ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਾਹਿਤ ਅਥਾਹ ਡੂੰਘਾ ਸਮੁੰਦਰ ਹੈ। ਸਮੁੰਦਰ ਦੀ ਤਾਂ ਕੋਈ ਤਹਿ ਵੀ ਹੈ ਉਸ ਦੀ ਡੁੰਘਾਈ ਨੂੰ ਤਾਂ ਮਾਪਿਆ ਵੀ ਸਕਦਾ ਹੈ ਪਰ ਸਾਹਿਤ ਦੀ ਤਾਂ ਕੋਈ ਤਹਿ ਹੀ ਨਹੀਂ। ਇਸ 'ਚ ਕੋਈ ਸਾਹਿਤ ਦਾ ਪ੍ਰੇਮੀ ਸਾਹਿਤਕਾਰ, ਲੇਖਕ, ਕਵੀ 'ਤੇ ਹੋਰ ਬੁੱਧੀਜੀਵੀ ਤਾਰੀ ਲਾਉਂਦਾ 'ਤੇ ਅਨੰਦ ਮਾਣਦਾ ਹੈ ਤਾਂ ਉਸ ਨੂੰ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਉਹ ਇਸ ਸਾਹਿਤ ਦੇ ਸਮੁੰਦਰ ਦੀ ਕਿੰਨੀ ਕੁ ਗਹਿਰਾਈ 'ਚ ਉੱਪੜ ਚੁੱਕਾ 'ਤੇ ਉਸ ਦੀ ਗਹਿਰਾਈ 'ਚ ਲੰਮੇ ਸਮੇਂ ਤੱਕ ਸਮੋ ਜਾਂਦਾ ਹੈ 'ਤੇ ਆਪਣੇ ਹੀ ਖ਼ਿਆਲਾਂ 'ਚ ਇਸ ਸਾਹਿਤ ਰੂਪੀ ਸਮੁੰਦਰ 'ਚ
ਡੁੱਬਿਆ ਆਪਣੀ ਹੀ ਦੁਨੀਆ ਬਣਾਉਣ ਲੱਗ ਪੈਂਦਾ ਹੈ। ਦਾਸ ਤਾਂ ਅਜੇ ਸਾਹਿਤ ਦੇ ਸਕੂਲ ਦੀ ਨਰਸਰੀ 'ਚ ਵੀ ਦਾਖਲ ਹੋਣ ਜੋਗਾ ਨਹੀਂ ਹੋਇਆ। ਮੇਰੇ ਦਾਦਾ ਜੀ ਨਾਹਰ ਸਿੰਘ ਭੱਟ ਜੋ ਕਿ ਮੇਰੇ ਜਨਮ ਤੋਂ ਵੀ ਲਗਭਗ 10 ਸਾਲ ਪਹਿਲਾਂ ਸੰਨ 1973 'ਚ ਸਰੀਰ ਤਿਆਗ ਗਏ ਸਨ ਪਰ ਉਨ੍ਹਾਂ ਦੀ ਪੁਰਾਤਨ ਲਿਖੀ ਡੰਕ ਸ਼ਾਹੀ ਵਾਲੀ ਕਲਮ ਨਾਲ ਲਿਖੀਆਂ ਸੂਫ਼ੀਆਨਾ ਕਵਿਤਾਵਾਂ ਵਾਲੀ ਬਿਰਧ ਕਿਤਾਬ ਜੱਦ ਮੈਨੂੰ ਪੜ੍ਹਨ ਨੂੰ ਮਿਲੀ ਤਾਂ ਮਨ 'ਚ ਉਨ੍ਹਾਂ ਵੱਲੋਂ ਰਿਹਾ ਅਧੂਰਾ ਲਿਖਤਾਂ ਦਾ ਕਾਰਜ ਪੂਰਾ ਕਰਨ ਦੇ ਯਤਨ ਕਰਨ ਲੱਗਾ ਉਨ੍ਹਾਂ ਨੂੰ ਆਪਣੇ ਹੀ ਮਨ 'ਚ ਆਪਣਾ ਉਸਤਾਦ ਧਾਰ ਕੇ ”ਭੱਟ'' ਤਖ਼ੱਲਸ ਲਗਾ ਲਿਆ 'ਤੇ ਸੱਚ ਮੰਨਣਾ ਫਿਰ ਤਾਂ ਬਸ ਫੇਰ ਤਾਂ ਕਲਮ ਨਾਲ ਪਿਆਰ ਹੀ ਹੋ ਗਿਆ।
