ਬੇਸ਼ਕ ਅੱਜ ਦਾ ਸਮਾਂ ਇਲੈਕਟ੍ਰਾਨਿਕ ਮੀਡੀਆ ਦਾ ਦੌਰ ਅਖਵਾਉਂਦਾ ਹੈ।ਪਰ ਦੁਖਾਂਤ ਵਾਲੀ ਗਲ੍ਹ ਇਹ ਹੈ ਕਿ ਭਾਰੀ ਗਿਣਤੀ ਵਿਚ ਨਿਊਜ਼ ਚੈਨਲਜ਼ ਹੋਣ ਦੇ ਬਾਵਜੂਦ ,ਜਨਤਾ ਦੀ ਅਸਲ ਜ਼ਿੰਦਗੀ ਨਾਲ ਜੁੜੀਆਂ ਖਬਰਾਂ ਅਤੇ ਸਮਸਿਆਵਾਂ ਨਾਲ ਸੰਬੰਧਤ ਸਮਾਚਾਰ ਵਧੇਰੇ ਨਿਊਜ਼ ਚੈਨਲਾਂ ਦੇ ਕੈਨਵਸ ਤੋਂ ਗਾਇਬ ਦਿਖਾਈ ਦਿੰਦੇ ਹਨ, ਜਾਂ ਇੰਝ ਕਹਿ ਲਵੋ ਕਿ ਮੀਡੀਆ ਵਿਸ਼ੇਸ਼ ਕਰਕੇ ਵਧੇਰੇ ਹਿੰਦੀ ਨਿਊਜ਼ ਚੈਨਲਜ਼ ਅਸਲੀ ਸਮਸਿਆਂਵਾਂ ਅਤੇ ਜ਼ਮੀਨੀ ਸਤ੍ਹਾ ਨਾਲ ਜੁੜੇ ਇਸ਼ੂਜ਼ ਜਾਂ ਮੁਦਿੱਆਂ ਨੂੰ ਜਾਣੇ-ਅਣਜਾਣੇ ਚ'ਅਖੌਂ ਪਰੋਖੇ ਕਰਨ ਵਾਲਾ ਰਵੱਈਆ ਅਪਣਾਉਂਦੇ ਨਜ਼ਰ ਆਉਂਦੇ ਹਨ।
ਇਸ ਚ' ਕੋਈ ਸ਼ੱਕ ਨਹੀਂ ਕਿ ਭਾਰਤ ਆਬਾਦੀ ਦੇ ਲਿਹਾਜ਼ ਨਾਲ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ ਅਤੇ ਖੇਤਰਫਲ ਪੱਖੋਂ ਸੰਸਾਰ ਚ' ਸੱਤਵੇਂ ਵੱਡੇ ਦੇਸ਼ ਦੇ ਰੂਪ ਵਿਚ ਆਉਂਦਾ ਹੈ,ਇਹੋ ਕਾਰਨ ਹੈ ਕਿ ਆਬਾਦੀ ਦੇ ਲਿਹਾਜ਼ ਨਾਲ ਅਸੀਂ ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਕਰਦੇ ਹਾਂ।
ਇਥੇ ਇਹ ਵੀ ਸਾਡੇ ਦੇਸ਼ ਦੀ ਵੰਨ-ਸੁਵੰਨਤਾ ਅਤੇ ਵਿਲਖਣਤਾ ਦਾ ਇਕ ਅਨਿਖੜਵਾਂ ਅੰਗ ਹੀ ਕਿਹਾ ਜਾ ਸਕਦਾ ਹੈ ਕਿ ਸਾਡੇ ਇਸ ਬਾਗ਼ ਰੂਪੀ ਦੇਸ਼ ਵਿਚ ਅਲਗ-ਅਲਗ ਧਰਮਾਂ ,ਜ਼ਾਤਾਂ , ਅਤੇ ਸਭਿਅਤਾਵਾਂ ਨਾਲ ਸੰਬੰਧਤ ਲੋਕ ਫੁਲਾਂ ਵਾਂਗ ਅਪਣੀਆਂ ਸੁਗੰਧਾਂ ਬਿਖੇਰਦੇ ਹਨ।