ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁਮੰਣ) - ਸ਼ਨੀਵਾਰ ਪਿੰਡ ਮਾੜੀ ਗੋੜ ਸਿੰਘ ਵਿਖੇ ਇਕ ਦੁਕਾਨ ਅੰਦਰ ਅਣਪਛਤੇ ਨੌਜਵਾਨਾਂ ਵਲੋਂ ਦਾਖਿਲ ਹੋ ਕੇ ਦੁਕਾਨਦਾਰ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਵਿਚ ਥਾਣਾ ਭਿੱਖੀਵਿੰਡ ਦੀ ਪੁਲਸ ਨੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜ਼ਖਮੀ
ਦੁਕਾਨਦਾਰ ਰਣਜੀਤ ਸਿੰਘ ਰਾਣਾ ਪੁੱਤਰ ਕਾਰਜ ਸਿੰਘ ਵਾਸੀ ਮਾੜੀ ਗੋੜ ਸਿੰਘ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਸਾਡਾ ਗੁਆਂਢੀ ਗੁਰਚਰਨ ਸਿੰਘ ਕਿਸੇ ਕੇਸ ਵਿਚ ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਬੰਦ ਹੈ। ਉਸਦੇ ਪਰਿਵਾਰਕ ਮੈਂਬਰਾਂ ਵਲੋਂ ਮੇਰੇ ਕੋਲ ਇਕ ਮੋਬਾਈਲ ਨੰਬਰ ਵਿਚ ਰਿਚਾਰਜ ਕਰਵਾਉਣ ਲਈ ਵਾਰ-ਵਾਰ ਕਿਹਾ ਜਾ ਰਿਹਾ ਸੀ। ਮੇਰੇ ਵਲੋਂ ਟਾਲ-ਮਟੋਲ ਕਰਨ 'ਤੇ ਗੁਰਚਰਨ ਸਿੰਘ ਵਲੋਂ ਮੈਨੂੰ ਜੇਲ ਵਿਚੋਂ ਫੋਨ ਕਰਕੇ ਮੋਬਾਈਲ ਵਿਚ ਰਿਚਾਰਜ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਮੈਨੂੰ ਸ਼ੱਕ ਹੋ ਗਿਆ ਕਿ ਰਿਚਾਰਜ ਕਰਨ ਵਾਲੇ ਫੋਨ ਦੀ ਵਰਤੋਂ ਜੇਲ ਵਿਚੋਂ ਨਾ ਹੁੰਦੀ ਹੋਵੇ ਪਰ ਜਦੋਂ ਗੁਰਚਰਨ ਸਿੰਘ ਦੇ ਵਾਰ ਵਾਰ ਫੋਨ ਕਰਨ 'ਤੇ ਮੈਂ ਰਿਚਾਰਜ ਨਾ ਕੀਤਾ ਤਾਂ ਸ਼ਾਮ ਦੇ ਸਮੇਂ 6 ਕਰੀਬ ਅਣਪਛਾਤੇ ਹਥਿਆਰਬੰਦ ਨੌਜਵਾਨ ਮੇਰੀ ਦੁਕਾਨ ਅੰਦਰ ਦਾਖਿਲ ਹੋਏ ਜਿੰਨ੍ਹਾਂ ਨੇ ਆਉਂਦਿਆ ਮੇਰਾ ਨਾਮ ਪੁੱਛ ਕੇ ਮੇਰੇ 'ਤੇ ਹਮਲਾ ਕਰ ਦਿੱਤਾ। ਮੇਰੇ ਕੋਲ ਬੈਠਾ ਮੇਰਾ ਸਾਥੀ ਗੁਰਬੀਰ ਸਿੰਘ ਪੁੱਤਰ ਹਰਚਰਨ ਸਿੰਘ ਜਾਨ ਬਚਾਉਣ ਲਈ ਮੌਕੇ 'ਤੇ ਦੌੜ ਗਿਆ ਤੇ ਬਾਹਰ ਜਾ ਕੇ ਰੋਲਾ ਪਾਉਣ ਲੱਗਾ, ਜਿਸ ਦੌਰਾਨ ਹਮਲਾਵਰਾ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਵਾਰ ਕੀਤੇ ਤੇ ਹਵਾਈ ਫਾਇਰ ਵੀ ਕੀਤੇ । ਭਿੱਖੀਵਿੰਡ ਪੁਲਸ ਨੇ ਜਖਮੀ ਰਣਜੀਤ ਸਿੰਘ ਰਾਣਾ ਦੇ ਬਿਆਨਾਂ ਦੇ ਅਧਾਰ 'ਤੇ ਮੁਕਦਮਾ ਨੰਬਰ 37 ਅਧੀਨ ਧਾਰਾ 307, 115, 427, 148, 149, ਆਈ. ਪੀ. ਸੀ ਤੇ 25-54-59 ਅਸਲਾ ਐਕਟ ਅਧੀਨ ਜੇਲ ਵਿਚ ਬੰਦ ਗੁਰਚਰਨ ਸਿੰਘ ਅਤੇ 6 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਿੰਗ ਅਨੁਪਾਤ 'ਚ ਹੋਇਆ ਸੁਧਾਰ ਸਾਡੇ ਸਾਰਿਆਂ ਲਈ ਮਾਨ ਵਾਲੀ ਗੱਲ : ਵਿਧਾਇਕ ਭੁੱਲਰ
NEXT STORY