ਜੇਕਰ ਮੁੱਦੇ 'ਤੇ ਆਵਾਂ ਤਾਂ ਅਸਲ 'ਚ ਜੋ ਵੀ ਆਪਣੇ ਆਪ 'ਚ ਜਾਂ ਸਮਾਜ 'ਚ ਵਾਪਰਦੀਆਂ ਮਾੜੀਆਂ ਚੰਗੀਆਂ ਘਟਨਾਵਾਂ ਨੂੰ ਦੇਖਿਆ 'ਤੇ ਉਸ ਨੂੰ ਆਪਣੇ ਨਜ਼ਰੀਏ 'ਤੇ ਨਿਮਾਣੀ ਸੋਚ ਨਾਲ ਕਲਮਬੰਦ ਕੀਤਾ 'ਤੇ ਅਣਜਾਣ ਪੁਣੇ 'ਚ ਉਹ ਲਿਖਣਾ ਲੇਖਾਂ ਜਾਂ ਕਵਿਤਾਵਾਂ ਦਾ ਰੂਪ ਧਾਰ ਗਿਆ। ਦਾਸ ਦੇ ਨੇੜਲੇ ਮਿੱਤਰਾਂ ਦੇ ਸਹਿਯੋਗ ਨਾਲ ਉਨ੍ਹਾਂ ਲੇਖਾਂ 'ਤੇ ਕਵਿਤਾਵਾਂ ਨੂੰ ਛਪਵਾਉਣ ਤੋਂ ਬਾਅਦ ਜੋ ਵੀ ਪਾਠਕਾਂ ਦਾ ਪਿਆਰ ਭਰਿਆ ਹੁੰਗਾਰਾ ਮਿਲਿਆ ਉਸ ਨਾਲ ਹੋਰ ਵੀ ਲਿਖਣ ਦੇ ਜਜ਼ਬੇ ਨੂੰ ਹੌਂਸਲਾ ਮਿਲਿਆ।
ਇਸ ਲੇਖ ਨੂੰ ਲਿਖਣ ਦੀ ਮੇਰੇ ਮਨ 'ਚ ਤਾਂਘ ਉਸ ਦਿਨ ਤੋਂ ਲੱਗੀ ਜਦੋਂ ਬੀਤੇ ਦਿਨੀਂ ਸੋਸ਼ਲ ਮੀਡੀਏ ਰਾਹੀ ਉੱਠੇ ਹੋਏ ਇਕ ਸਵਾਲ ਨੇ ਮੈਨੂੰ ਘੇਰ ਲਿਆ, ਹੋਇਆ ਇੰਝ ਜਦੋਂ ਮੈਂ ਕਿਸੇ ਹੋ ਰਹੀ ਵਿਚਾਰ ਨੂੰ ਬਹਿਸ 'ਤੇ ਫਿਰ ਲੜਾਈ ਦਾ ਰੂਪ ਧਾਰਦਾ ਹੋਇਆ ਦੇਖਿਆ, ਜੋ ਕਿ ਸਹੀ ਮਾਅਨੇ 'ਚ ਸਾਹਿਤ ਨਾਲ ਜੁੜੇ ਸਨ ਉਹ ਤਾਂ ਚੁੱਪ ਕਰ ਗਏ ਪਰ ਕਈ ਮੇਰੇ ਵਰਗੇ ਇਨਸਾਨ ਬਸ ਤੂੰ ਕੋਣ 'ਤੇ ਮੈਂ ਕੌਣ।