ਜੇਕਰ ਉਪਰੋਕਤ ਹਾਲਾਤ ਅਤੇ ਵਾਤਾਵਰਣ ਨੂੰ ਵਾਚੀਏੇ ਤਾਂ ਸਾਡੇ ਦੇਸ਼ ਦੇ ਮੀਡੀਆ ਦੀ ਜ਼ਿਮੇਂਵਾਰੀ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਵਧੇਰੇ ਜਟਿਲ ਬਣ ਜਾਂਦੀ ਹੈ ਕਿਉਂਕਿ ਦੇਸ਼ ਵਿਚ ਵੱਖ-ਵੱਖ ਧਰਮਾਂ ਦੇ ਲੋਕੀ ਵਸਦੇ ਹਨ ਜਿਹਨ੍ਹਾਂ ਦੇ ਆਪੋ ਅਪਣੇ ਵੱਖੋ-ਵੱਖਰੇ ਰੀਤੀ –ਰਿਵਾਜਾਂ ਅਤੇ ਪੰ੍ਰਪਰਾਵਾਂ ਦੇ ਚਲਦਿਆਂ ਕਈ ਵਾਰ ਇਨੇ ਵੱਡੇ ਮੁਲਕ ਵਿਚ ਮੱਤਭੇਦਾਂ ਆ ਜਾਣਾ ਇੱਕ ਸੁਭਾਵਿਕ ਜਿਹੀ ਗਲ੍ਹ ਹੈ ਉਕਤ ਸਾਰੇ ਹਾਲਾਤ ਦੇ ਮੱਦੇ-ਨਜ਼ਰ ਮੀਡੀ ਦੀ ਇਹ ਇਕ ਅਹਿਮ ਅਤੇ ਭਾਰੀ ਜ਼ਿਮੇਂਵਾਰੀ ਬਣ ਜਾਂਦੀ ਹੈ ਕਿ ਉਹ ਭਾਵਨਾਵਾਂ ਦੇ ਬਹਾਉ ਵਿਚ ਨਾ ਆਉਂਦਿਆਂ ਇੱਕ ਸੰਤਿਲਤ ਅਤੇ ਨਿਰਪੱਖ ਰਿਪੋਰਟਿੰਗ ਕਰੇ।
ਪਰੰਤੂ ਅੱਜ ਜੇਕਰ ਅਸੀਂ ਵਿਸ਼ਲੇਸ਼ਣ ਕਰੀਏ ਤਾਂ ਸਾਡੇ ਬੇਸ਼ਤਰ ਨਿਊਜ਼ ਚੈਨਲਜ਼ ਇਸ ਉਕਤ ਜ਼ਿਮੇਂਵਾਰੀ ਤੋਂ ਨਾ ਸਿਰਫ ਭੱਜਦੇ ਵਿਖਾਈ ਦਿੰਦੇ ਹਨ ਸਗੋਂ ਇਸਦੇ ਉਲਟ ਭਾਵੁਕ ਮੁੱਦਿਆਂ ਤੇ ਬਹਿਸਾਂ ਕਰਵਾ ਕੇ ਕਿਤੇ ਨਾ ਕਿਤੇ ਦੇਸ਼ ਦੇ ਵੱਖ-ਵੱਖ ਧਰਮਾਂ ਅਤੇ ਸਮੂਦਾਵਾਂ ਦੇ ਵਿਚਕਾਰ ਨਫਰਤ ਦੀਆਂ ਦੀਵਾਰਾਂ ਖੜੀਆਂ ਕਰਨ ਦੇ ਨਾਲ-ਨਾਲ ਦੇਸ਼ ਨੂੰ ਪ੍ਰਭਾਵਿਤ ਕਰ ਰਹੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਂਦਿਆਂ ਅਵਾਮ ਨੂੰ ਗੁਮਰਾਹ ਕਰਦੇ ਨਜ਼ਰ ਆਉਂਦੇ ਹਨ।
