗਾਂਧੀ ਚੌਕ 'ਚ ਅੱਜ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਕਾਰ 'ਚ ਸਵਾਰ ਕੁੱਝ ਲੋਕਾਂ ਨੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁੱਟਣ ਦੇ ਨਾਲ-ਨਾਲ ਪੁਲਸ ਵਾਲਿਆਂ ਨਾਲ ਵੀ ਹੱਥੋਪਾਈ ਕਰਦੇ ਹੋਏ ਮੁਨਸ਼ੀ ਦੀ ਪੱਗ ਉਤਾਰ ਦਿੱਤੀ।
ਜਾਣਕਾਰੀ ਮੁਤਾਬਕ ਗਾਂਧੀ ਚੌਂਕ ਜਿੱਥੇ ਅਕਸਰ ਟ੍ਰੈਫਿਕ ਜਾਮ ਰਹਿੰਦਾ ਹੈ, ਤੋਂ ਅੱਜ ਰਾਤ ਇਕ ਕਾਰ ਲੰਘੀ ਰਹੀ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਉਕਤ ਕਾਰ ਦੇ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਕਾਰ 'ਚ ਸਵਾਰ 3 ਵਿਅਕਤੀ, ਜਿਨ੍ਹਾਂ 'ਚ ਗੁਰਜੰਟ ਸਿੰਘ ਅਤੇ ਜੰਗ ਬਹਾਦੁਰ ਪੁੱਤਰ ਅਵਤਾਰ ਸਿੰਘ ਨਿਵਾਸੀ ਨਿਊ ਗੋਬਿੰਦ ਨਗਰ ਬਟਾਲਾ, ਹਰਜੀਤ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਪਿੰਡ ਚਵਿੰਡਾ ਦੇਵੀ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਨੇ ਕਾਰ 'ਚੋਂ ਬਾਹਰ ਨਿਕਲ ਕੇ ਮੋਟਰਸਾਈਕਲ ਸਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਇਹ ਸਭ ਦੇਖ ਕੇ ਉਥੇ ਡਿਊਟੀ 'ਤੇ ਤਾਇਨਾਤ ਪੁਲਸ ਚੌਂਕੀ ਬੱਸ ਸਟੈਂਡ ਦੇ ਮੁਨਸ਼ੀ ਜੋਗਾ ਸਿੰਘ ਅਤੇ ਹੌਲਦਾਰ ਪਵਨ ਕੁਮਾਰ ਮੋਟਰਸਾਈਕਲ ਨੌਜਵਾਨ ਨੂੰ ਛੁਡਵਾਉਣ ਲਈ ਆਏ ਤਾਂ ਉਕਤ ਤਿੰਨਾਂ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦੇ ਹੋਏ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ। ਇਸ ਦੌਰਾਨ ਉਕਤ ਨੌਜਵਾਨਾਂ ਨੇ ਮੁਨਸ਼ੀ ਜੋਗਾ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ।
ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਸਿਟੀ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਕਤ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਿਟੀ 'ਚ ਲੈ ਗਏ, ਜਿਥੇ ਉਕਤ ਨੌਜਵਾਨਾਂ ਖਿਲਾਫ ਮੁਨਸ਼ੀ ਜੋਗਾ ਸਿੰਘ ਅਤੇ ਹੌਲਦਾਰ ਪਵਨ ਕੁਮਾਰ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੀਤਾ ਗਿਆ ਹੈ ਅਤੇ ਗੱਡੀ ਕਬਜ਼ੇ 'ਚ ਲੈ ਲਈ ਗਈ ਹੈ।
ਸੜਕ ਹਾਦਸੇ 'ਚ ਇਕ ਬੱਚੇ ਦੀ ਮੌਤ, ਦੋ ਗੰਭੀਰ
NEXT STORY