ਮੇਰੇ ਦੋਸਤੋ ਸਵਾਲ ਸੀ ”ਕੀ ਸਾਹਿਤ 'ਚ ਵਿਚਾਰਾਂ ਦੀ ਸਾਂਝ ਜ਼ਰੂਰੀ ਹੈ?” ਤਾਂ ਮੈਂ ਹੋਰ ਕਿਸੇ ਬਾਰੇ ਤਾਂ ਕੁੱਝ ਨਹੀਂ ਕਹਿ ਸਕਦਾ ਪਰ ਮੇਰੇ ਮੁਤਾਬਿਕ ਸਾਹਿਤ 'ਚ ਵਿਚਾਰਾਂ ਦੀ ਸਾਂਝ ਹੋਣੀ ਜ਼ਰੂਰੀ ਹੈ। ਵਿਚਾਰਾਂ ਤੋਂ ਬਗੈਰ ਸਾਹਿਤ ਅਧੂਰਾ ਹੈ ਜੇਕਰ ਕੋਈ ਵਿਚਾਰ 'ਤੇ ਆਲੋਚਨਾ ਹੀ ਨਹੀਂ ਹੋਵੇਗੀ ਤਾਂ ਸਾਹਿਤਕਾਰ ਦੀ ਸੋਚ ਤੋਂ ਉਪਜੀ ਰਚਨਾ ਨੂੰ ਸਿਖਰ ਨਹੀਂ ਪ੍ਰਾਪਤ ਹੋ ਸਕਦਾ ਪਰ ਫਿਰ ਕਿਉਂ ਮੇਰੇ ਲੇਖਕ ਵੀਰ ਕਿਸੇ ਵੀ ਸਾਹਿਤਿਕ ਨਾਮ ਦੇ ਪ੍ਰੋਗਰਾਮ ਦੌਰਾਨ ਕਿਸੇ ਹੋਰ ਲੇਖਕ ਜਾਂ ਸਾਹਿੱਤਕਾਰ ਵੀਰ ਦੀ ਰਚਨਾ ਜਾਂ ਖ਼ਾਸਕਰ ਉਸ ਦੇ ਵਿਚਾਰਾਂ ਨੂੰ ਸੁਣਨ ਵੇਲੇ ਆਪਣੇ ਆਪ ਨੂੰ ਨਿੰਦਰਾਂ/ਬੋਰ ਮਹਿਸੂਸ ਕਰਨ ਲੱਗ ਪੈਂਦੇ ਹਨ। ਕਿਸੇ ਦੀ ਕੀ ਗੱਲ ਕਰਾਂ ਸ਼ੁਰੂ ਆਪਣੇ ਤੋਂ ਹੀ ਸ਼ੁਰੂ ਕਰਦਾ ਹਾਂ। ਅਕਸਰ ਜੱਦੋ ਕਿਸੇ ਸਾਹਿਤਿਕ ਸਮਾਗਮ 'ਚ ਜਾਣ ਦਾ ਸਮਾਂ ਮਿਲਦਾ ਹੈ ਤਾਂ ਹੋਰ ਵੀਰ ਦੀ ਰਚਨਾ ਨੂੰ ਸੁਣਨ 'ਤੇ ਉਸ ਉੱਪਰ ਆਪਣੇ ਆਪ ਹੀ ਵਿਚਾਰ ਤਾਂ ਦੂਰ ਮੈਨੂੰ ਉਡੀਕ ਰਹਿੰਦੀ ਕਿ ਕਦ ਮੇਰੀ ਵਾਰੀ ਆਵੇ 'ਤੇ ਮੈਂ ਕੁੱਝ ਸੁਣਾਵਾਂ 'ਤੇ ਮੇਰੀਆਂ ਰਚਨਾਵਾਂ ਨੂੰ ਸੁਣ ਕੇ ਸਰੋਤੇ ਵਾਹ- ਵਾਹ ਕਹਿਣ ਉਪਰੰਤ ਕੋਈ ਹੋਰ ਸੁਣਾਵਾਂ ਚਾਹੇ ਨਾ ਸੁਣਾਵਾਂ ਮੈਨੂੰ ਕੀ ਮੈਂ ਤਾਂ ਜਾਵਾਂ ਮੈਨੂੰ ਤਾਂ ਹੋਰ ਵੀ ਕੰਮ ਬੜੇ ਨੇ, ਮਾਫ਼ ਕਰਨਾ ਇਹੋ ਜਿਹੀ ਸੋਚ ਦੇ ਮਾਲਕ ਸਾਹਿਤਿਕ ਦੁਨੀਆ 'ਚ ਬੇਅੰਤ ਹਨ ਜੋ ਕਿ ਆਪਣੇ ਆਪ ਨੂੰ ਸਿਰਮੌਰ ਸਾਹਿਤਕਾਰ ਦਾ ਦਰਜਾ ਦੇ ਰਹੇ ਹਨ।
ਇਕ ਆਪਣੇ ਆਪ ਨੂੰ ਕਾਫ਼ੀ ਸਿਰਮੌਰ ਸਾਹਿਤਕਾਰ ਦਾ ਦਰਜਾ ਦੇਣ ਵਾਲੇ ਲੇਖਕ ਸਾਹਿਬਾਨ ਜੀ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ''ਕੋਈ ਵੀ ਰਚਨਾ ਪੇਸ਼ ਕਰਨ ਤੋਂ ਬਾਅਦ ਸ਼ਲਾਘਾ ਦੀ ਆਦਤ ਪਾਉਣਾ ਮੂਰਖਤਾ ਹੈ” ਇਹ ਸੁਣ ਮੈਨੂੰ ਸਮਝ ਨਹੀਂ ਆਇਆ ਕਿ ਉਹ ਇੰਝ ਕਿਉਂ ਕਹਿ ਰਹੇ ਨੇ ਜਦ ਕਿ ਉਨ੍ਵਾਂ ਨੂੰ ਤਾਂ ਚਾਹੀਦਾ ਸੀ ਕਿ ਕੋਈ ਵੀ ਨਵਾਂ ਲੇਖਕ ਵੀਰ ਜਦੋਂ ਆਪਣੀ ਰਚਨਾ ਨੂੰ ਪੇਸ਼ ਕਰਦਾ ਹੈ ਤਾਂ ਉਸ ਦੀ ਸ਼ਲਾਘਾ ਸਿਫ਼ਤ ਕੀਤੀ ਜਾਵੇ ਤਾਂ ਕਿ ਉਸ ਨਵੇਂ ਲੇਖਕ ਵੀਰ ਨੂੰ ਹੌਂਸਲਾ ਮਿਲ।ੇ ਜੇ ਕੋਈ ਕਮੀ ਨਜ਼ਰ ਆ ਰਹੀ ਹੈ ਤਾਂ ਮਾਰਗਦਰਸਕ ਬਣ ਕੇ ਅਲੋਚਨਾਤਮਕ ਵਿਚਾਰਾਂ ਰਾਹੀ ਸੇਧ ਦਿੱਤੀ ਜਾਵੇ ਪਰ ਅਫ਼ਸੋਸ ਅਜੋਕੇ ਸਮੇਂ 'ਚ ਪੁਰਾਣੇ ਸਿਰਮੌਰ ਲੇਖਕ ਨਵੀਆਂ ਕਲਮਾਂ ਦੇ ਲੇਖਕਾ ਨੂੰ ਆਪਣੇ ਅਕਸ ਦੇ ਵਿਰੋਧੀ ਲੇਖਕ (ਕੰਪੀਟੀਟਰ) ਸਮਝਣ ਲੱਗ ਪੈਂਦੇ ਹਨ ।
ਇਕ ਛੋਟੀ ਜਿਹੀ ਉਦਾਹਰਨ ਦੇ ਤੌਰ 'ਤੇ ਨਿੱਕੀ ਉਮਰੇ ਜੱਦੋ ਸਕੂਲ 'ਚੋਂ ਅਧਿਆਪਕ ਵੱਲੋਂ ਚੰਗੇ ਨੰਬਰ ਪ੍ਰਾਪਤ ਹੋਣੇ 'ਤੇ ਗੁੱਡ ਜਾਂ ਸਟਾਰ ਮਿਲਣਾ ਤਾਂ ਇਕ ਵੱਖਰੀ ਖੁਸ਼ੀਆਂ ਦੀ ਦੁਨੀਆ 'ਚ ਉੱਚੀਆਂ ਉਡਾਣਾਂ ਜਿਹਾ ਪ੍ਰਤੀਤ ਹੁੰਦਾ ਸੀ 'ਤੇ ਅਗਾਂਹ 'ਚ ਹੋਰ ਵੀ ਵਧੀਆ ਕਾਰਜ ਕਰਨ ਲਈ ਉਤਸ਼ਾਹਿਤ ਹੋ ਉੱਠਦਾ ਸੀ। ਹੁਣ ਆਪਣੇ ਇਸ ਲੇਖ ਰਾਹੀ ਉਸ ਸਿਰਮੌਰ ਕਵੀ ਲੇਖਕ ਨੂੰ ਪੁੱਛਣਾ ਚਾਹਾਂਗਾ ਕਿ ''ਕੀ ਉਸ ਬੱਚੇ 'ਚ ਕੋਈ ਹਉਂਮੈ ਆ ਗਈ ਹੈ?” ਮੈਂ ਇਕ ਹੋਰ ਸਵਾਲ ਵੀ ਪੁੱਛਣਾਂ ਚਾਹਾਂਗਾ ਕਿ ਕੋਈ ਵੀ ਚੰਗਾ ਕਾਰਜ ਕਰਨ ਉਪਰੰਤ ਉਸ ਕੀਤੇ ਕਾਰਜ ਨੂੰ ਸੋਸ਼ਲ ਸਾਈਟਸ ਜਾਂ ਮੀਡੀਏ ਰਾਹੀ ਕਿਉਂ ਜਗ ਜ਼ਾਹਿਰ ਕੀਤਾ ਜਾਂਦਾ ਹੈ? ਇਸ ਦਾ ਜੁਆਬ ਤਾਂ ਹਰ ਪਾਠਕ ਵੀਰ ਵੀ ਜਾਣਦੇ ਹੀ ਹੋਣਗੇ। ਕੁੱਝ ਵੀ ਚੰਗਾ ਕਰ ਕੇ ਸਨਮਾਨਿਤ ਹੋਣਾ ਵੀ ਇਕ ਨਵੇਂ ਹੋਰ ਚੰਗੇ ਕਾਰਜ ਨੂੰ ਕਰਨ ਲਈ ਜਨਮ ਅਤੇ ਹੌਸਲੇ ਨੂੰ ਬੁਲੰਦੀਆਂ 'ਤੇ ਪਹੁੰਚਾਉਂਦਾ ਹੈ 'ਤੇ ਕਿਸੇ ਹੋਰ ਨਵੇਂ ਦੋਸਤਾਂ ਨੂੰ ਸਮਾਜ 'ਚ ਆਪਣੇ ਚੰਗੇ ਕਾਰਜਾਂ ਦੀ ਹੋਂਦ ਦੇ ਦਾਇਰੇ ਨੂੰ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਕਹਿ ਦੇਣਾ ਜੀ ਅੰਤ ਉਸ ਸਜਣ ਸਾਹਿਤਕਾਰ ਵੱਡੇ ਵੀਰ ਸਾਹਿਤ ਸਭਾ ਦੇ ਪ੍ਰਧਾਨ ਜੀ ਨੇ ਮੇਰੇ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਅਸਮਰਥ ਹੋ ਕੇ ਦਾਸ ਨੂੰ ਬਲੋਕ ਲਿਸਟ 'ਚ ਪਾ ਦਿੱਤਾ ਇਹ ਕਾਰਜ ਕਰ ਕੇ ਉਨ੍ਹਾਂ ਦੀ ਸੋਚ ਸ਼ਕਤੀ ਨੇ ਹੋਰ ਵਿਕਸਿਤ ਹੋ ਕੇ ਜਿੱਤ ਹਾਸਲ ਕਰ ਲਈ ਹੋਣੀ ਆ। ਪਰ ਮੈਨੂੰ ਉਨ੍ਹਾਂ ਵੱਲੋਂ ਨਿਭਾਇਆ ਗਿਆ ਇਹ ਕਾਰਜ ਦੁਬਿਧਾ 'ਚ ਪਾ ਗਿਆ
ਉਪਰੰਤ ਬੇਅੰਤ ਵੀਰਾਂ ਨਾਲ ਵਿਚਾਰਾਂ ਦੌਰਾਨ ਆਪਣੇ ਆਪ ਨੂੰ ਇਕ ਥਾਂ 'ਤੇ ਸਹੀ ਪਾ ਕੇ ਸਕੂਨ ਮਹਿਸੂਸ ਕੀਤਾ 'ਤੇ ਇਸ ਲੇਖ ਨੂੰ ਲਿਖਣ 'ਚ ਸੰਪੂਰਨ ਹੋ ਸਕਿਆ।