ਜਿਵੇਂ ਕਿ ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਅੱਜ ਦੇਸ਼ ਨੂੰ ਬਹੁਤ ਸਾਰੀਆਂ ਅੰਦਰੂਨੀ ਅਤੇ ਬਾਹਰੀ ਮੁਸ਼ਕਿਲਾਂ ਦਰਪੇਸ਼ ਹਨ ਇਹਨਾਂ ਵਿਚ ਫਿਰਕਾਪ੍ਰਸਤੀ ,ਗ਼ਰੀਬੀ,ਬੇਰੁਜ਼ਗਾਰੀ,ਮਹਿੰਗਾਈ,
ਅੰਧ-ਵਿਸ਼ਵਾਸ,ਵਿਦਿਅਕ ਤੋਰ ਤੇ ਪਛੜਾਪਨ,ਸਾਫ ਪਾਣੀ ਨਹੀਂ ਮਿਲਣਾ ,ਬੱਚਿਆਂ ਚ' ਕੁਪੋਸ਼ਨ ,ਇਸ ਤੋਂ ਇਲਾਵਾ ਗੁਆਢੀ ਦੇਸ਼ਾਂ ਨਾਲ ਵੱਖ-ਵੱਖ ਸਮਿਆਂ ਦੋਰਾਨ ਪੇਸ਼ ਆਉਂਦੇ ਪੈਚੀਦਾ ਮਸਾਇਲ ਆਦਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰੰਤੂ ਇੱਥੇ ਦਖਾਂਤ ਇਹ ਹੈ ਕਿ ਉਕਤ ਗੰਭੀਰ ਮੁੱਦੇ ਅਤੇ ਸਮਸਿਆਵਾਂ ਤੇ' ਅਕਸਰ ਨਿਊਜ਼ ਚੈਨਲ ਅਪਣੇ ਪਰਾਇਮ ਟਾਈਮ ਦੋਰਾਨ ਸਾਕਾਰਤਮਕ ਨਿਊਜ਼ ਦੀ ਪੇਸ਼ਕਾਰੀ ਜਾਂ ਚਰਚਾ ਕਰਾਉਂਣ ਤੋਂ ਪਤਾ ਨਹੀਂ ਕਿਉਂ ਕਤਰਾਉਂਦੇ ਜਾਂ ਗੁਰੇਜ਼ ਕਰਦੇ ਨਜ਼ਰ ਆਉਂਦੇ ਹਨ ।ਹਾਲਾਂਕਿ ਅਜੋਕੇ ਸਮੇਂ ਵਿਚ ਮੀਡੀਆ ਦੀ ਇਹ ਅਹਿਮ ਜ਼ਿਮੇਂਵਾਰੀ ਬਣਦੀ ਹੈ ਕਿ ਇਹਨਾਂ ਉਕਤ ਭਖਦੇ ਮਸਲਿਆਂ ਤੇ ਸਾਕਾਰਤਮਕ ਰੂਪ ਵਿਚ ਬਹਿਸ ਕਰਵਾ ਕੇ ਸਰਕਾਰ ਦਾ ਧਿਆਨ ਇਹਨਾਂ ਦੇ ਹਲ ਵਲ੍ਹ ਦਿਵਾਏ ਅਤੇ ਨਾਲ ਹੀ ਸਰਕਾਰ ਵਲੋਂ ਸਮੇਂ ਸਮੇਂ ਤੇ' ਸ਼ੁਰੂ ਕੀਤੀਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਅਤੇ ਯੋਜਨਾਵਾਂ ਸੰਬੰਧੀ ਦੇਸ਼ ਦੀ ਜਨਤਾ ਨੂੰ ਜਾਣੂ ਕਰਵਾਏ,ਤਾਂਕਿ ਲੋਕੀ ਇਹਨਾਂ ਸਰਕਾਰੀ ਸਕੀਮਾਂ ਦਾ ਅਪਣੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਲਈ ਭਰਪੂਰ ਲਾਭ ਉਠਾ ਸਕਣ।
ਪਰੰਤੂ ਇਸ ਦੇ ਉਲਟ ਜੇਕਰ ਅੱਜ ਕਲ੍ਹ ਟੀ.ਵੀ ਤੇ ਹੋਣ ਵਾਲੇ ਵਾਦ-ਵਿਵਾਦ ਦੀ ਗਲ੍ਹ ਕਰੀਏ ,ਤਾਂ ਇਹਨ੍ਹਾਂ ਬਹਿਸਾਂ ਤੋਂ ਸਿਵਾਏ ਦੇਸ਼ ਦੇ ਵੱਖ-ਵੱਖ ਸਮੂਦਾਇਆਂ ਵਿਚ ਨਫਰਤ ਪੈਦਾ ਕਰਨ ਤੋਂ ਕੁੱਝ ਵੀ ਨਿਕਲ ਕੇ ਸਾਹਮਣੇ ਨਹੀਂ ਆਉਂਦਾ,ਸਗੋਂ ਇਹਨ੍ਹਾਂ ਮੁਬਾਹਿਸਿਆਂ ਤੋਂ ਉਪਰੰਤ ਦੇਸ਼ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਤਨਾਅ ਪੈਦਾ ਹੁੰਦਾ ਹੈ ਅਤੇ ਦੇਸ਼ ਚ' ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖਦਸ਼ਾ ਬਣਿਆਂ ਰਹਿੰਦਾ ਹੈ।
ਅਸੀਂ ਇਹ ਵੀ ਸਮਝਦੇ ਹਾਂ ਕਿ ਜਿਥੇ ਰਾਸ਼ਟਰ ਦੇ ਵਿਕਾਸ ਵਿਚ ਨਿਰਪੱਖ ਅਤੇ ਸਾਕਾਰਾਤਮਕ ਸੋਚ ਰੱਖਣ ਵਾਲੇ ਮੀਡੀਏ ਦਾ ਅਹਿਮ ਯੋਗਦਾਨ ਹੁੰਂਦਾ ਹੈ,ਉਥੇ ਹੀ ਕਾਬਿਲ ਅਤੇ ਦੂਰ-ਅੰਦੇਸ਼ੀ ਰਖਣ ਵਾਲੀ ਯੋਗ ਲੀਡਰਸ਼ਿਪ ਵੀ ਇਸ ਸੰਦਰਭ ਵਿਚ ਅਪਣਾ ਖਾਸ ਅਤੇ ਮਹਤਵਪੂਰਣ ਰੋਲ ਅਦਾ ਕਰਦੀ ਹੈ।
ਜੇਕਰ ਅੱਜ ਅਪਣੇ ਵਧੇਰੇ ਨਿਊਜ਼ ਚੇਨਲਜ਼ ਦੀ ਗਲ ਕਰੀਏ ਤਾਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਚੈਨਲ ਅਪਣੇ ਫਰਜ਼ਾਂ ਅਤੇ ਕਰਤਵਿਆਂ ਨੂੰ ਇਕ ਦਮ ਭੁਲਾਅ ਚੁੱਕੇ ਹੋਣ। ਅੱਜ ਹਾਲਾਤ ਇਹ ਹਨ ਕਿ ਜੇ ਕਰ ਤੁਸੀਂ ਖਬਰਾਂ ਸੁਨਣ ਲਈ ਬੈਠੇ ਹੋ ਤੇ' ਰਿਮੋਟ ਤੁਹਾਡੇ ਹੱਥ ਵਿਚ ਹੈ ਤਾਂ ਅਕਸਰ ਅਜਿਹਾ ਹੁੰਦਾ ਹੈ ਕਿ ਤਸੀਂ ਚੈਨਲ ਬਦਲਦੇ-ਬਦਲਦੇ ਥੱਕ ਜਾਂਦੇ ਹੋ,ਪਰ ਤਹਾਨੂੰ ਸ਼ਾਇਦ ਹੀ ਕੋਈ ਇੱਕ ਅੱਧਾ ਚੈਨਲ ਸਬੱਬ ਨਾਲ ਅਜਿਹਾ ਮਿਲੇ ਜਿਸ ਤੇ' ਕੋਈ ਮਿਆਰੀ ਜਾਂ ਢੰਗ ਦੀ ਖਬਰ ਪ੍ਰਸਾਰਿਤ ਹੋ ਰਹੀ ਹੋਵੇ। ਬਾਕੀ ਚੈਨਲਜ਼ ਤੇ ਕੀ ਕੁੱਝ ਨਸ਼ਰ ਹੋ ਰਿਹਾ ਹੁੰਦਾ ਹੈ ਮੈਂ ਸਮਝਦਾ ਉਸਦੇ ਬਿਆਨ ਕਰਨ ਲਈ ਇਕ ਹੋਰ ਲੇਖ ਲਿਖਣਾ ਦਰਕਾਰ ਹੋਵੇਗਾ{
ਅਕਸਰ ਵੇਖਣ ਚ ਆਇਆ ਹੈ ਕਿ ਸਵੇਰ ਦੇ ਸਮੇਂ ਜੇਕਰ ਅਸੀਂ ਖਬਰਾਂ ਸੁਨਣ ਦੇ ਉਦੇਸ਼ ਨਾਲ ਬੈਠਿਏ ਤਾਂ ਵੱਖ-੨ ਨਿਊਜ਼ ਚੈਨਲਾਂ,ਤੇ ਖਬਰਾਂ ਘੱਟ,ਇਸ ਦੇ ਉਲਟ ਭਵਿਖ ਦੱਸਣ ਵਾਲੇ ਉਹ ਬਾਬੇ ਜ਼ਿਆਦਾ ਦਿਖਾਈ ਦਿੰਦੇ ਹਨ ,ਜਿਨ੍ਹਾਂ ਨੂੰ ਅਪਣੇ ਕੱਲ੍ਹ ਤੱਕ ਦਾ ਪਤਾ ਨਹੀਂ ਹੁੰਦਾ ।ਇਥੇ ਦੁੱਖਾਂਤ ਇਹ ਹੈ ਕਿ ਇਕ ਪਾਸੇ ਤਾਂ ਅਸੀਂ ਦੇਸ਼ ਨੂੰ ਡਿਜੀਟਲ ਬਨਾਉਣ ਲਈ ਏੜੀ-ਚੋਟੀ ਦਾ ਜ਼ੋਰ ਲਗਾ ਰਹੇ ਹਾਂ ਅਤੇ ਸਪੇਸ ਚ' ਸਮੇਂ-੨ ਤੇ ਉਪ-ਗ੍ਰਹਿ ਭੇਜ ਰਹੇ ਹਾਂ ਅਤੇ ਦੂਜੇ ਪਾਸੇ ਇਹਨ੍ਹਾਂ ਪ੍ਰਸਾਰਣਾ ਰਾਹੀਂ ਇਕ ਪ੍ਰਕਾਰ ਅਸੀਂ ਅਖੋਤੀ ਬਾਬਾਵਾਦ ਪ੍ਰਚਾਰ ਕਰਦੇ ਮਹਿਸੂਸ ਹੁੰਦੇ ਹਾਂ ਨਾਲ ਹੀ ਦੇਸ਼ ਦੇ ਭੋਲੇ–ਭਾਲੇ ਲੋਕਾਂ ਨੂੰ ਵਹਿਮਾਂ –ਭਰਮਾਂ ਅਤੇ ਅੰਧ-ਵਿਸ਼ਵਾਸ਼ ਦੀ ਦਲਦਲ ਚ' ਧੁਸਾਉਂਦੇ ਨਜ਼ਰ ਆਉਂਦੇ ਹਾਂ।
