ਪਟਿਆਲਾ, ਸਨੌਰ (ਜੋਸਨ, ਕੁਲਦੀਪ)-ਸਨੌਰ ਅਸਰਪੁਰ ਰੋਡ 'ਤੇ ਮਾਰਕਫੈੱਡ ਦੇ ਗੋਦਾਮ ਵਿਚ ਕਣਕ ਦੀਆਂ ਬੋਰੀਆਂ ਲਵਾਉਣ ਬਦਲੇ ਮਾਰਕਫੈੱਡ ਦੇ ਇੰਸਪੈਕਟਰ ਨੇ ਅਨਾਜ ਮੰਡੀ ਸਨੌਰ ਦੇ ਆੜ੍ਹਤੀਆਂ ਤੋਂ 2 ਰੁਪਏ ਪ੍ਰਤੀ ਬੋਰੀ ਦੀ ਮੰਗ ਕੀਤੀ, ਜਿਸ ਕਾਰਨ ਮਾਮਲਾ ਭੜਕ ਪਿਆ। ਆੜ੍ਹਤੀਆਂ ਨੇ ਮਾਰਕਫੈੱਡ ਦੇ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਾਰਕਫੈੱਡ ਗੋਦਾਮ ਵਿਚ ਸਨੌਰ ਅਨਾਜ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਅਤੇ ਹੋਰ ਆੜ੍ਹਤੀਆਂ ਨੇ ਮਾਰਕਫੈੱਡ ਦੇ ਇੰਸਪੈਕਟਰ 'ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਅਸੀਂ ਕਣਕ ਨਾਲ ਭਰੇ ਟਰੱਕ ਮਾਰਕਫੈੱਡ ਦੇ ਗੋਦਾਮ ਦੇ ਬਾਹਰ ਹੀ ਰੋਕ ਦਿੱਤੇ। ਆੜ੍ਹਤੀਆਂ ਨੇ ਦੱਸਿਆ ਕਿ ਜਦੋਂ ਅਸੀਂ ਮਾਰਕਫੈੱਡ ਦੇ ਇੰਸਪੈਕਟਰ ਨੂੰ ਪੁੱਛਿਆ ਕਿ ਕਣਕ ਦੀਆਂ ਬੋਰੀਆਂ ਨਾਲ ਭਰੇ ਟਰੱਕ ਗੋਦਾਮ ਵਿਚੋਂ ਕਿਉਂ ਬਾਹਰ ਕੱਢੇ ਹਨ? ਤਾਂ ਇੰਸਪੈਕਟਰ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਮੈਨੂੰ 2 ਰੁਪਏ ਪ੍ਰਤੀ ਬੋਰੀ ਕਮਿਸ਼ਨ ਨਹੀ ਦਿੰਦੇ, ਉਦੋਂ ਤੱਕ ਮੈਂ ਕਣਕ ਦੀਆਂ ਬੋਰੀਆਂ ਗੋਦਾਮ ਵਿਚ ਨਹੀਂ ਲਾਉਣ ਦੇਵਾਂਗਾ।
ਜਾਣਕਾਰੀ ਦਿੰਦਿਆਂ ਆੜ੍ਹਤੀਆਂ ਨੇ ਦਿਖਾਇਆ ਕਿ ਡੀ. ਐੱਮ. ਦੀ ਮੌਜੂਦਗੀ ਵਿਚ ਨਵੀਆਂ ਬੋਰੀਆਂ ਵਿਚੋਂ ਕਣਕ ਕੱਢ ਕੇ ਪੁਰਾਣੀਆਂ ਬੋਰੀਆਂ ਵਿਚ ਪਾ ਕੇ ਅਤੇ ਹੱਥ ਨਾਲ ਸਿਲਾਈ ਕਰ ਕੇ ਬੋਰੀਆਂ ਦੀਆਂ ਪਲੰਥਾਂ ਲੱਗੀਆਂ ਸਨ। ਮੌਕੇ 'ਤੇ ਪੁਰਾਣੇ ਬਾਰਦਾਨੇ ਵਿਚ ਨਵੀਂ ਕਣਕ ਪਾਈ ਹੋਈ ਮਿਲੀ ਅਤੇ ਕਣਕ ਬਹੁਤ ਘੱਟ ਸੀ। ਅਨਾਜ ਮੰਡੀ ਵਿਚੋਂ ਕਣਕ ਦੀਆਂ ਬੋਰੀਆਂ ਮਸ਼ੀਨ ਨਾਲ ਸਿਲਾਈ ਕਰ ਕੇ ਭੇਜੀਆਂ ਜਾਂਦੀਆਂ ਹਨ। ਇਸ 'ਤੇ ਆੜ੍ਹਤੀਆਂ ਦੀ ਡੀ. ਐੱਮ. ਮਾਰਕਫੈੱਡ ਵਿਸ਼ਾਲ ਗੁਪਤਾ ਅਤੇ ਇੰਸਪੈਕਟਰ ਫਰੀਦ ਖਾਨ ਨਾਲ ਬਹਿਸ ਹੋਈ ਅਤੇ ਆੜ੍ਹਤੀਆਂ ਨੇ ਗੋਦਾਮ ਵਿਚ ਹੀ ਮਾਰਕਫੈੱਡ ਦੇ ਡੀ. ਐੱਮ. ਅਤੇ ਇੰਸਪੈਕਟਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਹਾਊਸ ਦੀ ਦੂਜੀ ਮੀਟਿੰਗ 'ਚ ਆਵੇਗਾ ਪੇਡ ਪਾਰਕਿੰਗ ਦਾ ਪ੍ਰਪੋਜ਼ਲ
NEXT STORY