ਹੁਣ ਗੱਲ ਕਰਦੇ ਹਾਂ ਸਾਹਿਤ ਦੀ ਆਖ਼ਿਰ ਸਾਹਿਤ ਹੈ ਕੀ? ਵੈਸੇ ਨਜ਼ਰੀਏ ਵੱਖ-ਵੱਖ ਨੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਸੂਝ 'ਤੇ ਸੋਚ ਅਨੁਸਾਰ ਇਸ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰ ਕੇ ਸਾਹਿਤ ਦੀ ਵਿਆਖਿਆ ਕੀਤੀ ਹੈ ਪਰ ਜਿਨ੍ਹਾਂ ਕੁ ਦਾਸ ਜਾਣਦਾ ਹੈ ਆਪ ਜੀ ਨਾਲ ਜ਼ਰੂਰ ਸਾਂਝਾ ਕਰਾਂਗਾ। ਕਹਿੰਦੇ ਨੇ ਸਾਹਿਤ ਤਾਂ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿਤ ਹੀ ਸਮਾਜ 'ਚ ਵੱਡੇ ਪਰਿਵਰਤਨ ਲਿਆਉਣ ਦੀ ਸ਼ਕਤੀ ਰੱਖਦਾ ਹੈ ਜਿਵੇਂ ਨਾਟਕ, ਨਾਵਲ, ਕਵਿਤਾ, ਜੀਵਨੀਆਂ, ਸਵੈ-ਜੀਵਨੀਆਂ, ਨਿਬੰਧ, ਸਫ਼ਰਨਾਮਾ, ਲੇਖ, ਗ਼ਜ਼ਲਾਂ, ਚਿੱਤਰਕਾਰੀ ਅਤੇ ਹੋਰ ਬਹੁਤ ਸੇਧ ਦੇਣ ਵਾਲੇ ਗੁਰੂਆਂ, ਪੀਰਾਂ-ਪੈਗ਼ੰਬਰਾਂ ਦੇ ਵਿਚਾਰਾਂ ਰਾਹੀ ਜਾਂ ਗ਼ੁਲਾਮ ਦੇਸ਼ ਨੂੰ ਆਜ਼ਾਦੀ ਦਿਵਾਉਣ 'ਚ ਅਹਿਮ ਰੋਲ ਅਤੇ ਮਨੁੱਖੀ ਜੀਵਨ 'ਚ ਸਮਾਜਿਕ ਢੰਗ ਨਾਲ ਜਿਊਣ ਲਈ ਲਿਖੇ ਗਏ ਸ਼ਬਦ ਜਾਂ ਬੋਲੇ ਗਏ ਅਲਫਾਜਾਂ ਨੂੰ ਕੀਤਾ ਗਿਆ ਕਲਮਬੰਦ ਸਾਹਿਤ ਹੀ ਤਾਂ ਹੈ ਜੋ ਕਿ ਮਨੁੱਖੀ ਜੀਵਨ 'ਚ ਆ ਰਹੀਆਂ ਸਮੱਸਿਆਵਾਂ 'ਤੇ ਦੁਬਿਧਾਵਾਂ ਨਾਲ ਜੂਝਣ ਲਈ ਕੋਈ ਸਾਰਥਿਕ ਹੱਲ ਦਸ ਸੱਕੇ ਕੁੱਲ ਮਿਲਾ ਕਿ ਸਾਹਿਤ ਉਹ ਹੈ ਜੋ ਕਿ ਮਨੁੱਖ ਨੂੰ ਜ਼ਿੰਦਗੀ ਵਧੀਆ ਢੰਗ ਨਾਲ ਜਿਊਣਾ ਸਿਖਾਏ ਅਤੇ ਨਿਰੋਏ ਸਮਾਜ ਦੀ ਸਿਰਜਨਾ ਕਰ ਸਕੇ।