ਇਸੇ ਪ੍ਰਕਾਰ ਜੇਕਰ ਤੁਸੀਂ ਕਿਤੇ ਦੁਪਹਿਰ ਸਮੇਂ ਭੁਲੇਖੇ ਨਾਲ ਖਬਰਾਂ ਵੇਖਣ ਲਈ ਟੀ.ਵੀ.ਦਾ ਸਵਿਚ ਆਨ ਕਰੋਂ ਤਾਂ ਵਧੇਰੇ ਨਿਊਜ਼ ਚੈਨਲਾਂ ਉੱਪਰ ਖਬਰਾਂ ਦੀ ਥਾਂ ਤੇ ਸੱਸ,ਬਹੂਆਂ ਦੇ ਵੱਖ-ਵੱਖਸੀਰੀਅਲਾਂ ਦੇ ਚਟ-ਪਟੇ ਕਿੱਸੇ ਕਹਾਣੀਆਂ ਜਾਂ ਮਜ਼ਾਹੀਆ(ਕਾਮੇਡੀ ਪ੍ਰੋਗਰਾਮਾ ) ਪ੍ਰਸਾਰਣਾ ਦਾ ਦੁਹਰਾ ਵੇਖਣ ਨੂੰ ਮਿਲਦਾ ਹੈ।ਭਲਾ ਬੇ-ਰੁਜ਼ਗਾਰ ,ਭੁਖੇ ਅਤੇ ਗਰੀਬੀ ਦੀ ਚੱਕੀ ਚ ਪਿਸ ਰਹੇ ਲੋਕਾਂ ਨੂੰ ਇਹਨ੍ਹਾਂ ਸੱਸਾਂ-ਬਹੂਆਂ ਦੇ ਫਰਜ਼ੀ ਸੀਰੀਅਲਾਂ ਤੋਂ ਕੀ ਲਾਭ ਹੋ ਸਕਦਾ ਹੈ।
ਇਸੇ ਪਰਕਾਰ ਜੇ ਕਰ ਤੁਸੀਂ ਰਾਤ ਨੂੰ ਖਬਰਾਂ ਵੇਖਣ ਦੇ ਇਰਾਦੇ ਨਾਲ ਟੀ.ਵੀ ਚਲਾਉਂਦੇ ਹੋ ਤਾਂ ਤਹਾਨੂੰ ਬੇਸ਼ਤਰ ਨਿਊਜ਼ ਚੈਨਲਾਂ ਤੇ ਮਿਆਰੀ ਖਬਰਾਂ ਦੀ ਥਾਂ ਤੇ ਕਿਸੇ ਧਾਰਮਿਕ ਮੁੱਦੇ ਤੇ ਗਰਮਾਂ-ਗਰਮ ਬਹਿਸ ਵੇਖਣ ਨੂੰ ਮਿਲੇਗੀ।ਬਹਿਸ ਵਿਚ ਸ਼ਾਮਿਲ ਪੈਨਲ ਦੇ ਲੋਕਾਂ ਦੀ ਭਾਸ਼ਾ ਇਨ੍ਹੀ ਬਾਜ਼ਾਰੂ ਹੁੰਦੀ ਹੈ ਕਿ ਉਸਨੂੰ ਇਕ ਸੱਭਿਅਕ ਸਮਾਜ ਕਦੀ ਬਰਦਾਸ਼ਤ ਨਹੀਂ ਕਰ ਸਕਦਾ,ਇਹਨ੍ਹਾਂ ਬਹਿਸਾਂ ਵਿਚ ਜੁੜੇ ਵੱਖ-ਵੱਖ ਲੋਕਾਂ ਦਾ ਇਕੋ ਇਕ ਉਦੇਸ਼ ਅਪਣੀ ਮੁਖਾਲਿਫ ਧਿਰ ਨੂੰ ਅਪਮਾਣਿਤ ਕਰਨਾ ਜਾਪਦਾ ਹੁੰਦਾ ਹੈ ,ਇਸ ਬਹਸਿ ਦੋਰਾਨ ਸਾਰੇ ਵਕਤਾਵਾਂ ਦੁਆਰਾ ਇਨ੍ਹਾ ਸ਼ੋਰ-ਉ-ਗੁਲ ਅਤੇ ਰੋਲਾ-ਰੱਪਾ ਪਾਇਆ ਜਾਂਦਾ ਹੈ ਕਿ ਕਨੀਂ ਪਈ ਅਵਾਜ਼ ਸੁਣਾਈ ਨਹੀਂ ਦਿੰਦੀ ਅਤੇ ਦਰਸ਼ਕ ਮਾਯੂਸ ਹੋ ਕੇ ਟੀ,ਵੀ ਬੰਦ ਕਰਨ ਚ' ਹੀ ਅਪਣੀ ਖੈਰ ਸਮਝਦਾ ਹੈ।
ਹਕੀਕਤ ਤਾਂ ਇਹ ਹੈ ਕਿ ਇਹਨ੍ਹਾਂ ਨਿਊਜ਼ ਚੈਨਲਜ਼ ਦੀਆਂ ਫਜ਼ੂਲ ਅਤੇ ਫਰਜ਼ੀ ਕਿਸਮ ਦੀਆਂ ਬਹਿਸਾਂ ਤੋਂ ਅੱਜ ਜਨਤਾ ਅੱਕ ਅਤੇ ਥੱਕ ਚੁੱਕੀ ਹੈ।
ਗਲ੍ਹ ਵਿਚਾਰਨ ਯੋਗ ਇਹ ਹੈ ਕਿ ਜਿਹਨ੍ਹਾਂ ਅਰਥਹੀਨ ਮੁਦਿੱਆ ਤੇ ਉਕਤ ਬਹਿਸਾਂ ਦਾ ਆਯੋਜਨ ਕਰਵਾਇਆ ਜਾਂਦਾ ਹੈ ,ਉਹ ਮੁੱਦੇ ਅਕਸਰ ਅੰਗਰੇਜ਼ੀ ਦੇ ਨਿਊਜ਼ ਚੈਨਲਾਂ ਦੇ ਕੈਨਵਸ ਤੋਂ ਅਕਸਰ ਗ਼ਾਇਬ ਹੁੰਦੇ ਹਨ ,ਇਸ ਤੋਂ ਇਹ ਗਲ੍ਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਧੇਰੇ ਹਿੰਦੀ ਨਿਊਜ਼ ਚੈਨਲਜ਼ ਅਤੇ ਅੰਗਰੇਜ਼ੀ ਨਿਊਜ਼ ਚੈਨਲਜ਼ ਦੀ ਸੋਚ-ਉ-ਫਿਕਰ ਵਿੱਚ ਬਹੁਤ ਜ਼ਿਆਦਾ ਫਰਕ ਹੈ ।ਜੇਕਰ ਇਹ ਕਹੀਏ ਕਿ ਅੱਜ ਦੇ ਵਧੇਰੇ ਨਿਊਜ਼ ਚੈਨਲਜ਼ ਦਰਸ਼ਕਾਂ ਦੀ ਨਜ਼ਰ ਚ' ਅਪਣੀ ਭਰੋਸੇਯੋਗਤਾ ਅਤੇ ਵਿਸ਼ਵਾਸ਼ ਗੁਆ ਰਹੇ ਹਨ ਤਾਂ ਇਸ ਵਿਚ ਕੋਈ ਅਤਕਥਨੀ ਨਹੀ ਹੋਵੇਗੀ।
ਇਹੋ ਕਾਰਨ ਹੈ ਕਿ ਵਧੇਰੇ ਲੋਕ ਵਿਸ਼ੇਸ਼ ਕਰਕੇ ਬੁੱਧੀ ਜੀਵੀ ਵਰਗ ਅੱਜ ਕਲ੍ਹ ਅਜਿਹੇ ਅਖੋਤੀ ਨਿਊਜ਼ ਚੈਨਲਜ਼ ਤੋਂ ਤੰਗ ਆ ਚੁੱਕੇ ਹਨ ਅਤੇ ਖਬਰਾਂ ਦੀ ਭਾਲ ਚ ਇਕ ਵਾਰ ਫਿਰ ਪ੍ਰਿੰਟ ਮੀਡੀਆ ਭਾਵ ਅਖਬਾਰਾਂ ਅਤੇ ਜਰਨਲਜ਼ ਦਾ ਰੁੱਖ ਕਰਨ ਲੱਗੇ ਹਨ ।