ਪਰ ਸਵਾਲ ਇਹ ਵੀ ਹੈ ਕਿ ਅਜੋਕੇ ਸਮੇਂ 'ਚ ਜੋ ਅਸ਼ਲੀਲਤਾ ਨਾਲ ਭਰੇ ਗੀਤ, ਲੇਖ, ਕਹਾਣੀਆਂ ਹਨ ਜਿਨ੍ਹਾਂ ਨੂੰ ਫ਼ਿਲਮਾਇਆ ਵੀ ਅਸ਼ਲੀਲ ਤਰੀਕਿਆਂ ਨਾਲ ਜਾਂਦਾ ਹੈ। ਫੋਕੀ ਸ਼ੁਹਰਤ ਪ੍ਰਾਪਤ ਕਰਨ ਲਈ ਕੀ ਉਹ ਵੀ ਸਾਹਿਤ ਹੈ? ਤਾਂ ਮੇਰਾ ਜੁਆਬ ਹੋਵੇਗਾ ਕਦੇ ਵੀ ਨਹੀਂ। ਇਕ ਹੋਰ ਵਿਚਾਰ ਵੀ ਕਰਨੀ ਚਾਹਾਂਗਾ ਧਾਰਮਿਕ ਗਤੀਵਿਧੀਆਂ ਜਾਂ ਇਤਿਹਾਸ ਨੂੰ ਵਹਿਸ਼ ਬਣਾ ਕੇ ਸਮਾਜ ਨੂੰ ਗ਼ਲਤ ਦਿਸ਼ਾ ਵੱਲ ਲੈ ਕੇ ਜਾਣ ਵਾਲਾ ਇੰਝ ਕਹਿ ਦੇਈਏ ਕਿ ਆਪਣੀ ਹੀ ਗੱਲ ਨੂੰ ਸਿੱਟੇ ਵਜੋਂ ਦਰੁਸਤ ਸਾਬਤ ਕਰਨਾ ਬਗੈਰ ਹੋਰ ਕਿਸੇ ਦੀ ਦਲੀਲ ਨੂੰ ਸੁਣੇ, ਜਿਸ ਨਾਲ ਮਨੁੱਖੀ ਜੀਵਨ ਦਾ ਘਾਣ ਹੁੰਦਾ ਹੋਵੇ ਉਹ ਕਦੇ ਵੀ ਸਾਹਿਤ ਦਾ ਰੂਪ ਨਹੀਂ ਹੋ ਸਕਦਾ ਇਕ ਲਫ਼ਜ਼ 'ਚ
ਉਸ ਨੂੰ ਅਪਰਾਧ ਦਾ ਦਰਜਾ ਜ਼ਰੂਰ ਦਿੱਤਾ ਜਾ ਸਕਦਾ ਹੈ ਜੋ ਕਿ ਕਾਨੂੰਨੀ ਤੌਰ 'ਤੇ ਅਪਰਾਧ ਵੀ ਹੈ ।
ਪਰ ਸਮਝ ਨਹੀਂ ਆਉਂਦਾ 18 ਸਾਲ ਤੋਂ ਉੱਪਰ ਉਮਰ ਲਿਖਣ ਵਾਲੇ ਇਹ ਕਾਨੂੰਨੀ ਅਧਿਕਾਰੀ ਹੀ ਕਿਉਂ ਉਨ੍ਹਾਂ ਗੈਰ ਸਾਹਿਤਿਕ ਕਿਤਾਬਾਂ ਅਤੇ ਫਿਲਮਾਏ ਜਾ ਰਹੇ ਦ੍ਰਿਸ਼ਾਂ 'ਤੇ ਸਖ਼ਤੀ ਨਹੀਂ ਵਰਤ ਰਹੇ। ਛੋਟੀ-ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਹੋ ਜਿਹੇ ਲੱਚਰਤਾ ਨਾਲ ਜੋੜ ਕੇ ਦੇਸ਼ ਦੇ ਉੱਜਵਲ ਭਵਿੱਖ ਨੂੰ ਹਨੇਰੇ 'ਚ ਡੋਬਿਆ ਜਾ ਰਿਹਾ ਹੈ।