ਇਸ ਵਿਚ ਵੀ ਕੋਈ ਸ਼ਕ ਨਹੀਂ ਕਿ ਅਕਾਸ਼ਵਾਣੀ ਤੇ ਦੂਜੇ ਦੇਸ਼ਾਂ ਤੋਂ ਪ੍ਰਸਾਰਿਤ ਹੁੰਦੇ ਰੇਡੀ ਸਟੇਸ਼ਨਾਂ ਨੇ ਹਾਲਿ ਤੱਕ ਅਪਣੀ ਨਸ਼ਰੀਆਤ ਦਾ ਮਿਆਰ ਡਿੱਗਣ ਨਹੀ ਦਿਤੱਾ ਅਤੇ ਅਪਣੀ ਅਮੀਰ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਸੰਜੀਦਾ ਅਤੇ ਜਾਣਕਾਰੀ ਭਰਪੂਰ ਪੁਖਤਾ ਪ੍ਰੋਗਰਾਮ ਪੇਸ਼ ਕਰਦੇ ਹਨ ਇਹੋ ਕਾਰਨ ਹੈ ਕਿ ਬਹੁਤੇ ਤਰੱਕੀ-ਯਾਫਤਾ ਮੁਲਕਾਂ ਦੇ ਲੋਕੀ ਅਜ ਵੀ ਰੇਡੀਉ ਪਰਸਾਰਣਾ ਸੁਨਣਾ ਵਧੇਰੇ ਪਸੰਦ ਕਰਦੇ ਹਨ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਉਕਤ ਕਿਸਮ ਦੇ ਚੈਨਲਾਂ ਨੇ ਅਪਣਾ ਲੋਕਾਂ ਵਿਚ ਖੋਇਆ ਹੋਇਆ ਵਿਸ਼ਵਾਸ਼ ਅਤੇ ਭਰੋਸੇਯੋਗਤਾ ਦੋਬਾਰਾ ਤੋਂ ਬਹਾਲ ਕਰਨੀ ਹੈ ਤਾਂ ਉਹਨ੍ਹਾਂ ਨੂੰ ਅਪਣੇ ਪ੍ਰਸਾਰਣਾ ਨੂੰ ਵਧੇਰੇ ਨਿਰਪੱਖ ਅਤੇ ਮਿਆਰੀ ਬਨਾਉਣਾ ਪਵੇਗਾ ਅਤੇ ਮੌਜੂਦਾ ਰੱਵੀਏ ਵਿਚ ਸਾਕਾਰਤਮਕ ਤਬਦੀਲੀ ਲਿਆਉਣੀ ਪਵੇਗੀ ,ਭਾਵ ਲੋਕਾਂ ਸਾਹਮਣੇ ਦੇਸ਼ ਦੇ ਮਸਾਇਲ ਦੀ ਹਕੀਕੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਅਪਣੇ ਪ੍ਰਸਾਰਣਾ ਵਿਚ ਪਹਿਲ ਦੇ ਆਧਾਰ ਤੇ ਥਾਂ ਦੇਣੀ ਪਵੇਗੀ।ਇਸੇ ਵਿਚੱ ਦੇਸ਼ ਦੀ ਅਤੇ ਅਵਾਮ ਦੀ ਤੱਰਕੀ ਦਾ ਰਾਜ਼ ਛੁਪਿਆ ਹੋਇਆ ਹੈ।
ਮੁਹਮੱਦ ਅੱਬਾਸ ਧਾਲੀਵਾਲ,
ਮਲੇਰ ਕੋਟਲਾ,ਫੋਨ 9855259650
ਕਾਲਾ ਅੱਖਰ ਭੈਂਸ ਬਰਾਬਰ
NEXT STORY