ਲੋੜ ਹੈ ਆਉਣ ਵਾਲੀ ਪੀੜੀ ਨੂੰ ਇਹੋ ਜਿਹੇ ਜੀਵਨ ਵਿਚ ਸੁਚੱਜੀ ਸੇਧ ਵਾਲੇ ਸਾਹਿਤ ਨਾਲ ਜੋੜਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਜੀਵਨ ਤਾਂ ਅਨੰਦ ਪੂਰਵਕ ਬਤੀਤ ਹੋਵੇ ਨਾਲ ਦੀ ਨਾਲ ਸਮਾਜ ਦੇ ਸੇਵਾ 'ਚ ਅਹਿਮ ਰੋਲ ਅਦਾ ਕਰਨ ਇਸ ਤੋਂ ਇਲਾਵਾ ਦਾਸ ਬੇਨਤੀ ਕਰਦਾ ਹੈ ਉਨ੍ਹਾਂ ਲੇਖਕ, ਕਵੀ 'ਤੇ ਹੋਰ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਕਿ ਵਿਚਾਰਾਂ ਨੂੰ ਵਿਵਾਦ ਬਣਾ ਕਿ ਕੋਈ ਲੜਾਈ ਦਾ ਮੁੱਦਾ ਨਾ ਬਣਾਇਆ ਜਾਵੇ ਅਤੇ ਆਪਣੀ ਆਤਮਿਕ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ। ਖ਼ਾਸਕਰ ਪੁਰਾਣੇ ਸਤਿਕਾਰ ਯੋਗ ਲੇਖਕ ਸਾਹਿਬਾਨ ਅਜੋਕੇ ਨਵੀਂ ਪੀੜੀ ਵਾਲੇ ਲੇਖਕ ਵੀਰਾਂ ਨੂੰ ਆਪਣੇ ਵਿਰੋਧੀ ਲੇਖਕ ਨਾ ਸਮਝ ਕੇ ਉਨ੍ਹਾਂ ਨਵੀਨ ਕਲਮਾਂ ਨੂੰ ਨਵੀਂ ਦਿਸ਼ਾ ਦੇਣ 'ਚ ਆਪਣੇ ਕੀਮਤੀ ਵਿਚਾਰਾਂ ਰਾਹੀ ਸੇਧ ਦੇਣ ਦਾ ਯਤਨ ਕਰਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਆਖ਼ਿਰ 'ਚ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ
ਫੋਨ- 09914062205
ਸਿੱਖ ਕੌਮ ਆਖ਼ਰ ਕਿਉਂ ਦਿਨ-ਪਰ-ਦਿਨ ਨਿਘਾਰਤਾ ਵਲ ਜਾਂਦੀ ਜਾ ਰਹੀ ਹੈ?
NEXT STORY